RAPE ,ਫਿਰ ਰਾਜ਼ੀਨਾਮਾ ਤੇ ਕਰ ਲਿਆ ਵਿਆਹ
ਤਲਾਕ ਲਈ ਕਿਹਾ NO, ਤਾਂ ਕਰਤੀ ਠਾਹ-ਠਾਹ
ਹਰਿੰਦਰ ਨਿੱਕਾ , ਬਠਿੰਡਾ 19 ਨਵੰਬਰ 2022
ਲੰਘੀ ਕੱਲ੍ਹ ਸ਼ਾਮ ਕਰੀਬ ਪੰਜ ਵਜੇ ਬਠਿੰਡਾ ਬੱਸ ਅੱਡੇ ਦੇ ਸਾਹਮਣੇ ਅਦਾਲਤ ‘ਚੋਂ ਬਾਹਰ ਆ ਰਹੀ ਕੁਲਵਿੰਦਰ ਕੌਰ ਕੋਟਸ਼ਮੀਰ ਨੂੰ ਹਥਿਆਰਬੰਦ ਵਿਅਕਤੀ ਵੱਲੋਂ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦੇਣ ਦੇ ਸਨਸਨੀਖੇਜ਼ ਮਾਮਲੇ ਦਾ ਰਾਜ ਖੁੱਲ੍ਹ ਹੀ ਗਿਆ ਹੈ। ਹੁਣ ਇਹ ਗੱਲ ਸਾਫ ਹੋ ਗਈ ਕਿ ਆਖਿਰ ਕੁਲਵਿੰਦਰ ਕੌਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ। ਪੁਲਿਸ ਨੇ ਮ੍ਰਿਤਕ ਔਰਤ ਦੇ ਪੁੱਤਰ ਜੋਬਨਦੀਪ ਸਿੰਘ ਦੇ ਬਿਆਨ ਪਰ, ਦੋਸ਼ੀ ਸੁਖਪਾਲ ਸਿੰਘ ਉਰਫ ਸੁਰਿੰਦਰ ਸਿੰਘ ਸ਼ਿੰਦੂ ਵਾਸੀ ਪਿੰਡ ਬੱਲੂਆਣਾ ਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ ਹੈ ਤੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤਿਆ ਰਿਵਾਲਵਰ, ਜਿੰਦਾ ਕਾਰਤੂਸ, ਖਾਲੀ ਖੋਲ ਤੇ ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੀਡੀਆ ਨੂੰ ਇਹ ਜਾਣਕਾਰੀ ਬਠਿੰਡਾ ਰੇਂਜ ਦੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਦਿੱਤੀ। ਇਸ ਮੌਕੇ ਹੋਰ ਅਧਿਕਾਰੀ ਵੀ ਮੌਜੂਦ ਸਨ। ਕੀ ਐ, ਕੁਲਵਿੰਦਰ ਕੌਰ ਤੇ ਸ਼ਿੰਦੂ ਦਾ ਰਿਸ਼ਤਾ ਤੇ ਰੰਜਿਸ਼
