ਤਫਤੀਸ਼ ਚ, ਸ਼ਾਮਿਲ ਹੋਣ ਲਈ ਸਿੱਧੂ ਮੂਸੇਵਾਲਾ ਤੇ ਉਸਦੇ 8 ਹੋਰ ਸਹਿਦੋਸ਼ੀਆਂ ਨੂੰ ਅੱਜ ਪੇਸ਼ ਹੋਣ ਲਈ ਜਾਰੀ ਕੀਤਾ ਗਿਆ ਸੀ ਨੋਟਿਸ
ਹਰਿੰਦਰ ਨਿੱਕਾ ਬਰਨਾਲਾ 16 ਮਈ 2020
ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਚ, ਘਿਰੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼ ਦੇ ਦਫਤਰ ਚ, ਪੇਸ਼ ਹੋਵੇਗਾ, ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਹਨ। ਵਰਨਣਯੋਗ ਹੈ ਕਿ ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ ਵੱਲੋਂ ਸਿੱਧੂ ਮੂਸੇਵਾਲਾ ਅਤੇ ਉਸਦੇ ਸਾਥੀਆਂ ਦੇ ਵਿਰੁੱਧ ਥਾਣਾ ਧਨੌਲਾ ਵਿਖੇ 4 ਮਈ ਨੂੰ ਦਰਜ਼ ਕੀਤੇ ਅਪਰਾਧਿਕ ਕੇਸ ਦੀ ਜਾਂਚ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼ ਨੂੰ ਸੌਪਣ ਤੋਂ ਤੁਰੰਤ ਬਾਅਦ ਸਿੱਧੂ ਮੂਸੇਵਾਲਾ ਸਮੇਤ ਕੁੱਲ 9 ਨਾਮਜ਼ਦ ਦੋਸ਼ੀਆਂ ਨੂੰ ਸ਼ਨੀਵਾਰ ਨੂੰ ਐਸਪੀ ਭਾਰਦਵਾਜ਼ ਦੇ ਦਫਤਰ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਕਿ ਉਹ ਸ਼ਨੀਵਾਰ ਨੂੰ ਹਰ ਹਾਲਤ ਚ, ਐਸਪੀ ਦਫਤਰ ਚ, ਪੇਸ਼ ਹੋਣ। ਜੇਕਰ ਉਹ ਨੋਟਿਸ ਪ੍ਰਾਪਤ ਹੋਣ ਤੋਂ ਬਾਅਦ ਵੀ ਪੇਸ਼ ਨਹੀਂ ਹੋਣਗੇ, ਤਾਂ ਉਨ੍ਹਾਂ ਖਿਲਾਫ ਹੋਰ ਸਖਤ ਕਾਰਵਾਈ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ। ਸਿੱਧੂ ਮੂਸੇਵਾਲਾ ਜਾਂ ਉਸਦੇ ਸਹਿਦੋਸ਼ੀਆਂ ਨੂੰ ਨੋਟਿਸ ਮਿਲ ਗਿਆ ਜਾਂ ਨਹੀਂ, ਇਸ ਦੀ ਪੁਸ਼ਟੀ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਕਰ ਰਿਹਾ। ਭਰੋਸੇਯੋਗ ਸੂਤਰਾਂ ਅਨੁਸਾਰ ਨੋਟਿਸ ਦੀ ਤਾਮੀਲ ਕਰਵਾਉਣ ਲਈ ਸੀਆਈਏ ਦੀ ਟੀਮ ਲੱਗੀ ਹੋਈ ਸੀ। ਨੋਟਿਸ ਦੀ ਤਾਮੀਲ ਕਰਵਾਉਣ ਤੋਂ ਬਾਅਦ ਹੀ ਸੀਆਈਏ ਟੀਮ ਦੀ ਇਸ ਕੇਸ ਚ, ਕਾਰਗੁਜਾਰੀ ਤੈਅ ਹੋਵੇਗੀ। ਯਾਦ ਰਹੇ ਕਿ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਅਪ੍ਰੈਲ ਮਹੀਨੇ ਦੇ ਅੰਤਲੇ ਦਿਨਾਂ ਚ, ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਵਿਖੇ ਬਣੀ ਇੱਕ ਰਾਈਫਲ ਰੇਂਜ ਚ, ਏ.