ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਅਤੇ ਵਾਰਡ ਅਟੈਂਡੈਂਟ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਦੀ ਨਕਦੀ
ਨਸ਼ਾ ਛੁਡਾਊ ਸੈਂਟਰ ਦਾ ਮਾਲਿਕ ਵੱਖ ਵੱਖ ਨਾਮਾਂ ਹੇਠ ਪੰਜਾਬ ਭਰ ਅੰਦਰ ਚਲਾ ਰਿਹਾ 15 ‘ਨਸ਼ਾ ਛੁਡਾਊ’ ਕੇਂਦਰ
ਦਵਿੰਦਰ ਡੀ.ਕੇ. ਲੁਧਿਆਣਾ ,11 ਅਕਤੂਬਰ 2022
100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵਾਲੀ, ਪੁਰਾਣੀ ਕਹਾਵਤ ਨਸ਼ਾ ਛੁਡਾਊ ਕੇਂਦਰ ਦੀ ਆੜ ਹੇਠ ਨਸ਼ੇ ਸਪਲਾਈ ਕਰਨ ਵਿੱਚ ਰੁੱਝਿਆ ਨਸ਼ਾ ਛੁਡਾਊ ਕੇਂਦਰ ਦਾ ਮੈਨੇਜਰ ਅਤੇ ਇੱਕ ਹੋਰ ਮੁਲਾਜਿਮ ਐਸ.ਟੀ.ਐਫ. ਦੀ ਟੀਮ ਦੇ ਧੱਕੇ ਚੜ੍ਹ ਹੀ ਗਿਆ। ਐਸ.ਟੀ.ਐਫ. ਵੱਲੋਂ ਫੜ੍ਹੇ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਕਬਜ਼ੇ ਵਿੱਚੋਂ 27 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਹਜ਼ਾਰਾਂ ਰੁਪਏ ਦੀ ਕਥਿਤ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪ੍ਰਪਾਤ ਹੋਈ ਜਾਣਕਾਰੀ ਦੇ ਅਨੁਸਾਰ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਟੀਮ ਨੇ ਮੁਖ਼ਬਰ ਤੋਂ ਮਿਲੀ ਪੁਖਤਾ ਇਤਲਾਹ ਦੇ ਅਧਾਰ ਪਰ ਕ੍ਰਿਸਨਾ ਮਾਰਕੀਟ ਲੁਧਿਆਣਾ ਨੇੜੇ ਇੱਕ ਐਕਟਿਵਾ ਸਕੂਟੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਟੀਮ ਨੂੰ ਸਕੂਟੀ ਅੱਗੇ ਰੱਖੇ ਇੱਕ ਬੈਗ ਚੋਂ 4000 (Buprilex-N and Addnok-N) ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਦੀ ਕਥਿਤ ਡਰੱਗ ਮਨੀ ਬਰਾਮਦ ਹੋਈ ਤੇ ਐਸ.ਟੀ.ਐਫ. ਨੇ ਸਕੂਟੀ ਸਵਾਰ ਦੋ ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਵੀ ਕਰ ਲਿਆ ।
ਗ੍ਰਿਫਤਾਰ ਕੀਤੇ ਗਏ ਨਾਮਜ਼ਦ ਦੋਸ਼ੀਆਂ ਦੀ ਪਹਿਚਾਣ ਮਾਡਲ ਟਾਊਨ ਲੁਧਿਆਣਾ ਸਥਿਤ ਸਿਮਰਨ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਵੇਦਾਂਤ ਕੁਮਾਰ ਅਤੇ ਵਾਰਡ ਅਟੈਂਡੈਂਟ ਕਮਲਜੀਤ ਕੁਮਾਰ ਵਜੋਂ ਹੋਈ ਹੈ । STF ਟੀਮ ਵਲੋਂ ਮੁੱਢਲੀ ਪੁੱਛਗਿੱਛ ਤੋਂ ਬਾਅਦ ਨਾਮਜ਼ਦ ਦੋਸ਼ੀ ਵੇਦਾਂਤ ਕੁਮਾਰ ਅਤੇ ਕਮਲਜੀਤ ਕੁਮਾਰ ਵਾਸੀ ਫੁੱਲਾਂਵਾਲ ਹਾਲ ਅਬਾਦ ਵਾਸੀ ਬਰਨਾਲਾ ਦੀ ਨਿਸ਼ਾਨਦੇਹੀ ਤੇ ਨਿਊ ਕਰਤਾਰ ਨਗਰ ਸਥਿਤ ਇੱਕ ਕੋਠੀ ਦੀ ਤੀਜੀ ਮੰਜ਼ਿਲ ਦੇ ਇੱਕ ਬੈੱਡ ਵਿਚੋਂ 23000 ਹਜ਼ਾਰ Addnok-N ਦੀਆਂ ਗੋਲੀਆਂ ਬਰਾਮਦ ਕੀਤੀਆਂ ਕੀਤੀਆਂ ਗਈਆਂ । ਐਸ.ਟੀ.ਐਫ. ਇੰਚਾਰਜ ਨੇ ਦੱਸਿਆ ਕਿ ਉਕਤ ਸੈਂਟਰ ਦੇ ਮੁਲਾਜ਼ਮਾਂ ਕੋਲੋਂ ਕੁੱਲ 27000 ਕਥਿਿਤ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਕਥਿਤ ਡਰੱਗ ਮਨੀ ਬਰਾਮਦ ਕੀਤੇ ਗਏ ਹਨ ।
ਸੂਤਰਾਂ ਅਨੁਸਾਰ ਗ੍ਰਿਫਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ, ਇਹ ਵੀ ਇੰਕਸ਼ਾਫ ਕੀਤਾ ਹੈ ਕਿ ਸਿਮਰਨ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਲੁਧਿਆਣਾ ਦੇ ਮਾਲਿਕ ਦੀਆਂ ਵੱਖ-ਵੱਖ ਨਾਮਾਂ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਦਰ 15 ਬ੍ਰਾਂਚਾਂ ਹਨ ਅਤੇ ਬਰਨਾਲਾ ਅੰਦਰ ਵੀ ਪਿਛਲੇ ਕੁੱਝ ਅਰਸੇ ਤੋਂ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੇ ਨਾਮ ਹੇਠ ਇੱਕ ਬ੍ਰਾਂਚ ਚੱਲ ਰਹੀ ਹੈ । ਇਹ ਵੀ ਪਤਾ ਲੱਗਿਆ ਹੈ ਉਕਤ ਸੈਂਟਰਾਂ ਦਾ ਮਾਲਿਕ ਬਰਨਾਲਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਅਤੇ ਪਿਛਲੇ ਦਿਨੀਂ ਵਿਜੀਲੈਂਸ ਅੜਿੱਕੇ ਆਏ, ਪੰਜਾਬ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੀ ਹੈ।