ਦਵਿੰਦਰ ਡੀ ਕੇ/ ਲੁਧਿਆਣਾ, 28 ਅਕਤੂਬਰ 2022
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦੋ ਸਿਰਕੱਢ ਪੰਜਾਬੀ ਲੇਖਕਾਂ ਸੂਫ਼ੀ ਅਮਰਜੀਤ (ਕੈਨੇਡਾ) ਤੇ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਦਿਆਂ ਇਸ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦੋਵੇ ਲੇਖਕ ਸਿਰਫ਼ ਕਲਮ ਦੇ ਧਨੀ ਹੀ ਨਹੀਂ ਸਨ ਸਗੋਂ ਲੋਕ ਹਿਤਾਂ ਦੇ ਸੁਚੇਤ ਪਹਿਰੇਦਾਰ ਸਨ।
ਸੂਫ਼ੀ ਅਮਰਜੀਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਸੀਆਂ ਵਿੱਚ ਪੈਦਾ ਹੋਣ ਉਪਰੰਤ ਜਵਾਨ ਹੋ ਕੇ ਸਾਰੀ ਉਮਰ ਕੈਨੇਡਾ ਰਹੇ। ਉਨ੍ਹਾਂ ਦੀ ਅਮਰ ਰਚਨਾ ਹੋਚੀ ਮਿੰਨ੍ਹ ਮਹਾਂਕਾਵਿ ਮੁੱਲਵਾਨ ਰਚਨਾ ਹੈ ਜੋ ਹਿੰਦੀ ਵਿੱਚ ਵੀ ਅਨੁਵਾਦ ਹੋ ਚੁਕਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਉਰ ਕਾਰਜਕਾਰੀ ਮੈਂਬਰ ਵੀ ਰਹੇ।
ਦੂਜੇ ਵਿੱਛੜੇ ਲੇਖਕ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਨੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਜੀ ਤੋਂ ਪ੍ਰੇਰਨਾ ਲੈ ਕੇ ਜੀਵਨ ਸੰਘਰਸ਼ ਆਰੰਭਿਆ। ਸੱਤ ਪੰਜਾਬੀ ਪੁਸਤਕਾਂ ਦੇ ਲੇਖਕ ਗਿਆਨੀ ਜੀ ਅਧਿਆਪਨ ਕਿੱਤੇ ਚ ਹੀ ਉਮਰ ਭਰ ਲੱਗੇ ਰਹੇ। ਨਿਹਾਲ ਸਿੰਘ ਵਾਲਾ ਖੇਤਰ ਦੀਆਂ ਸਾਹਿੱਤਕ, ਸੱਭਿਆਚਾਰਕ ਤੇ ਜਥੇਬੰਦਕ ਸਰਗਰਮੀਆਂ ਕਾਰਨ ਉਨ੍ਹਾਂ ਨੂੰ ਭੀਸ਼ਮ ਪਿਤਾਮਾ ਕਿਹਾ ਜਾਂਦਾ ਸੀ।
ਦੋਹਾਂ ਲੇਖਕਾਂ ਨੂੰ ਪ੍ਰੋਃ ਗੁਰਭਜਨ ਗਿੱਲ ਤੋਂ ਇਲਾਵਾ ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਕਰਮਜੀਤ ਗਰੇਵਾਲ ਨੇ ਵੀ ਸ਼ਰਧਾ ਸੁਮਨ ਭੇਂਟ ਕੀਤੇ ਹਨ।