ਕੇ 47 ਰਾਈਫਲ ਨਾਲ ਕਰਫਿਊ ਚ, ਗੋਲੀਆਂ ਚਲਾਉਣ ਸਬੰਧੀ ਥਾਣਾ ਧਨੌਲਾ ਦੇ ਐਸਐਚਉ ਮੇਜਰ ਸਿੰਘ ਦੇ ਬਿਆਨ ਤੇ ਮੁਖਬਰ ਦੀ ਸੂਚਨਾ ਅਤੇ ਇੱਕ ਵੀਡੀਉ ਵਾਇਰਲ ਹੋਣ ਤੋਂ ਬਾਅਦ 4 ਮਈ ਨੂੰ ਥਾਣਾ ਧਨੌਲਾ ਵਿਖੇ ਐਫਆਈਆਰ ਦਰਜ਼ ਕੀਤੀ ਗਈ ਸੀ, ਇਸ ਕੇਸ ਚ, ਸਿੱਧੂ ਮੂਸੇਵਾਲਾ ਤੇ ਉਸ ਦੇ 3 ਹੋਰ ਸਾਥੀਆਂ ਅਤੇ ਸੰਗਰੂਰ ਦੇ ਤਤਕਾਲੀਨ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਦੇ 5 ਗੰਨਮੈਨਾਂ, ਜਿਨ੍ਹਾਂ ਵਿੱਚ 1 ਏਐਸਆਈ, 2 ਹੌਲਦਾਰ ਤੇ 2 ਸਿਪਾਹੀਆ ਦੇ ਖਿਲਾਫ ਦਫਾ 144 ਦੇ ਉਲੰਘਣ ਕਰਨ ਦੇ ਜੁਰਮ 188 ਆਈਪੀਸੀ ਤੇ 51 ਡਿਜਾਸਟਰ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪਰੰਤੂ ਐਫਆਈਆਰ ਚ, ਗੋਲੀਆਂ ਚੱਲਣ ਦਾ ਜਿਕਰ ਹੋਣ ਦੇ ਬਾਵਜੂਦ ਵੀ ਆਰਮਜ਼ ਐਕਟ ਦੀ ਧਾਰਾ ਨਹੀਂ ਲਾਈ ਗਈ ਸੀ। ਬਾਅਦ ਚ, ਇਹ ਤਫਤੀਸ਼ ਐਸਐਚਉ ਧਨੌਲਾ ਤੋਂ ਬਦਲ ਕੇ ਸੀਆਈਏ ਨੂੰ ਸੌਂਪ ਦਿੱਤੀ ਗਈ ਸੀ। ਪਰੰਤੂ ਪੁਲਿਸ ਤਫਤੀਸ਼ ਦੀ ਮੱਠੀ ਤੋਰ ਦੇ ਚਲਦਿਆਂ ਕੇਸ ਦਰਜ਼ ਹੋਣ ਦੇ 12 ਦਿਨ ਬਾਅਦ ਵੀ ਆਰਮਜ਼ ਐਕਟ ਦਾ ਵਾਧਾ ਤਾਂ ਦੂਰ, ਦੋਸ਼ੀਆਂ ਨੂੰ ਪੜਤਾਲ ਚ, ਸ਼ਾਮਿਲ ਤੱਕ ਵੀ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਆਈਜੀ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਬਰਨਾਲਾ ਨੂੰ ਸੌਂਪਣ ਦਾ ਹੁਕਮ ਐਸਐਸਪੀ ਗੋਇਲ ਨੂੰ ਭੇਜ਼ ਦਿੱਤਾ ਸੀ । ਆਈਜੀ ਦੇ ਹੁਕਮ ਤੋਂ ਬਾਅਦ ਐਸਪੀ ਭਾਰਦਵਾਜ਼ ਨੂੰ ਬਦਲੀ ਤਫਤੀਸ਼ ਦਾ ਅਸਰ ਇਹ ਰਿਹਾ ਕਿ ਦੋਸ਼ੀਆਂ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ। ਕਿਉਂਕਿ ਆਈਜੀ ਔਲਖ ਨੇ 15 ਦਿਨ ਚ, ਰਿਪੋਰਟ ਦੇਣ ਲਈ ਸਮਾਂ ਨਿਸਚਿਤ ਕੀਤਾ ਗਿਆ ਹੈ।
–ਤਫਤੀਸ਼ ਚ, ਸਿੱਧੂ ਨੂੰ ਕਰਨਾ ਪਊ ਤਿੱਖੇ ਸਵਾਲਾਂ ਦਾ ਸਾਹਮਣਾ
– ਗੋਲੀਆਂ ਚਲਾਉਣ ਸਮੇਂ ਵਰਤੀ ਗਈ ਏ.ਕੇ 47 ਰਾਈਫਲ ਕਿਸ ਦੀ ਸੀ ?
