ਪਟਿਆਲਾ ਮੀਡੀਆ ਕਲੱਬ ਨੇ ਮਨਾਇਆ ਕੌਮੀ ਪ੍ਰੈਸ ਦਿਹਾੜਾ
ਵਿੱਤ ਮੰਤਰੀ ਨੇ ਪ੍ਰੈਸ ਦਿਹਾੜੇ ‘ਤੇ ਪੱਤਰਕਾਰ ਭਾਈਚਾਰੇ ਨੂੰ ਦਿੱਤੀ ਵਧਾਈ
ਪਾਰਦਰਸ਼ੀ ਪ੍ਰਸ਼ਾਸਨ ਦੇਣ ‘ਚ ਮੀਡੀਆ ਦਾ ਯੋਗਦਾਨ ਅਹਿਮ : ਡਿਪਟੀ ਕਮਿਸ਼ਨਰ
ਪ੍ਰੈਸ ਦਿਹਾੜੇ ‘ਤੇ ਲਗਾਏ ਕੈਂਪ ‘ਚ ਵੱਡੀ ਗਿਣਤੀ ਦਾਨੀਆਂ ਨੇ ਕੀਤਾ ਖੂਨਦਾਨ
ਰਾਜੇਸ਼ ਗੋਤਮ , ਪਟਿਆਲਾ, 16 ਨਵੰਬਰ 2022
ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ ਦੀ ਮਜ਼ਬੂਤੀ ਲਈ ਹਰੇਕ ਸੰਭਵ ਯਤਨ ਕੀਤਾ ਜਾ ਰਿਹਾ ਹੈ। ਸ. ਚੀਮਾ ਅੱਜ ਕੌਮੀ ਪ੍ਰੈਸ ਦਿਹਾੜੇ ਮੌਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਕਰਵਾਏ ਸਮਾਗਮ ਅਤੇ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਸ. ਹਰਪਾਲ ਸਿੰਘ ਚੀਮਾ ਨੇ ਪੱਤਰਕਾਰ ਭਾਈਚਾਰੇ ਨੂੰ ਕੌਮੀ ਪ੍ਰੈਸ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਿੰਟ ਤੇ ਇਲੈਕਟਰੋਨਿਕ ਮੀਡੀਆ ਜਦ ਜ਼ਮੀਨੀ ਪੱਧਰ ‘ਤੇ ਜਾ ਕੇ ਰਿਪੋਟਿੰਗ ਕਰਦਾ ਹੈ ਤਾਂ ਲੋਕ ਮਸਲੇ ਉਜਾਗਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਵਿੱਚ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਤੇ ਕਮੀਆਂ ਨੂੰ ਆਮ ਲੋਕਾਂ ਤੱਕ ਪਹੁੰਚਾ ਕੇ ਲੋਕ ਰਾਏ ਬਣਾਉਣ ਵਿੱਚ ਮੀਡੀਆ ਵੱਡੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਆਮ ਲੋਕਾਂ ਵਿੱਚ ਮੀਡੀਆ ਇੱਕ ਕੜੀ ਹੈ ਜਿਸ ਸਦਕਾ ਛੋਟੀ ਤੋਂ ਛੋਟੀ ਘਟਨਾ ਸਰਕਾਰ ਤੱਕ ਪੁੱਜਦੀ ਹੈ।
ਕੈਬਨਿਟ ਮੰਤਰੀ ਨੇ ਇਸ ਮੌਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਰੱਖੀਆਂ ਮੰਗਾਂ ਬਾਬਤ ਭਰੋਸਾ ਦਿੱਤਾ ਕਿ ਪੱਤਰਕਾਰਾਂ ਦੀਆਂ ਮੰਗਾਂ ‘ਤੇ ਗ਼ੌਰ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਕਦਮ ਉਠਾਇਆ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੌਮੀ ਪ੍ਰੈਸ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਨੂੰ ਚੌਕਸ ਰੱਖਣ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਇਸ ਮੌਕੇ ਇਕ ਕਵਿਤਾ ਰਾਹੀ ਨਾਜ਼ੀ ਦੌਰ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸਦੇ ਡੂੰਘੇ ਅਰਥਾਂ ਨੂੰ ਧਿਆਨ ਵਿਚ ਰੱਖਦਿਆਂ ਪੱਤਰਕਾਰਤਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਦੇਣ ‘ਚ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਹੈ।
ਸਮਾਗਮ ਦੌਰਾਨ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪੱਤਰਕਾਰਾਂ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਪ੍ਰੈਸ ਦੀ ਆਜ਼ਾਦੀ ਹੀ ਇਸ ਦੀ ਵਿਲੱਖਣਤਾ ਹੈ।
ਇਸ ਤੋਂ ਪਹਿਲਾਂ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸ. ਨਵਦੀਪ ਢੀਂਗਰਾ ਨੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਦਾ ਸਵਾਗਤ ਕੀਤਾ ਅਤੇ ਸੀਨੀਅਰ ਪੱਤਰਕਾਰ ਸ੍ਰੀ ਰਾਣਾ ਰਣਧੀਰ ਨੇ ਪਟਿਆਲਾ ਮੀਡੀਆ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕਲੱਬ ਦੇ ਵਾਇਸ ਪ੍ਰਧਾਨ ਕਰਮ ਪ੍ਰਕਾਸ਼ ਨੇ ਕੌਮੀ ਪ੍ਰੈਸ ਦਿਹਾੜੇ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਤੇ ਕਲੱਬ ਤੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਔਲਖ ਨੇ ਪੱਤਰਕਾਰ ਭਾਈਚਾਰੇ ਦੀਆਂ ਕੁਝ ਅਹਿਮ ਮੰਗਾਂ ਤੋਂ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ।
ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਵੱਲੋਂ ਲਗਾਏ ਗਏ ਖੂਨਦਾਨ ਕੈਂਪ ‘ਚ ਸਰਕਾਰੀ ਸਟੇਟ ਕਾਲਜ, ਸ਼ਹੀਦ ਭਗਤ ਸਿੰਘ ਕਲੱਬ, ਸਰਬੱਤ ਫਾਊਂਡੇਸ਼ਨ, ਫਿਜ਼ੀਕਲ ਕਾਲਜ ਵੱਲੋਂ ਆਏ ਵਲੰਟੀਅਰਾਂ ਸਮੇਤ ਵੱਡੀ ਗਿਣਤੀ ਪੱਤਰਕਾਰਾਂ ਨੇ ਕੈਂਪ ਦੌਰਾਨ ਖੂਨਦਾਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਤੇ ਪਟਿਆਲਾ ਮੀਡੀਆ ਕਲੱਬ ਵੱਲੋਂ ਮੁੱਖ ਮਹਿਮਾਨ ਤੇ ਹੋਰਨਾਂ ਪੁੱਜੀਆਂ ਸਖਸ਼ੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੌਰਾਨ ਸੀਨੀਅਰ ਮੈਂਬਰ ਗਗਨਦੀਪ ਸਿੰਘ ਆਹੂਜਾ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸਮੂਹ ਪੱਤਰਕਾਰਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਭੰਗੂ ਬਾਖੂਬੀ ਕੀਤਾ।
ਇਸ ਮੌਕੇ ਕਲੱਬ ਦੇ ਮੈਂਬਰ ਜਸਵਿੰਦਰ ਸਿੰਘ ਦਾਖਾ, ਜਸਪਾਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਚੱਠਾ, ਪਰਮੀਤ ਸਿੰਘ, ਰਵੇਲ ਸਿੰਘ ਭਿੰਡਰ, ਕੰਵਰਇੰਦਰ ਸਿੰਘ, ਕਰਮ ਪ੍ਰਕਾਸ਼, ਰਜੇਸ਼ ਸੱਚਰ, ਅਨੂ ਅਲਬਰਟ, ਸੁਸ਼ਾਂਕ, ਅਜੈ ਸ਼ਰਮਾ, ਪਰਗਟ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਔਲਖ, ਧਰਮਿੰਦਰ ਸਿੰਘ ਸਿੱਧੂ, ਮਨਦੀਪ ਸਿੰਘ ਖਰੌੜ, ਵਰੁਣ ਸੈਣੀ, ਗੁਲਸ਼ਨ ਸ਼ਰਮਾ, ਹਰਮੀਤ ਸੋਢੀ, ਰਾਮ ਸਰੂਪ ਪੰਜੋਲਾ, ਸਾਬਕਾ ਡੀ.ਪੀ.ਆਰ.ਓ. ਸੁਰਜੀਤ ਸਿੰਘ ਦੁੱਖੀ ਅਤੇ ਕੁਲਜੀਤ ਸਿੰਘ ਸਮੇਤ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਹੋਰ ਪੱਤਰਕਾਰ ਵੱਡੀ ਗਿਣਤੀ ‘ਚ ਮੌਜੂਦ ਸਨ।