ਹੋਟਲ/ਧਰਮਸ਼ਾਲਾ/ਸਰਾਵਾਂ/ਪੀ.ਜੀ. ਅਤੇ ਪੈਲੇਸਾਂ ਦੇ ਪ੍ਰਬੰਧਕਾਂ ਨੂੰ ਠਹਿਰਨ ਵਾਲੇ ਵਿਅਕਤੀਆਂ ਦੇ ਵੇਰਵਾ ਹਾਸਲ ਕਰਨ ਦੇ ਹੁਕਮ
ਲੁਧਿਆਣਾ, 10 ਅਕਤੂਬਰ (ਦਵਿੰਦਰ ਡੀ ਕੇ)
ਪੁਲਿਸ ਕਮਿਸ਼ਨਰ ਲੁੁਧਿਆਣਾ ਡਾ. ਕੌਸਤਭ ਸ਼ਰਮਾ, ਆਈ.ਪੀ.ਐਸ. ਨੇ ਜਾਬਤਾ ਫੌਜ਼ਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਚੱਲ ਰਹੇ ਜਾਂ ਨਵੇਂ ਤਿਆਰ ਕੀਤੇ ਜਾ ਰਹੇ ਹੋਟਲ, ਧਰਮਸ਼ਾਲਾ, ਸਰਾਵਾਂ, ਪੀ.ਜੀ., ਪੈਲੇਸਾਂ ਦੇ ਪ੍ਰਬੰਧਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਰਾਏ ਐਕਟ 1867 ਤਹਿਤ ਇਨ੍ਹਾਂ ਅਦਾਰਿਆਂ ਦੀ ਬਤੌਰ ਕੀਪਰ ਰਜਿਸਟ੍ਰੇਸ਼ਨ ਕਰਾਉਣਗੇ ਅਤੇ ਇੱਥੇ ਠਹਿਰਨ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।
ਪੁਲਿਸ ਕਮਿਸ਼ਨਰ ਲੁੁਧਿਆਣਾ ਡਾ. ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਪੰਜਾਬ ਦਾ ਪ੍ਰਮੁੱਖ ਸਨਅਤੀ ਸ਼ਹਿਰ ਹੋਣ ਕਾਰਨ ਵਪਾਰੀ ਵਰਗ ਦਾ ਆਪਣੇ ਵਪਾਰ ਸਬੰਧੀ ਲੁਧਿਆਣਾ ਵਿਖੇ ਵੱਡੇ ਪੱਧਰ ‘ਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ ਅਤੇ ਰਾਤ ਦੇ ਸਮੇਂ ਉਹ ਸ਼ਹਿਰ ਦੇ ਪ੍ਰਮੁੱਖ ਹੋਟਲਾਂ, ਧਰਮਸ਼ਲਾਵਾਂ ਜਾਂ ਸਰਾਵਾਂ/ਪੀ.ਜੀ. ਅਤੇ ਪੈਲੇਸ ਆਦਿ ਵਿੱਚ ਠਹਿਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪ੍ਰਬੰਧਕਾਂ/ਮਾਲਕਾਂ ਵੱਲੋਂ ਹੋਟਲ, ਧਰਮਸ਼ਾਲਾਵਾਂ ਜਾਂ ਸਰਾਵਾਂ/ਪੀ.ਜੀ. ਅਤੇ ਪੈਲੇਸਾਂ ਦੀ ਕਾਨੂੰਨ ਅਨੁਸਾਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਂਦੀ ਅਤੇ ਨਾ ਹੀ ਠਹਿਰਨ ਵਾਲਿਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਥਾਵਾਂ ਵਿੱਚ ਠਹਿਰਨ ਵਾਲੇ ਯਾਤਰੀਆਂ/ਵਪਾਰੀਆਂ ਨੂੰ ਜਾਨ-ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਆਮ ਪਬਲਿਕ ਹਿੱਤ ਵਿੱਚ ਗੈਰ-ਕਾਨੂੰਨੀ ਹੋਟਲ, ਧਰਮਸ਼ਾਲਾਵਾਂ ਜਾਂ ਸਰਾਵਾਂ/ਪੀ.ਜੀ. ਅਤੇ ਪੈਲੇਸ ਜੋ ਕਮਿਸ਼ਨਰੇਟ ਲੁਧਿਆਣਾ ਅੰਦਰ ਚੱਲ ਰਹੇ ਹਨ ਜਾਂ ਨਵੇਂ ਤਿਆਰ ਕੀਤੇ ਜਾ ਰਹੇ ਹਨ, ਦੀ ਰਜਿਸਟ੍ਰੇਸ਼ਨ ਕਰਾਉਣਾ ਅਤੇ ਇਨ੍ਹਾਂ ਵਿੱਚ ਠਹਿਰਨ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਣਾ ਅਤਿ ਜ਼ਰੂਰੀ ਹੈ।
ਪੁਲਿਸ ਕਮਿਸ਼ਨਰ ਲੁੁਧਿਆਣਾ ਨੇ ਆਦੇਸ਼ ਦਿੱਤੇ ਹਨ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਠਹਿਰਨ ਵਾਲੇ ਵਿਅਕਤੀ ਦਾ ਮੁਕੰਮਲ ਵੇਰਵਾ, ਡਰਾਵਿੰਗ ਲਾਈਸੈਂਸ, ਅਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਹਾਸਲ ਕਰਕੇ ਰਜਿਸਟਰ ਵਿੱਚ ਦਰਜ਼ ਕਰਨ ਉਪਰੰਤ ਹੀ ਕਮਰਾ ਦਿੱਤਾ ਜਾਵੇ ਅਤੇ ਉਪਰੋਕਤ ਸਬੂਤ ਨਾ ਹੋਣ ਦੀ ਸੂਰਤ ਵਿੱਚ ਠਹਿਰਨ ਲਈ ਕਮਰਾ ਨਾ ਦਿੱਤਾ ਜਾਵੇ। ਹੁਕਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਹੋਟਲ, ਧਰਮਸ਼ਾਲਾ ਜਾਂ ਸਰਾਂ/ਪੀ.ਜੀ. ਅਤੇ ਪੈਲੇਸ ਪ੍ਰਬੰਧਕ ਖੁਦ ਜਿੰਮੇਵਾਰ ਹੋਵੇਗਾ।