ਰਿਚਾ ਨਾਗਪਾਲ/ ਪਟਿਆਲਾ , 28 ਅਕਤੂਬਰ 2022
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ 1984 ਦੇ ਦਿਲੀ ਸਿੱਖ ਕਤਲੇਆਮ ਕੇਸ ਵਿੱਚ ਨਾਮਜ਼ਦ ਜਗਦੀਸ਼ ਟਾਈਟਲਰ ਨੂੰ ਸ਼ਾਮਲ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਦੀ ਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਸਿੱਖਾਂ ਦੀ ਵਿਰੋਧੀ ਰਹੀ ਹੈ ਤੇ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨਗੀ ਦੀ ਸਹੁੰ ਚੁੱਕ ਸਮਾਗਮ ਵਿੱਚ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਨੇ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ਤੇ ਲੂਣ ਛਿੜਕਣ ਦਾ ਯਤਨ ਕੀਤਾ ਹੈ ।
ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਨੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖਾਂ ਤੇ ਤਸ਼ੱਦਦ ਢਾਹ ਕੇ ਸਿੱਖਾਂ ਦੇ ਗਲਾਂ ਵਿੱਚ ਟਾਇਰਾਂ ਨੂੰ ਅੱਗ ਲਗਾ ਲਗਾ ਕੇ ਜਿਊਂਦਾ ਸਾੜਿਆ, ਤੇ ਇਹ ਕਤਲੇਆਮ ਕਦੇ ਵੀ ਸਿੱਖਾਂ ਦੇ ਦਿਲਾਂ ਵਿੱਚੋਂ ਨਹੀਂ ਨਿਕਲ ਸਕੇਗਾ । ਉਨ੍ਹਾਂ ਕਿਹਾ ਕਿ ਦਿੱਲੀ ਕਤਲੇਆਮ ਦੇ ਦੋਸ਼ਾਂ ਵਿਚ ਨਾਮਜ਼ਦ ਹੋਏ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਵੱਲੋਂ ਫਿਰ ਵੀ ਹਰੇਕ ਸਮਾਗਮ ਵਿਚ ਅੱਗੇ ਰੱਖ ਕੇ ਸਿੱਖਾਂ ਦੇ ਅੱਲ੍ਹੇ ਜ਼ਖ਼ਮਾਂ ਨੂੰ ਹਰਾ ਕੀਤਾ ਜਾ ਰਿਹਾ ਹੈ ।