-ਗੋਲੀਆਂ ਚਲਾਉਣ ਸਮੇਂ ਉਸ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਮੌਜੂਦ ਸਨ ?
-ਇਸ ਮੌਕੇ ਸੰਗਰੂਰ ਦੇ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਦੇ ਕਿਹੜੇ ਹੋਰ ਗੰਨਮੈਨ ਜਾਂ ਪੁਲਿਸ ਕਰਮਚਾਰੀ ਮੌਜੂਦ ਰਹੇ ?
-ਕੀ ਇਸ ਮੌਕੇ ਡੀਐਸਪੀ ਐਚ ਦਲਜੀਤ ਸਿੰਘ ਵਿਰਕ ਖੁਦ ਵੀ ਮੌਜੂਦ ਸਨ ?
– ਉਸ ਮੌਕੇ ਏ.ਕੇ 47 ਰਾਈਫਲ ਦੇ ਕਿੰਨ੍ਹੇ ਰਾਉਂਡ ਫਾਇਰ ਕੀਤੇ ਗਏ ?
– ਏ.ਕੇ 47 ਰਾਈਫਲ ਦੇ ਫਾਇਰ ਕਰਨ ਤੋਂ ਬਾਅਦ ਗੋਲੀਆਂ ਦੇ ਖੋਲ ਕਿੱਥੇ ਖੁਰਦ-ਬੁਰਦ ਕੀਤੇ ਗਏ ?
-ਏ.ਕੇ 47 ਰਾਈਫਲ ਦੇ ਫਾਇਰ ਕਰਨ ਤੋਂ ਬਾਅਦ ਤੁਸੀ ਕਿੱਥੇ ਗਏ ਤੇ ਰਾਈਫਲ ਕਿਸ ਨੂੰ ਸੌਂਪੀ ?
-ਤੁਸੀਂ ਬਡਬਰ ਪਿੰਡ ਚ, ਬਣੀ ਰਾਈਫਲ ਰੇਂਜ ਚ, ਕਿੰਨ੍ਹਾ ਸਮਾਂ ਰੁਕੇ ਤੇ ਕਿੰਨ੍ਹੇ ਵਜੇ ਚਲੇ ਗਏ ?
-ਸਾਨੂੰ ਇੱਕ ਇੱਕ ਗੋਲੀ ਦਾ ਹਿਸਾਬ ਚਾਹੀਂਦੈ,,
ਤਫਤੀਸ਼ ਚ, ਸ਼ਾਮਿਲ ਹੋਣ ਮੌਕੇ ਕੇਸ ਵਿੱਚ ਨਾਮਜ਼ਦ ਦੋਸ਼ੀ ਪੁਲਿਸ ਕਰਮਚਾਰੀਆਂ ਤੋਂ ਵੀ ਇਹ ਸਵਾਲ ਕੀਤਾ ਜਾਵੇਗਾ ਕਿ ਉਹ ਕਿਸ ਦੇ ਹੁਕਮ ਤੇ ਸਿੱਧੂ ਮੂਸੇਵਾਲੇ ਨਾਲ ਬਡਬਰ ਰਾਈਫਲ ਰੇਂਜ ਚ ਪਹੁੰਚੇ, ਏ.ਕੇ 47 ਰਾਈਫਲ ਕਿਸ ਨੂੰ ਅਲਾਟ ਹੋਈ ਸੀ, ਫਾਇਰਿੰਗ ਲਈ ਵਰਤੀਆਂ ਗੋਲੀਆਂ ਹੁਣ ਕਿਹੜੇ ਖਾਤੇ ਪਾ ਦਿੱਤੀਆਂ ਗਈਆਂ ? ? ? ਵਰਨਣਯੋਗ ਹੈ ਕਿ ਜਿਸ ਪੁਲਿਸ ਕਰਮਚਾਰੀ ਨੂੰ ਜਿਹੜਾ ਅਸਲਾ ਅਲਾਟ ਹੋਇਆ ਹੁੰਦਾ ਹੈ, ਉਸ ਦੀ ਹਰ ਚੱਲੀ ਗਈ ਗੋਲੀ ਦਾ ਹਿਸਾਬ ਦੇਣਾ ਪੈਂਦਾ ਹੈ।