ਹੱਤਿਆ ਦੇ ਉਕਤ ਮਾਮਲੇ ਦੀ ਗਹਿਰਾਈ ਨਾਲ ਕੀਤੀ ਪੜਚੋਲ ਤੋਂ ਬਾਅਦ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਕੁਲਵਿੰਦਰ ਕੌਰ ਦੀ ਸ਼ਾਦੀ, ਸੁਖਵਿੰਦਰ ਸਿੰਘ ਵਾਸੀ ਕੋਟਸ਼ਮੀਰ ਦੇ ਨਾਲ ਹੋਈ ਸੀ। ਦੋਸ਼ੀ ਸੁਰਿੰਦਰ ਸਿੰਘ ਸ਼ਿੰਦੂ ਉਨ੍ਹਾਂ ਦਾ ਦੋਹਤਾ ਸੀ ਤੇ ਉਨ੍ਹਾਂ ਦੇ ਘਰ ਰਹਿ ਕੇ ਹੀ ਪੜ੍ਹਦਾ ਸੀ। ਘਰ ਰਹਿੰਦਿਆਂ ਹੀ ਉਸ ਨੇ ਕੁਲਵਿੰਦਰ ਕੌਰ ਤੇ ਮੈਲੀ ਅੱਖ ਰੱਖ ਲਈ ਤੇ ਮੌਕਾ ਪਾ ਕੇ ਉਸ ਨੇ ਕੁਲਵਿੰਦਰ ਕੌਰ ਨੂੰ ਆਪਣੀ ਹਵਸ ਦਾ ਸ਼ਿਕਾਰ ਵੀ ਬਣਾਇਆ। ਬਲਾਤਕਾਰ ਦੀ ਇਸ ਘਟਨਾ ਸਬੰਧੀ ਕੁਲਵਿੰਦਰ ਕੌਰ ਨੇ ਹੱਤਿਆਰੇ ਸੁਰਿੰਦਰ ਸਿੰਘ ਸ਼ਿੰਦੂ ਦੇ ਖਿਲਾਫ ਥਾਣਾ ਸਦਰ ਬਠਿੰਡਾ ਵਿਖੇ 3 ਸਤੰਬਰ 2017 ਨੂੰ ਅਧੀਨ ਜ਼ੁਰਮ 376/506/34 ਆਈਪੀਸੀ ਤਹਿਤ ਕੇਸ ਵੀ ਦਰਜ਼ ਕਰਵਾਇਆ ਸੀ। ਇੱਥੇ ਹੀ ਬੱਸ ਨਹੀਂ, ਦੋਸ਼ੀ ਦੀ ਗਿਰਫਤਾਰੀ ਨਾ ਹੋਣ ਕਾਰਣ, ਸੁਰਿੰਦਰ ਸਿੰਘ ਸ਼ਿੰਦੂ 24-10-2017 ਨੂੰ ਵਕਤ ਕਰੀਬ 7-8 ਵਜੇ ਸਾਮ ਨੂੰ ਫਿਰ ਜਬਰਦਸਤੀ ਪਿਸਤੌਲ ਤੇ ਆਪਣੇ ਦੋ ਹਥਿਆਰਬੰਦ ਸਾਥੀਆਂ ਸਣੇ ਉਸ ਦੇ ਘਰ ਆਇਆ। ਸ਼ਿੰਦੂ ਨੇ ਜਬਰਦਸਤੀ, ਕੁਲਵਿੰਦਰ ਕੌਰ ਨਾਲ ਫੋਟੋਆਂ ਖਿੱਚੀਆਂ ਤਾਂ ਜੋ ਦੋਵਾਂ ਦੀ ਹਰ ਪੱਖ ਤੋਂ ਸਹਿਮਤੀ ਨਜ਼ਰ ਆਵੇ। ਆਖਿਰ ਸ਼ਿੰਦੂ ਤੇ ਉਸ ਦੇ ਸਾਥੀ, ਕੁਲਵਿੰਦਰ ਕੌਰ ਤੇ ਉਸ ਦੇ ਕਰੀਬ 12 ਕੁ ਵਰ੍ਹਿਆਂ ਦੇ ਲੜਕੇ ਜੋਬਨਦੀਪ ਸਿੰਘ ਨੂੰ ਅਗਵਾ ਕਰਕੇ, ਆਪਣੀ ਕਾਰ ਵਿੱਚ ਬਿਠਾ ਕੇ ਕਿਸੇ ਅਣਦੱਸੀ ਥਾਂ ਤੇ ਲੈ ਗਏ । ਆਪਣੀ ਤੇ ਆਪਣੇ ਲੜਕੇ ਦੀ ਜਾਨ ਬਚਾਉਣ ਲਈ, ਉਸ ਨੇ ਡਰਦੀ ਮਾਰੀ ਨੇ ਕੋਈ ਰੌਲਾ ਨਹੀਂ ਪਾਇਆ। ਸੁਰਿੰਦਰ ਸਿੰਘ ਸ਼ਿੰਦੂ ਆਪਣੇ ਖਿਲਾਫ ਦਰਜ ਕਰਾਏ ਬਲਾਤਕਾਰ ਦੇ ਮੁਕੱਦਮੇ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਪਾਉਂਦਾ ਰਿਹਾ। ਸ਼ਿੰਦੂ ਨੇ ਜੋਬਨਦੀਪ ਸਿੰਘ ਨੂੰ ਛੱਡਣ ਬਦਲੇ, ਬਲਾਤਕਾਰ ਦੇ ਕੇਸ ਸਬੰਧੀ ਇੱਕ ਹਲਫੀਆ ਬਿਆਨ ਦੇਣ ਦੀ ਸ਼ਰਤ ਰੱਖ ਦਿੱਤੀ। ਆਖਿਰ ਉਸ ਨੇ ਬਲਾਤਕਾਰ ਦੇ ਮੁਕੱਦਮੇ ਸਬੰਧੀ ਬਿਆਨ ਹਲਫੀਆ ਰਾਜੀਨਾਮੇ ਸਬੰਧੀ ਲਿਖਕੇ ਦੇ ਦਿੱਤਾ ਤੇ ਸੁਰਿੰਦਰ ਸਿੰਘ ਨੇ ਜੋਬਨਦੀਪ ਸਿੰਘ ਨੂੰ ਕੁਲਵਿੰਦਰ ਕੌਰ ਦੇ ਹਵਾਲੇ ਕਰ ਦਿੱਤਾ। ਸ਼ਿੰਦੂ ਨੇ ਕੁਲਵਿੰਦਰ ਕੌਰ ਦੀਆਂ ਰਿਕਾਰਡਿੰਗ ਵੀ ਕੀਤੀਆਂ। ਅਗਵਾ ਦੀ ਉਕਤ ਘਟਨਾ ਸਬੰਧੀ ਵੀ ਕੁਲਵਿੰਦਰ ਕੌਰ ਵੱਲੋਂ ਥਾਣਾ ਕੋਟਫੱਤਾ ਵਿਖੇ ਸੁਰਿੰਦਰ ਸਿੰਘ ਸ਼ਿੰਦੂ ਤੇ ਉਸ ਦੇ ਹੋਰ ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜ਼ੁਰਮ 365/506/342/452/ 34 ਆਈਪੀਸੀ ਤੇ ਅਸਲਾ ਐਕਟ ਦੀ ਸ਼ੈਕਸ਼ਨ 25/54/59 ਤਹਿਤ 2 ਨਵੰਬਰ 2017 ਨੂੰ ਐਫ.ਆਈ.ਆਰ. ਦਰਜ਼ ਹੈ। ਪਤਾ ਇਹ ਵੀ ਲੱਗਿਆ ਕਿ ਸਾਲ 2019 ਵਿੱਚ ਕੁਲਵਿੰਦਰ ਕੌਰ ਦੇ ਪਤੀ ਸੁਖਵਿੰਦਰ ਸਿੰਘ ਦੀ ਮੌਤ ਹੋਣ ਉਪਰੰਤ, ਕੁਲਵਿੰਦਰ ਕੌਰ ਨੇ ਹਾਰ ਮੰਨ ਕੇ, ਖੁਦ ਨੂੰ ਬਲਾਤਕਾਰੀ/ ਹਤਿਆਰੇ ਸ਼ਿੰਦੂ ਦੇ ਸਪੁਰਦ ਕਰਦਿਆਂ, ਵਿਆਹ ਕਰਵਾ ਲਿਆ। ਬਲਾਤਕਾਰ ਦੇ ਕੇਸ ‘ਚੋਂ ਬਚ ਜਾਣ ਅਤੇ ਵਿਆਹ ਤੋਂ ਬਾਅਦ ਵੀ ਸ਼ਿੰਦੂ ਦੇ ਮਨ ਵਿੱਚੋਂ ਕੁਲਵਿੰਦਰ ਕੌਰ ਦੇ ਪ੍ਰਤੀ ਰੰਜਿਸ਼ ਖਤਮ ਨਹੀਂ ਹੋਈ।
ਕੁਲਵਿੰਦਰ ਕੌਰ ਦੇ ਲੜਕੇ ਜੋਬਨਦੀਪ ਨੇ ਕਿਹਾ,,
ਸੁਰਿੰਦਰ ਸਿੰਘ ਸ਼ਿੰਦੂ ਦੁਆਰਾ ਕੁਲਵਿੰਦਰ ਕੌਰ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਸਬੰਧੀ, ਮ੍ਰਿਤਕਾ ਦੇ ਲੜਕੇ ਜੋਬਨਦੀਪ ਸਿੰਘ ਵਾਸੀ ਕੋਟਸ਼ਮੀਰ ਜਿਲਾ ਬਠਿੰਡਾ ਹਾਲ ਅਬਾਦ ਕੋਠੀ ਨੰਬਰ 667-ਫੇਜ -3 ਮਾਡਲ ਟਾਊਨ ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲਿਖਵਾਇਆ ਹੈ ਕਿ ਸੁਖਪਾਲ ਸਿੰਘ ਉਰਫ ਸੁਰਿੰਦਰ ਸਿੰਘ ਉਰਫ ਸ਼ਿੰਦੂ ਵਾਸੀ ਪਿੰਡ ਬੱਲੂਆਣਾ ,ਜਿਲਾ ਬਠਿੰਡਾ ਜੋ ਕਿ ਉਸ ਦੀ ਭੂਆ ਹਰਪ੍ਰੀਤ ਕੌਰ ਦਾ ਹੀ ਲੜਕਾ ਹੈ । ਸਾਲ 2019 ਵਿੱਚ ਮੇਰੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਕੁਲਵਿੰਦਰ ਕੌਰ ਨੂੰ ਡਰਾ ਧਮਕਾ ਕੇ ਸੁਖਪਾਲ ਸਿੰਘ ਉਰਫ ਸੁਰਿੰਦਰ ਸਿੰਘ ਉਰਫ ਸ਼ਿੰਦੂ ਨੇ ਕੋਰਟ ਮੈਰਿਜ ਕਰਵਾ ਲਈ ਸੀ। ਪਰ ਹੁਣ ਸ਼ਿੰਦੂ ,ਮੇਰੀ ਮਾਤਾ ਤੋਂ ਧੱਕੇ ਨਾਲ ਤਲਾਕ ਲੈਣਾ ਚਾਹੁੰਦਾ ਸੀ। ਜਿਸ ਲਈ, ਮੇਰੀ ਮਾਤਾ ਸਹਿਮਤ ਨਹੀਂ ਸੀ। ਲੰਘੀ ਕੱਲ੍ਹ ਸ਼ਾਮ ,ਮੈਂ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਜ਼ਿਲ੍ਹਾ ਕਚਹਿਰੀਆਂ ਬਠਿੰਡਾ ਵਿਖੇ ਬਸ ਸਟੈਂਡ ਦੇ ਨਜ਼ਦੀਕ ਮੌਜੂਦ ਸੀ ਤਾਂ ਸੁਖਪਾਲ ਸਿੰਘ ਉਰਫ਼ ਸੁਰਿੰਦਰ ਸਿੰਘ ਉਰਫ ਸ਼ਿੰਦੂ ਆਪਣੇ ਦੋ ਸਾਥੀਆਂ ਸਮੇਤ ਆਇਆ ਅਤੇ ਉਸ ਨੇ ,ਮੇਰੀ ਮਾਤਾ ਕੁਲਵਿੰਦਰ ਕੌਰ ਨੂੰ ਮਾਰਨ ਲਈ ਰਿਵਾਲਵਰ ਨਾਲ ਉਸ ਪਰ ਫਾਇਰ ਕੀਤੇ ਅਤੇ ਜਦੋਂਕਿ ਮੈਂ ਭੱਜ ਕੇ ਆਪਣੀ ਜਾਨ ਬਚਾਈ। ਵਜ਼੍ਹਾ ਰੰਜਿਸ਼ ਇਹ ਹੈ ਕਿ ਸੁਖਪਾਲ ਸਿੰਘ ਉਰਫ ਸੁਰਿਦਰ ਸਿੰਘ ਉਰਫ ਸ਼ਿੰਦੂ , ਹੁਣ ਮੇਰੀ ਮਾਤਾ ਨੂੰ ਵਸਾਉਣਾ ਨਹੀ ਚਾਹੁੰਦਾ ਸੀ, ਜਿਸ ਕਰਕੇ ਉਸ ਨੇ ਸਾਜਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ ਹੈ।
ਪੁਲਿਸ ਨੇ ਰਿਵਾਲਵਰ ਸਣੇ ਕਾਬੂ ਕਰ ਲਿਆ ਸ਼ਿੰਦੂ
ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਬਠਿੰਡਾ ਨੇ ਮੁਖਬਰੀ ਦੇ ਅਧਾਰ ਤੇ ਮੁਕਤਸਰ-ਮਲੋਟ ਤੋਂ ਜਾਂਦੀ ਰਿੰਗ ਰੋਡ ਦੇ ਨਜ਼ਦੀਕ ਟੀ-ਪੁਆਇੰਟ ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁੱਕਦਮਾ ਦੇ ਦੋਸ਼ੀ ਸੁਖਪਾਲ ਸਿੰਘ ਉਰਫ ਸੁਰਿੰਦਰ ਸਿੰਘ ਉਰਫ ਸ਼ਿੰਦੂ ਨੂੰ ਕਾਬੂ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤਿਆ ਰਿਵਾਲਵਰ 32 ਬੋਰ ਸਮੇਤ (02 ਰੌਂਦ ਜਿੰਦਾ 32 ਬੋਰ, 02 ਰੌਂਦ ਖੋਲ 32 ਬੋਰ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਇਕਲ ਬਿਨਾਂ ਨੰਬਰੀ ਸਪਲੈਂਡਰ ਰੰਗ ਕਾਲਾ ਬਰਾਮਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਹੱਤਿਆ ਦੋਸ਼ੀ ਸ਼ਿੰਦੂ ਦੇ ਦੋ ਨਾ- ਮਾਲੂਮ ਸਾਥੀਆਂ ਬਾਰੇ ਅਤੇ ਵਾਰਦਾਤ ਵਿੱਚ ਵਰਤੇ ਰਿਵਾਲਵਰ ਦੇ ਲਾਇਸੰਸੀ ਜਾਂ ਗੈਰ ਕਾਨੂੰਨੀ ਹੋਣ ਬਾਰੇ ਅਜੇ ਡੂੰਘਾਈ ਨਾਲ ਪੁੱਛ-ਗਿੱਛ ਕਰਨੀ ਹੈ, ਦੋਸ਼ੀ ਸੁਖਪਾਲ ਸਿੰਘ ਉਰਫ ਸੁਰਿੰਦਰ ਸਿੰਘ ਉਰਫ ਬਿੰਦੂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਉਕਤ ਤੱਥਾਂ ਦੀ ਡੂੰਘਾਈ ਨਾਲ ਤਫਤੀਸ਼ ਕਰਕੇ ਅਸਲੀਅਤ ਨੂੰ ਹੋਰ ਸਪੱਸ਼ਟ ਢੰਗ ਨਾਲ ਜਲਦ ਹੀ ਸਾਹਮਣੇ ਲਿਆਂਦਾ ਜਾਵੇਗਾ।
ਹਾਰਡ ਕ੍ਰਿਮੀਨਲ ਕੋਰ ਅਪਰਾਧੀ ਹੈ ਸ਼ਿੰਦੂ, 13 ਪਰਚੇ ਦਰਜ਼
ਜਿਲ੍ਹਾ ਪੁਲਿਸ ਬਠਿੰਡਾ ਵੱਲੋਂ ਉਪਲੱਭਧ ਕਰਵਾਈ ਜਾਣਕਾਰੀ ਅਨੁਸਾਰ ਕਰੀਬ 25 ਕੁ ਵਰ੍ਹਿਆਂ ਦਾ ਸੁਰਿੰਦਰ ਸਿੰਘ ਉਰਫ ਸ਼ਿੰਦੂ ਹਾਰਡ ਕ੍ਰਿਮੀਨਲ ਕੋਰ ਅਪਰਾਧੀ ਹੈ। ਬਠਿੰਡਾ ਤੇ ਮੁਕਤਸਰ ਜਿਲ੍ਹਿਆਂ ਤੋਂ ਇਲਾਵਾ ਹਰਿਆਣਾ ਸੂਬੇ ਦੇ ਵੱਖ ਵੱਖ ਥਾਣਿਆਂ ਵਿੱਚ ਵੀ ਉਸ ਦੇ ਖਿਲਾਫ ਬਲਾਤਕਾਰ, ਲੁੱਟ-ਖੋਹ, ਡਾਕੇ ਦੀ ਯੋਜਨਾ ਅਤੇ ਅਸਲਾ ਐਕਟ ਆਦਿ ਹੋਰ ਸੰਗੀਨ ਜੁਰਮਾਂ ਤਹਿਤ ਕੁੱਲ 13 ਕੇਸ ਦਰਜ਼ ਹਨ।