- ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਕੀਤੇ ਸਥਾਨਾਂ ਤੇ ਹੀ ਲਗਾਏ ਜਾ ਸਕਣਗੇ ਪਟਾਕਿਆਂ ਦੇ ਸਟਾਲ
- ਦੀਵਾਲੀ ਵਾਲੇ ਦਿਨ ਰਾਤ 8:00 ਵਜੇ ਤੋਂ 10:00 ਵਜੇ ਤੱਕ ਹੀ ਚਲਾਏ ਜਾ ਸਕਣਗੇ ਪਟਾਕੇ
- ਸਵੇਰੇ 10:00 ਵਜੇ ਤੋਂ ਰਾਤ 7:30 ਵਜੇ ਤੱਕ ਵੇਚੇ ਜਾ ਸਕਣਗੇ ਪਟਾਕੇ
- ਡਿਪਟੀ ਕਮਿਸ਼ਨਰ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੀਆਂ ਚਾਰ ਸਬ-ਡਵੀਜ਼ਨਾਂ ਲਈ ਪਟਾਕਿਆਂ ਦੇ ਕੱਢੇ ਲਾਇਸੈਂਸ
ਪੀਟੀ ਨਿਊਜ਼/ ਫ਼ਤਹਿਗੜ੍ਹ ਸਾਹਿਬ, 18 ਅਕਤੂਬਰ 2022
ਦੀਵਾਲੀ ਲਈ ਪਟਾਕਿਆਂ ਵੇਚਣ ਲਈ ਸਟਾਲ ਲਗਾਉਣ ਵਾਲੇ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਲਾਇਸੈਂਸ/ਮਨਜੂਰੀ ਤੋਂ ਬਿਨਾਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਟਾਕੇ ਵੇਚਣ ਲਈ ਉਨ੍ਹਾਂ ਥਾਵਾਂ ਤੇ ਹੀ ਸਟਾਲ ਲਗਾਏ ਜਾ ਸਕਦੇ ਹਨ ਜਿਹੜੇ ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਹਨ। ਜੇਕਰ ਕੋਈ ਦੁਕਾਨਦਾਰ ਇਨ੍ਹਾਂ ਥਾਵਾਂ ਤੋਂ ਬਿਨਾਂ ਕਿਸੇ ਹੋਰ ਸਥਾਨ ਤੇ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਆਦੇਸ਼ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬੱਚਤ ਭਵਨ ਵਿਖੇ ਪਟਾਕਿਆਂ ਦੇ ਲਾਇਸੈਂਸ ਦੇ ਡਰਾਅ ਕੱਢਣ ਮੌਕੇ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਦੁਕਾਨਦਾਰਾਂ ਨੂੰ ਦਿੱਤੇ। ਉਨ੍ਹਾਂ ਦੁਕਾਨਦਾਰਾਂ ਨੂੰ ਇਹ ਵੀ ਕੀਤਾ ਕਿ ਪਟਾਕੇ ਵੇਚਣ ਲਈ ਲਗਾਏ ਜਾਣ ਵਾਲੇ ਸਟਾਲ ਤੇ ਲਾਇਸੈਂਸ ਦੀ ਅਸਲ ਕਾਪੀ ਹੋਣੀ ਲਾਜ਼ਮੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਲਾਇਸੈਂਸ ਰੱਦ ਕੀਤਾ ਜਾਵੇਗਾ।
ਸ਼੍ਰੀਮਤੀ ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਵੇਚਣ ਲਈ ਸਟਾਲ ਨਹੀਂ ਲਗਾਏ ਜਾ ਸਕਦੇ ਅਤੇ ਦੀਵਾਲੀ ਨੂੰ ਰਾਤ 08:00 ਵਜੇ ਤੋਂ 10:00 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਦੁਕਾਨਦਾਰ ਪਟਾਕੇ ਚਲਾਉਣ ਦੇ ਸਮੇਂ ਦਾ ਆਪਣੀਆਂ ਦੁਕਾਨਾਂ ਤੇ ਬੈਨਰ ਵੀ ਲਗਾਉਣਗੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਹੋਰ ਦੱਸਿਆ ਕਿ ਪਟਾਕੇ ਵੇਚਣ ਦੇ ਸਟਾਲ ਲਗਾਉਣ ਵਾਲਿਆਂ ਨੂੰ ਫਾਇਰ ਵਿਭਾਗ ਵੱਲੋਂ ਇਤਰਾਜਹੀਣਤਾ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੋਵੇਗਾ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਪਟਾਕੇ ਜਬ਼ਤ ਕਰ ਲਏ ਜਾਣਗੇ।
ਅੱਜ ਬੱਚਤ ਭਵਨ ਵਿਖੇ ਪਟਾਕਿਆਂ ਦੇ ਕੱਢੇ ਗਏ ਡਰਾਅ ਅਨੁਸਾਰ ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ-ਸਰਹਿੰਦ ਲਈ 9 ਬਸੀ ਪਠਾਣਾ ਲਈ 4, ਅਮਲੋਹ ਲਈ 4, ਮੰਡੀ ਗੋਬਿੰਦਗੜ੍ਹ ਲਈ 6 ਅਤੇ ਸਬ ਡਵੀਜ਼ਨ ਖਮਾਣੋਂ ਲਈ 3 ਡਰਾਅ ਕੱਢੇ ਗਏ। ਇਸ ਤੋਂ ਇਲਾਵਾ 2-2 ਵਾਧੂ ਡਰਾਅ ਵੀ ਕੱਢੇ ਗਏ ਤਾਂ ਜੋ ਜੇਕਰ ਕੋਈ ਦੁਕਾਨਦਾਰ ਲਾਇਸੈਂਸ ਲੈਣ ਨਹੀਂ ਆਉਦਾ ਤਾਂ ਵੇਟਿੰਗ ਲਿਸਟ ਵਾਲਾ ਦੁਕਾਨਦਾਰ ਲਾਇਸੈਂਸ ਲੈ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਬ-ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਸ਼ਹਿਰ ਦੇ ਦੁਸ਼ਹਿਰਾ ਗਰਾਊਂਡ, ਚਨਾਰਥਲ ਕਲਾਂ ਦੇ ਖੇਡ ਗਰਾਊਂਡ, ਪਿੰਡ ਮੂਲੇਪੁਰ ਦੇ ਖੇਡ ਗਰਾਊਂਡ ਅਤੇ ਬਡਾਲੀ ਆਲਾ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਪਟਾਕੇ ਵੇਚਣ ਲਈ ਸਥਾਨ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ ਡਵੀਜ਼ਨ ਬਸੀ ਪਠਾਣਾ ਦੇ ਨਾਮਦੇਵ ਮੰਦਰ ਦੁਸਹਿਰਾ ਗਰਾਊਂਡ ਅਤ ਚੁੰਨੀ ਕਲਾਂ ਵਿਖੇ ਸੈਂਪਲੀ ਰੋਡ, ਸਬ ਡਵੀਜ਼ਨ ਅਮਲੋਹ ਲਈ ਆਊਟ ਡੋਰ ਸਟੇਡੀਅਮ (ਦੁਸਹਿਰਾ ਗਰਾਊਂਡ) ਮੰਡੀ ਗੋਬਿੰਦਗੜ੍ਹ, ਮਾਘੀ ਕਾਲਜ ਅਮਲੋਹ ਦੇ ਸਾਬਮਣੇ ਵਾਲੀ ਖਾਲੀ ਜਗ੍ਹਾ, ਸਬ ਡਵੀਜ਼ਨ ਖਮਾਣੋਂ ਦੇ ਦੁਸਹਿਰਾ ਗਰਾਊਂਡ, ਸੰਘੋਲ ਦੇ ਦੁਸਹਿਰਾ ਗਰਾਊਂਡ, ਖੇੜੀ ਨੌਧ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਭੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਟਾਕੇ ਵੇਚਣ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੁਪ੍ਰਿਤਾ ਜੋਹਲ ਅਤੇ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਪਟਾਕਿਆਂ ਦੇ ਲਾਇਸੈਂਸ ਲੈਣ ਲਈ ਅਪਲਾਈ ਕਰਨ ਵਾਲੇ ਦੁਕਾਨਦਾਰ ਵੀ ਮੌਜੂਦ ਸਨ।