ਵਿਜੀਲੈਂਸ ਨੇ ਫੜ੍ਹਿਆ ਨਾਪ ਤੋਲ ਮਹਿਕਮੇ ਦਾ ਇੰਸਪੈਕਟਰ

Advertisement
Spread information

ਵਿਜੀਲੈਂਸ ਬਿਊਰੋ ਨੇ ਕਿਹਾ! ਇੰਸਪੈਕਟਰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਬਦਲੇ ਲੈ ਰਿਹਾ ਸੀ ਰਿਸ਼ਵਤ 

ਵਿਜੀਲੈਂਸ ਦੀ ਕਾਰਵਾਈ ਤੇ ਉੱਠਣ ਲੱਗੀਆਂ ਉਂਗਲਾਂ, ਆਪਣਾ ਘਰ ਵੀ ਨਹੀਂ ਬਣਾ ਸਕਿਆ ਫੜ੍ਹਿਆ ਗਿਆ ਇੰਸਪੈਕਟਰ !

ਰਘਵੀਰ ਹੈਪੀ , ਬਰਨਾਲਾ, 18 ਨਵੰਬਰ 2022 
      ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਨਾਪ ਤੋਲ ਮਹਿਕਮੇ ਦੇ ਇੰਸਪੈਕਟਰ ਵਰਿੰਦਰਪਾਲ ਸ਼ਰਮਾ ਨੂੰ ਕੰਡੇ ਦਾ ਫਿਟਨੈਸ ਸਰਟੀਫਿਕੇਟ ਜ਼ਾਰੀ ਕਰਨ ਬਦਲੇ ਰਿਸਵਤ ਲੈਣ ਦੇ ਦੋਸ਼ ਵਿੱਚ ਗਿਰਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਜ਼ਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਬਰਨਾਲਾ ਵਿਖੇ ਤਾਇਨਾਤ ਇੰਸਪੈਕਟਰ ਲੀਗਲ ਮੈਟਰੋਲੋਜੀ (ਮਾਪ ਅਤੇ ਤੋਲ) ਵਰਿੰਦਰਪਾਲ ਸ਼ਰਮਾ ਨੂੰ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਰਿੰਦਰਪਾਲ ਸ਼ਰਮਾ ਨੂੰ ਲੀਗਲ ਮੈਟਰੋਲੋਜੀ ਵਿਭਾਗ ਦੇ ਲਾਇਸੰਸਸ਼ੁਦਾ ਮੁਰੰਮਤਸਾਜ (ਰਿਪੇਅਰਰ) ਪੰਕਜ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਹੈ ਕਿ ਉਕਤ ਇੰਸਪੈਕਟਰ ਲੀਗਲ ਮੈਟਰੋਲੋਜੀ ਉਸ ਕੋਲੋਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਪ੍ਰਤੀ ਧਰਮ ਕੰਡਾ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਪਹਿਲਾਂ ਵੀ ਉਸ ਤੋਂ 4900 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ।
     ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਤਸਦੀਕ ਕਰਨ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਪਰੋਕਤ ਮੁਲਜ਼ਮ  ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। 

ਇੱਕ ਪੱਖ ਹੋਰ ਵੀ ਉਗੜਿਆ,,

Advertisement

   ਵਿਜੀਲੈਂਸ ਦੇ ਹੱਥੇ ਚੜ੍ਹੇ ਇੰਸਪੈਕਟਰ ਵਰਿੰਦਰ ਸ਼ਰਮਾ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਘਟਨਾਕ੍ਰਮ ਤੋਂ ਬਾਅਦ ਪਹਿਲੀ ਵਾਰ ਇਹ ਪੱਖ ਵੀ, ਉੱਘੜਕੇ ਸਾਹਮਣੇ ਆ ਰਿਹਾ ਹੈ ਕਿ ਫੜਿਆ ਗਿਆ ਇੰਸਪੈਕਟਰ ਤੇ ਉਸ ਦੀ ਪਤਨੀ ਸਰਕਾਰੀ ਅਧਿਆਪਕ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਆਪਣਾ ਕੋਈ ਘਰ ਤੱਕ ਵੀ ਨਹੀਂ ਬਣਾ ਸਕੇ ਤੇ ਉਹ ਨਗਰ ਸੁਧਾਰ ਟਰੱਸਟ ਦੀ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਹੀ ਰਹਿ ਰਿਹਾ ਹੈ। ਇੰਸਪਕੈਟਰ ਆਪਣੇ ਜੱਦੀ ਪਿੰਡ ਦੀਵਾਨਾ ਵਿਖੇ ਇੱਕ ਲਾਇਬਰੇਰੀ ਵੀ ਚਲਾ ਰਿਹਾ ਹੈ ਤੇ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੈ, ਉਹ ਲੰਬੇ ਸਮੇਂ ਤੋਂ ਲੋਕ ਹਿੱਤ ਦੀ ਲੜਾਈ ਲਈ ਮੋਹਰੀ ਰੋਲ ਵੀ ਨਿਭਾਉਂਦਾ ਆ ਰਿਹਾ ਹੈ। ਜਿਸ ਕਰਕੇ, ਵੱਖ ਮੁਲਾਜਮ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਵਿੱਚ ਵੀ ਉਸਦਾ ਚੰਗਾ ਰਸੂਖ ਬਣਿਆ ਹੋਇਆ ਹੈ। ਸੰਘਰਸ਼ਸ਼ੀਲ ਧਿਰਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਵਰਿੰਦਰ ਸ਼ਰਮਾ ਰਿਸ਼ਵਤ ਵੀ ਲੈਂਦਾ ਹੋਵੇਗਾ। ਮੁਲਾਜਮ ਤੇ ਹੋਰ ਜਨਤਕ ਜਥੇਬੰਦੀਆਂ ਦਾ ਇੱਕ ਵੱਡਾ ਵਫਦ ਵੀ, ਪੂਰੇ ਘਟਨਾਕ੍ਰਮ ਦੀ ਜਾਣਕਾਰੀ ਹਾਸਿਲ ਕਰਨ ਲਈ, ਵਿਜੀਲੈਂਸੇ ਬਿਊਰੋ ਦੇ ਡੀਐਸਪੀ ਸਤਪਾਲ ਸਿੰਘ ਨੂੰ ਵੀ ਮਿਲਿਆ। ਵਫਦ ਨੂੰ ਡੀਐਸਪੀ ਨੇ ਕੇਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ, ਉਨ੍ਹਾਂ ਇਹ ਵੀ ਕਿਹਾ ਕਿ ਕੇਸ ਦੀ ਤਫਤੀਸ਼ ਜ਼ਾਰੀ ਹੈ, ਕੇਸ ਦੇ ਸਾਰੇ ਤੱਥ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਹੀ ਸਾਂਝੇ ਕੀਤੇ ਜਾ ਸਕਦੇ ਹਨ। ਵਿਜੀਲੈਂਸ ਬਿਊਰੋ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਾਲੂ ਕੀਤੇ ਪੋਰਟਲ ਤੇ ਪੰਕਜ਼ ਕੁਮਾਰ ਨੇ ਇਕ ਆਡਿੳ ਰਿਕਾਰਡਿੰਗ ਸਣੇ ਸ਼ਕਾਇਤ ਕੀਤੀ ਗਈ ਸੀ, ਜਿਸ ਦੀ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪਟਿਆਲਾ ਵਿਖੇ ਐਫ.ਆਈ.ਆਰ. ਦਰਜ਼ ਕਰਕੇ, ਟ੍ਰੈਪ ਲਗਾਇਆ ਗਿਆ ਸੀ। 

ਆਡੀੳ ਰਿਕਾਰਡਿੰਗ ਦੀ ਜਾਂਚ ਹੋਣੀ ਬਾਕੀ,, 

   ਕਾਨੂੰਨੀ ਮਾਹਿਰਾਂ ਅਨੁਸਾਰ ਪੜਤਾਲ ਦੌਰਾਨ ਸਾਹਮਣੇ ਆਈ ਕਿਸੇ ਵੀ ਆਡਿਉ ਰਿਕਾਰਡਿੰਗ ਦੀ ਅਵਾਜ ਟੈਸਟ ਹੋਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਸ਼ੱਕ ਦੇ ਘੇਰੇ ਵਿੱਚ ਹੀ ਰਹਿੰਦੀ ਹੈ।  ਕੇਸ ਵਿੱਚ ਨਾਮਜਦ ਦੋਸ਼ੀ ਅਦਾਲਤ ਰਾਹੀਂ ਆਪਣੀ ਅਵਾਜ ਸਬੰਧੀ ਟੈਸਟ ਕਰਵਾਉਣ ਦੀ ਮੰਗ ਵੀ ਕਰ ਸਕਦਾ ਹੈ। ਕੁੱਝ ਵੀ ਹੋਵੇ, ਇੰਸਪੈਕਟਰ ਵਰਿੰਦਰ ਸ਼ਰਮਾ ਦੇ ਮਾਮਲੇ ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। 

Advertisement
Advertisement
Advertisement
Advertisement
Advertisement
error: Content is protected !!