ਭੇਦ ਖੁੱਲ੍ਹਿਆ ਤਾਂ ਪਰਚਾ ਦਰਜ਼ ਹੋ ਗਿਆ
ਹਰਿੰਦਰ ਨਿੱਕਾ , ਪਟਿਆਲਾ 19 ਨਵੰਬਰ 2022
ਕਿਸੇ ਨੇ ਕਿਨ੍ਹਾਂ ਸਹੀ ਕਿਹੈ “ ਜੇ ਵਾੜ ਹੀ ਖੇਤ ਨੂੰ ਖਾਏ, ਫਿਰ ਫਸਲਾਂ ਕੌਣ ਬਚਾਏ ” ਪੀੜ੍ਹੀ ਦਰ ਪੀੜ੍ਹੀ, ਚੱਲੀ ਆ ਰਹੀ, ਇਹ ਕਹਾਵਤ ਸ਼ਾਹੀ ਸ਼ਹਿਰ ਪਟਿਆਲਾ ਦੇ ਅਦਾਲਤ ਬਜ਼ਾਰ ਵਿੱਚ ਸਥਿਤ ਤੇ ਹੁਣ ਸਰਹੰਦ ਰੋਡ ਤੇ ਸ਼ਿਫਟ ਹੋਈ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਮੈਨੇਜਰ ਹਰਸ਼ਵਰਧਨ ਦੁੱਗਲ ਤੇ ਬਿਲਕੁਲ ਖਰੀ ਉਤਰਦੀ ਹੈ। ਮੈਨੇਜ਼ਰ ਦੁੱਗਲ ਨੇ ਆਪਣੀ ਹੀ ਬੈਂਕ ਦੀ ਕਰਨਾਲਾ ਬ੍ਰਾਂਚ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਨਾਲ ਮਿਲ ਕੇ, ਬੈਂਕ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਜਦੋਂ ਭੇਦ ਖੁੱਲ੍ਹਿਆ ਤਾਂ ਮੌਜੂਦਾ ਬ੍ਰਾਂਚ ਹੈਡ ਦੀ ਸ਼ਕਾਇਤ ਦੇ ਅਧਾਰ ਪਰ, ਹਰਸ਼ਵਰਧਨ ਦੁੱਗਲ ਅਤੇ ਉਸਦੇ ਸਾਥੀ ਕਰਮਚਾਰੀ ਖਿਲਾਫ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਜਾਲੀ ਫਰਜ਼ੀ ਦਸਤਾਵੇਜ ਤਿਆਰ ਕਰਕੇ, ਸਾਜਿਸ਼ ਤਹਿਤ ਅਮਾਨਤ ਵਿੱਚ ਖਿਆਨਤ ਕਰਨ ਦੇ ਜ਼ੁਰਮ ਵਿੱਚ ਕੇਸ ਦਰਜ਼ ਕਰਕੇ, ਦੋਵਾਂ ਦੋਸ਼ੀਆਂ ਦੀ ਤਲਾਸ਼ ਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਲੱਖਾਂ ਰੁਪਏ ਦਾ ਫਰਾਡ ਕਿਵੇਂ ਕਰਿਆ
ਸੈਂਟਰਲ ਬੈਂਕ ਆਫ ਇੰਡੀਆ ਦੀ ਸਰਹੰਦ ਰੋਡ ਤੇ ਸ਼ਿਫਟ ਹੋਈ ਬ੍ਰਾਂਚ ਦੇ ਹੈਡ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਹਰਸ਼ਵਰਧਨ ਦੁੱਗਲ ਪੁੱਤਰ ਜੈਪਾਲ ਦੁੱਗਲ ਵਾਸੀ ਪਿੰਡ ਮਛਰੌਲੀ , ਜਿਲਾ ਪਾਣੀਪਤ ,ਹਰਿਆਣਾ ਮਿਤੀ 16/7/2021 ਤੋਂ 15/4/2022 ਤੱਕ ਬਤੌਰ ਬ੍ਰਾਂਚ ਮਨੈਜਰ ਤਾਇਨਾਤ ਸੀ ਅਤੇ ਦੋਸ਼ੀ ਕ੍ਰਿਸ਼ਨ ਕੁਮਾਰ ਸੈਟਰਲ ਬੈਂਕ ਆਫ ਇੰਡੀਆ ਬ੍ਰਾਂਚ ਸੈਕਟਰ -7 ਕਰਨਾਲ ਵਿਖੇ ਤਾਇਨਾਤ ਸੀ। ਦੋਵਾਂ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਕੇ ਬੈਂਕ ਦਾ CBS ਸਿਸਟਮ ਵਰਤ ਕੇ ਬੈਂਕ ਦੇ ਖਾਤਾ ਧਾਰਕਾ ਨੂੰ ਬਿਨ੍ਹਾਂ ਪੁੱਛੇ ਉਹਨਾਂ ਦੇ ਖਾਤਿਆ ਨੂੰ ਡੈਬਿਟ ਕਰਕੇ ਅਤੇ ਹੋਰ ਖਾਤਿਆਂ ਵਿੱਚ ਰਕਮ ਜਮ੍ਹਾ ਕਰਵਾ ਲਈ। ਫਿਰ ਬਾਅਦ ਵਿੱਚ ਕੈਸ਼ ਵਾਊਚਰ ਪਰ ਦਸਤਖਤ ਕਰਵਾ ਕੇ ਰਕਮ ਹਾਸਿਲ ਕਰਕੇ ਬੈਂਕ ਨਾਲ 16,50,000 ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਅਨਾਜ ਮੰਡੀ ਪਟਿਆਲਾ ਦੇ ਐਸ.ਐਚ.ੳ. ਇੰਸਪੈਕਟਰ ਆਲਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਰਖਾਸਤ ਨੰਬਰ. 3362/ਪੇਸ਼ੀ ਮਿਤੀ 21/4/22 ਦੀ ਪੜਤਾਲ ਉਪਰੰਤ ਤਤਕਾਲੀ ਬੈਂਕ ਮੈਨੇਜਰ ਹਰਸ਼ਵਰਧਨ ਦੁੱਗਲ ਤੇ ਉਨਾਂ ਦੇ ਸਹਿਯੋਗੀ ਬੈਂਕ ਅਧਿਕਾਰੀ ਕ੍ਰਿਸ਼ਨ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਟਿਊਠਾ ਜਿਲਾ ਕੈਂਥਲ ਹਰਿਆਣਾ ਦੇ ਖਿਲਾਫ ਅਧੀਨ ਜੁਰਮ 409,467, 468,471,120-B IPC ਤਹਿਤ ਕੇਸ ਦਰਜ਼ ਕੀਤਾ ਗਿਆ। ਪੁਲਿਸ ਨੇ ਪੂਰੇ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਤੇ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।