ਹਰਿੰਦਰ ਨਿੱਕਾ , ਬਰਨਾਲਾ 12 ਦਸੰਬਰ 2022
ਧੌਲਾ-ਹੰਡਿਆਇਆ ਲਿੰਕ ਰੋਡ ਤੇ ਇੱਕ ਕਿਸਾਨ ਦੇ ਖੇਤ ‘ਚ ਹੋ ਰਹੀ ਕਥਿਤ ਮਾਈਨਿੰਗ ਦੀ ਜਾਂਚ ਕਰਨ ਪਹੁੰਚਿਆ ਮਾਈਨਿੰਗ ਐਂਡ ਡਰੇਨਜ਼ ਵਿਭਾਗ ਦਾ ਐਸ.ਡੀ.ੳ. ਤੇ ਉਸ ਦਹ ਹੋਰ ਸਟਾਫ ਨੂੰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਕੇ ਘੇਰ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਬੀ.ਕੇ.ਯੂ ਡਕੌਦਾ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਮਾਈਨਿੰਗ ਮਹਿਕਮੇ ਦੇ ਖਿਲਾਫ ਜੋਰਦਾਰ ਨਾਰੇਬਾਜੀ ਵੀ ਕੀਤੀ। ਐਸ.ਡੀ.ੳ. ਬਲਜੀਤ ਸਿੰਘ ਦੇ ਅਨੁਸਾਰ ਉਸ ਨੇ, ਪੁਲਿਸ ਅਤੇ ਐਸ.ਡੀ.ਐਮ. ਬਰਨਾਲਾ ਨੂੰ ਉਨ੍ਹਾਂ ਨੇ ਘਿਰਾਉ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ, ਪਰੰਤੂ ਉੱਥੇ ਕੋਈ ਵੀ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਧੌਲਾ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਬੀ.ਕੇ.ਯੂ ਡਕੌਦਾ ਦੇ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਇੱਥੇ ਕੋਈ ਮਾਈਨਿੰਗ ਨਹੀਂ ਹੋ ਰਹੀ, ਸਿਰਫ ਕਿਸਾਨ ਸੁਖਮਿੰਦਰ ਸਿੰਘ ਆਪਣੇ ਖੇਤ ਵਿੱਚ ਟਿੱਬਿਆਂ ਨੂੰ ਪੱਧਰ ਕਰਕੇ, ਵਾਹੀਯੋਗ ਜਮੀਨ ਕਰ ਰਿਹਾ ਸੀ। ਪਰੰਤੂ ਮਾਈਨਿੰਗ ਦੇ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਉਨਾਂ ਨੂੰ ਫੋਨ ਕਰਕੇ, ਦਬਾਅ ਬਣਾ ਰਹੇ ਸੀ ਕਿ ਉਨ੍ਹਾਂ ਕੋਲ ਕਿਸੇ ਵਿਅਕਤੀ ਨੇ ਸ਼ਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਤੇ ਮਾਈਨਿੰਗ ਮਹਿਕਮੇ ਦੇ ਅਧਿਕਾਰੀ ਆਪਣੇ ਖੇਤਾਂ ਨੂੰ ਪੱਧਰ ਕਰ ਰਹੇ ਕਿਸਾਨਾਂ ਨੂੰ ਚੈਕਿੰਗ ਦੇ ਨਾਂ ਤੇ ਤੰਗ ਪ੍ਰੇਸ਼ਾਨ ਕਰਨਗੇ ਤਾਂ ਉਨਾਂ ਦਾ ਇਸੇ ਤਰਾਂ ਘਿਰਾਉ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬੰਦੀ ਨਹੀਂ ਬਣਾਇਆ ਗਿਆ, ਸਗੋਂ ਸਿਰਫ ਰੋ ਪ੍ਰਦਰਸ਼ਨ ਕਰ ਲਈ ਘਿਰਾਉ ਹੀ ਕੀਤਾ ਗਿਆ ਸੀ। ਇਸ ਮੌਕੇ ਐਸ.ਡੀ.ੳ. ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਸ਼ਕਾਇਤ ਦੇ ਅਧਾਰ ਤੇ ਜਾਂਚ ਲਈ ਪਹੁੰਚੇ ਸਨ, ਪਰੰਤੂ ਕਿਸਾਨਾਂ ਦੇ ਵਿਰੋਧ ਕਾਰਣ ਉਹ ਅੱਗੇ ਨਹੀਂ ਜਾ ਸਕੇ। ਉਨਾਂ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਕਿਸਾਨ ਆਪਣੇ ਖੇਤ ਨੂੰ ਪੱਧਰ ਕਰ ਰਿਹਾ ਸੀ, ਇੱਥੇ ਮੌਕੇ ਤੇ ਕੋਈ ਟ੍ਰੈਕਟਰ ਜਾਂ ਜੇ.ਸੀਬੀ ਆਦਿ ਨਹੀਂ ਮਿਲਿਆ ਨਾ ਹੀ ਕੋਈ ਮਾਈਨਿੰਗ ਹੋ ਰਹੀ ਸੀ। ਪ੍ਰਦਰਸ਼ਨਕਾਰੀਆਂ ਨੇ ਐਸ.ਡੀ.ੳ. ਤੋਂ ਰਿਪੋਰਟ ਦੀ ਕਾਪੀ ਲੈ ਕੇ ਹੀ, ਉੱਥੋਂ ਜਾਣ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅੱਜ ਦੀ ਕਾਰਵਾਈ ਨੂੰ ਆਪਣੀ ਜਿੱਤ ਦੱਸਿਆ। ਇਸ ਮੌਕੇ ਕਿਸਾਨ ਆਗੂ ਮੇਜਰ ਸਿੰਘ, ਨਿਰਮਲ ਸਿੰਘ, ਰੂਪ ਸਿੰਘ, ਬਲਵੀਰ ਸਿੰਘ, ਮੇਜਰ ਸਿੰਘ ਧੌਲਾ, ਜਸਵੰਤ ਸਿੰਘ, ਜਸਵਿੰਦਰ ਸਿੰਘ, ਦੇਬੂ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ , ਬੁੱਗਰ ਸਿੰਘ, ਗਾਮਾ ਸਿੰਘ, ਰੋਡਾ ਸਿੰਘ, ਭੋਲਾ ਰਾਮ, ਮਲਕੀਤ ਸਿੰਘ, ਮਨਜੀਤ ਸਿੰਘ ਆਦਿ ਹੋਰ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ।