ਹਾਈਕੋਰਟ ਤੇ ਸਾਬਕਾ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਵਿੱਚ ਕਾਇਮ ਕੀਤੀ ਅਧਿਕਾਰੀਆਂ ਦੀ ਕਮੇਟੀ
9 ਦਸੰਬਰ ਨੂੰ ਫਿਰ ਹੋਵੇਗੀ, ਐਨ.ਜੀ.ਟੀ. ਕਰੇਗਾ ਸੁਣਵਾਈ
ਉੱਘੇ ਵਾਤਾਵਰਣ ਪ੍ਰੇਮੀ ਬੇਅੰਤ ਸਿੰਘ ਬਾਜਵਾ ਵੱਲੋਂ ਫੈਕਟਰੀ ਖਿਲਾਫ ਪਾਈ ਜਨਹਿੱਤ ਪਟੀਸ਼ਨ ਕੀਤੀ ਮਨਜ਼ੂਰ
ਹਰਿੰਦਰ ਨਿੱਕਾ , ਬਰਨਾਲਾ 18 ਨਵੰਬਰ 2022
ਮੋਟਾ ਮੁਨਾਫਾ ਕਮਾਉਣ ਲਈ, ਇਲਾਕੇ ਦੇ ਪੌਣ ਪਾਣੀ ਨੂੰ ਗੰਧਲਾ ਕਰਨ ਵਿੱਚ ਮਸ਼ਰੂਫ ਆਈ.ਓ.ਐੱਲ. ਕੈਮੀਕਲ ਫੈਕਟਰੀ ਫਤਹਿਗੜ੍ਹ ਛੰਨ੍ਹਾ-ਧੌਲਾ ਤੇ ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਐਂਟੀ ਕੁਪਰੱਸ਼ਨ ਕੌਸ਼ਲ ਭਾਰਤ ਦੇ ਜ਼ਿਲ੍ਹਾ ਬਰਨਾਲਾ (ਰੂਰਲ) ਦੇ ਪ੍ਰਧਾਨ ਤੇ ਉੱਘੇ ਵਾਤਾਵਰਣ ਪ੍ਰੇਮੀ ਬੇਅੰਤ ਸਿੰਘ ਬਾਜਵਾ ਵੱਲੋਂ ਆਈ.ਓ.ਐੱਲ. ਕੈਮੀਕਲ ਫੈਕਟਰੀ ਫਤਹਿਗੜ੍ਹ ਛੰਨ੍ਹਾ-ਧੌਲਾ ਜ਼ਿਲ੍ਹਾ ਬਰਨਾਲਾ ਦੇ ਖਿਲਾਫ ਆਲੇ ਦੁਆਲੇ ਪਿੰਡਾਂ ਨੂੰ ਦੂਸ਼ਿਤ ਵਾਤਾਵਰਣ ਤੋਂ ਬਚਾਉਣ ਲਈ ਮਾਨਯੋਗ ਅਦਾਲਤ ਐਨ ਜੀ ਟੀ ਦਿੱਲੀ ਕੋਲ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਨੂੰ ਮਾਨਯੋਗ ਅਦਾਲਤ ਐਨ ਜੀ ਟੀ ਦਿੱਲੀ ਨੇ ਜਨਹਿੱਤ ਪਟੀਸ਼ਨ ਮੰਨਦਿਆਂ ਪੰਜਾਬ ਸਰਕਾਰ ਨੂੰ ਪਾਰਟੀ ਬਣਾ ਕੇ ਅਗਲੇਰੀ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ।ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਵੱਲੋਂ ਇੱਕ ਪ੍ਰਾਈਵੇਟ ਫੈਕਟਰੀ ਖਿਲਾਫ ਪਹਿਲਾਂ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ।ਜਿਸ ਵਿਚ ਮਾਨਯੋਗ ਅਦਾਲਤ ਨੇ ਉਸ ਫੈਕਟਰੀ ਨੂੰ 5 ਕਰੋੜ ਰੁਪਏ ਵਾਤਾਵਰਣ ਦੇ ਰੱਖ ਰਖਾਵ ਤੇ ਖਰਚਣ ਲਈ ਕਿਹਾ ਗਿਆ ਹੈ।ਬੇਅੰਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਫੈਕਟਰੀ ਵੀ ਉਸ ਫੈਕਟਰੀ ਦੇ ਬਿਲਕੁਲ ਨਜ਼ਦੀਕ ਹੈ।ਆਲੇ ਦੁਆਲੇ ਦੇ ਪਿੰਡਾਂ ਅੰਦਰ ਪ੍ਰਦੂਸ਼ਣ ਫੈਲਾਉਣ ਵਿਚ ਵੀ ਉਕਤ ਕੈਮੀਕਲ ਫੈਕਟਰੀ ਵੀ ਉਨ੍ਹਾਂ ਹੀ ਜਿੰਮੇਵਾਰ ਹੈ।ਇਸ ਲਈ ਕੈਮੀਕਲ ਫੈਕਟਰੀ ਨੂੰ ਉਨ੍ਹਾਂ ਹੀ ਜੁਰਮਾਨਾ ਹੋਣਾ ਚਾਹੀਦਾ ਹੈ।ਮਾਨਯੋਗ ਅਦਾਲਤ ਐਨ ਜੀ ਟੀ ਦਿੱਲੀ ਵੱਲੋਂ ਮਿਤੀ 09 ਨਵੰਬਰ 2022 ਨੂੰ ਜਨਹਿੱਤ ਪਟੀਸ਼ਨ ਤੇ ਸੁਣਵਾਈ ਕਰਦਿਆ ਪ੍ਰਦੂਸ਼ਣ ਦੀ ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਉਕਤ ਕੈਮੀਕਲ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ਸਿੰਘ ਦੀ ਨਿਗਰਾਨੀ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਮੇਟੀ ਬਣਾ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।ਜਾਂਚ ਕਮੇਟੀ ਨੂੰ ਅਗਲੀ ਸੁਣਵਾਈ ਮਿਤੀ 9 ਦਸੰਬਰ 2022 ਤੱਕ ਰਿਪੋਰਟ ਮਾਨਯੋਗ ਅਦਾਲਤ ਨੂੰ ਭੇਜਣ ਲਈ ਨਿਰਦੇਸ਼ ਦਿੱਤੇ ਗਏ ਹਨ।