ਜਿਲਾ ਮੈਜਿਸਟਰੇਟ ਵੱਲੋਂ ਦੀਵਾਲੀ/ਗੁਰਪੁਰਬ ਤੇ ਪਟਾਖੇ ਵੇਚਣ ਲਈ ਜਾਰੀ ਕੀਤੇ ਜਾਣਗੇ ਆਰਜ਼ੀ ਲਾਇਸੈਂਸ
ਫ਼ਿਰੋਜ਼ਪੁਰ 8 ਅਕਤੂਬਰ (ਬਿੱਟੂ ਜਲਾਲਾਬਾਦੀ)
ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਫਿਰੋਜ਼ਪੁਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਕੀਤੇ ਗਏ ਹੁਕਮਾਂ ਅਨੁਸਾਰ ਜਿਲਾ ਫਿਰੋਜ਼ਪੁਰ ਵਿੱਚ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਦੇ ਚਾਹਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜ਼ਿਲਾ ਮੈਜਿਸਟ੍ਰੇਟ ਫਿਰੋਜ਼ਪੁਰ ਮੈਡਮ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਚਾਹਵਾਨ ਵਿਅਕਤੀ 9 ਅਕਤੂਬਰ ਤੋਂ 11 ਅਕਤੂਬਰ 2022 ਤੱਕ ਆਪਣੇ ਮੁਕੰਮਲ ਦਸਤਾਵੇਜ਼ ਸਵੈ ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ਵਿੱਚ ਫੀਸ ਭਰਨ ਉਪਰੰਤ ਸੇਵਾ ਕੇਂਦਰ ਮਿਨੀ ਸਕੱਤਰੇਤ ਫ਼ਿਰੋਜ਼ਪੁਰ ਵਿਖੇ 11 ਅਕਤੂਬਰ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਪਟਾਖੇ ਵੇਚਣ ਸੰਬੰਧੀ ਆਰਜ਼ੀ ਲਾਇਸੈਂਸ ਮਿਤੀ 13 ਅਕਤੂਬਰ ਨੂੰ ਸ਼ਾਮ 3 ਵਜੇ ਡਰਾਅ ਦੇ ਜ਼ਰੀਏ ਵੀਡੀਓਗ੍ਰਾਫੀ ਰਾਹੀਂ ਜ਼ਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਰਧਾਰਤ ਮਿਤੀ ਅਤੇ ਸਮੇਂ ਤੋਂ ਬਾਅਦ ਵਿੱਚ ਪ੍ਰਾਪਤ ਹੋਈ ਕਿਸੇ ਵੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।