ਹਰਪ੍ਰੀਤ ਕੌਰ ਬਬਲੀ/ ਧੂਰੀ, 26 ਅਕਤੂਬਰ 2022
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸਾਇੰਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿਚ ਲੈੱਕਚਰ ਲੜੀ ਤਹਿਤ “ਨੈਨੋਟੈਕਨਾਲੋਜੀ ਮਲਟੀਡਿਸਪਲਨਰੀ ਟੈਕਨਾਲੋਜੀ ਆਫ 21 ਸੈਂਚੁਰੀ” ਵਿਸ਼ੇ ਉੱਤੇ ਲੈੱਕਚਰ ਕਰਵਾਇਆ ਗਿਆ। ਇਸ ਵਿਚ ਮੁੱਖ ਬੁਲਾਰੇ ਦੇ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫ਼ਿਜਿਕਸ ਵਿਭਾਗ ਤੋਂ ਡਾ. ਕਰਮਜੀਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਲੈੱਕਚਰ ਦੇ ਸ਼ੁਰੂਆਤ ਵਿੱਚ ਸਾਇੰਸ ਵਿਭਾਗ ਦੇ ਕੋਆਰਡੀਨੇਟਰ ਡਾ ਅਸ਼ੋਕ ਕੁਮਾਰ ਵੱਲੋਂ ਮੁੱਖ ਬੁਲਾਰੇ ਦਾ ਰਸਮੀ ਸਵਾਗਤ ਕੀਤਾ ਗਿਆ।
ਡਾ ਧਾਲੀਵਾਲ ਨੇ ਬੋਲਦੇ ਕਿਹਾ ਕਿ ਅੱਜ ਦਾ ਯੁੱਗ ਨੈਨੋ ਤਕਨਾਲੋਜੀ ਦਾ ਯੁੱਗ ਹੋਣ ਕਰਕੇ ਨੈਨੋ ਤਕਨਾਲੋਜੀ ਦੁਆਰਾ ਇਹੋ ਜਿਹੇ ਪਦਾਰਥ ਬਣਾਏ ਜਾਂਦੇ ਹਨ, ਜਿਨ੍ਹਾਂ ਦਾ ਸਾਈਜ਼ ਮਨੁੱਖੀ ਵਾਲ ਦੇ ਸਾਈਜ਼ ਦਾ 1/60000 ਹਿੱਸਾ ਹੁੰਦਾ ਹੈ। ਨੈਨੋ ਸਾਈਜ਼ ਉੱਪਰ ਪਦਾਰਥ ਦੀਆਂ ਵਿਸ਼ੇਸ਼ਤਾਵਾਂ ਬਿਲਕੁਲ ਹੀ ਬਦਲ ਜਾਂਦੀਆਂ ਹਨ ਜਿਵੇਂ ਆਮ ਸੋਨੇ ਦਾ ਰੰਗ ਪੀਲਾ ਹੁੰਦਾ ਹੈ ਪਰ ਇੱਕ ਨੈਨੋਮੀਟਰ ਪਾਰਟੀਕਲ ਸਾਈਜ਼ ਵਾਲੇ ਸੋਨੇ ਦਾ ਰੰਗ ਨੀਲਾ ਤੇ ਤਿੰਨ ਨੈਨੋਮੀਟਰ ਪਾਰਟੀਕਲ ਸਾਈਜ਼ ਵਾਲੇ ਸੋਨੇ ਦਾ ਰੰਗ ਲਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਨੈਨੋ ਤਕਨਾਲੋਜੀ ਦੀ ਮਦਦ ਨਾਲ ਅਜਿਹੇ ਕੱਪੜੇ ਬਣਾਏ ਜਾ ਸਕਦੇ ਹਨ ਜੋ ਕਿ ਬਿਲਕੁਲ ਵੀ ਗੰਦੇ ਨਹੀਂ ਹੁੰਦੇ ਅਤੇ ਉਨ੍ਹਾਂ ਵਿਚ ਸਿੱਲਵੱਟੇ ਵੀ ਨਹੀਂ ਪੈਂਦੇ।
ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲੈੱਕਚਰ ਤੋਂ ਇਹ ਜਾਣਨ ਦਾ ਮੌਕਾ ਮਿਲਿਆ ਕਿ ਨੈਨੋ ਤਕਨਾਲੋਜੀ ਅਤੇ ਨੈਨੋ ਸਾਇੰਸ ਮਨੁੱਖਤਾ ਦੇ ਵਿਕਾਸ ਵਿੱਚ ਕਿਹੜੀ ਭੂਮਿਕਾ ਨਿਭਾ ਸਕਦੀ ਹੈ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਲੈੱਕਚਰ ਦੌਰਾਨ ਸਮੂਹ ਵਿਭਾਗੀ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।