ਰਹਿੰਦੇ 2 ਵਿਅਕਤੀਆਂ ਨੂੰ ਘਰ ਭੇਜਣ ਦੀ ਵੀ ਤਿਆਰੀ
ਡਿਪਟੀ ਕਮਿਸ਼ਨਰ ਨੇ ਸਿਹਤਯਾਬ ਹੋਣ ਵਾਲਿਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਅਜੇ ਵੀ ਸਾਨੂੰ ਪੂਰਾ ਸੁਚੇਤ ਰਹਿਣ ਦੀ ਲੋੜ: ਤੇਜ ਪ੍ਰਤਾਪ ਸਿੰਘ ਫੂਲਕਾ
ਸੋਨੀ ਪਨੇਸਰ ਬਰਨਾਲਾ, 16 ਮਈ 2020
ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਬਰਨਾਲਾ ਜ਼ਿਲ੍ਹੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ, ਜਦੋਂ ਜ਼ਿਲ੍ਹੇ ਦੇ 17 ਵਿਅਕਤੀਆਂ ਨੇ ਕੋਵਿਡ-19 ਨੂੰ ਮਾਤ ਦੇ ਦਿੱਤੀ ਹੈ। ਇਨ੍ਹਾਂ 17 ਵਿਅਕਤੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਹਾਜ਼ਰੀ ਵਿਚ ਪੱਤੀ ਸੋਹਲ ਆਈਸੋਲੇਸ਼ਨ ਸੈਂਟਰ ’ਚੋਂ ਘਰਾਂ ਨੂੰ ਭੇਜ ਦਿੱਤਾ ਗਿਆ। ਸਿਵਲ ਸਰਜਨ ਬਰਨਾਲਾ ਅਨੁਸਾਰ ਐਕਟਿਵ ਕੇਸਾਂ ’ਚੋਂ ਰਹਿੰਦੇ 2 ਵਿਅਕਤਆਂ ਨੂੰ ਵੀ ਅੱਜ ਘਰ ਭੇਜਣ ਦੀ ਤਿਆਰੀ ਹੈ, ਇਸ ਤਰ੍ਹਾਂ ਜ਼ਿਲ੍ਹਾ ਬਰਨਾਲਾ ਕਰੋਨਾ ਮੁਕਤ ਹੋ ਜਾਵੇਗਾ।
ਇਸ ਮੌਕੇ ਸਿਹਤ ਵਿਭਾਗ ਦੇ ਮੈਡੀਕਲ ਸਟਾਫ ਵੱਲੋਂ ਸਾਰਿਆਂ ਦੇ ਗਲਾਂ ਵਿਚ ਹਾਰ ਪਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ, ਜਿਸ ਦੌਰਾਨ ਸਾਰਾ ਸੈਂਟਰ ਤਾੜੀਆਂ ਨਾਲ ਗੂੰਜ ਉਠਿਆ। ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਅਕਤੀਆਂ ਨੂੰ ਤੋਹਫੇ ਦਿੱਤੇ ਗਏ ਅਤੇ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 21 ਕੇਸ ਕਰੋਨਾ ਵਾਇਰਸ ਦੇ ਪਾਏ ਗਏ ਸਨ, ਜਿਨ੍ਹਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਦੂਜੀ ਔਰਤ ਠੀਕ ਹੋ ਗਈ ਸੀ। ਬਾਕੀ ਕੇਸਾਂ ਵਿਚੋਂ ਕਰੋਨਾ ਤੋਂ ਮੁਕਤੀ ਪਾਉਣ ਵਾਲੇ 17 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ, ਰਹਿੰਦੇ 2 ਨੂੰ ਵੀ ਅੱਜ ਛੇਤੀ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਹ 17 ਵਿਅਕਤੀ ਨਾਂਦੇੜ ਸਾਹਿਬ ਤੋਂ ਪਰਤੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਬਰਨਾਲਾ ਤਰਫੋਂ ਦੋ ਬੱਚੀਆਂ ਨੂੰ ਤੋਹਫੇ ਦਿੱਤੇ ਗਏ, ਜਿਨ੍ਹਾਂ ’ਚੋਂ ਇਕ ਲੜਕੀ ਕਰੋਨਾ ਪਾਜ਼ੇਟਿਵ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਦੂਜੀ ਛੋਟੀ ਬੱਚੀ ਆਪਣੀ ਮਾਤਾ ਨਾਲ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਉਨ੍ਹਾਂ ਦਾ ਇਕਾਂਤਵਾਸ ਸਮਾਂ ਪੂਰਾ ਹੋ ਗਿਆ, ਪਰ ਅਜੇ ਵੀ ਉਹ ਆਪÎਣੇ ਘਰਾਂ ਵਿਚ ਜਾ ਕੇ ਪੂਰੀਆਂ ਸਾਵਧਾਨੀਆਂ ਵਰਤਣ ਤਾਂ ਜੋ ਕਰੋਨਾ ਵਾਇਰਸ ਦਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਰਹੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ, ਪਰ ਅਜੇ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।
ਇਸ ਮੌਕੇ ਕਰੋਨਾ ਵਾਇਰਸ ਤੋਂ ਮੁਕਤ ਹੋ ਕੇ ਘਰਾਂ ਨੂੰ ਜਾ ਰਹੇ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਆਖਿਆ ਕਿ ਇਹ ਸਿਹਤ ਵਿਭਾਗ ਦੇ ਡਾਕਟਰਾਂ, ਹੋਰ ਸਟਾਫ ਤੇ ਮਿਲੀਆਂ ਸਹੂਲਤਾਂ ਦਾ ਹੀ ਨਤੀਜਾ ਹੈ ਕਿ ਉਹ ਬਿਲਕੁਲ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਰਹੇ ਹਨ।
ਇਸ ਮੌਕੇ ਐਸਐਮਓ ਡਾਕਟਰ ਤਪਿੰਦਰਜੋਤ ਕੌਸ਼ਲ, ਡਾਕਟਰ ਮਨਪ੍ਰੀਤ ਸਿੱਧੂ, ਮਾਸ ਮੀਡੀਆ ਅਫਸਰ ਡਾ. ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਜ਼ਿਲ੍ਹਾ ਬੀਸੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।