ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਆਯੋਜਿਤ
ਲੁਧਿਆਣਾ, 08 ਅਕਤੂਬਰ (ਦਵਿੰਦਰ ਡੀ ਕੇ)
ਡੇਅਰੀ ਵਿਕਾਸ ਵਿਭਾਗ ਵੱਲੋਂ ਬੀਤੇ ਕੱਲ੍ਹ ਪਿੰਡ ਸਹਾਰਨ ਮਾਜਰਾ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸਦੀ ਅਗਵਾਈ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵੱਲੋਂ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਸ. ਪਰਮਿੰਦਰ ਸਿੰਘ ਸਰਪੰਚ ਸਹਾਰਨ ਮਾਜਰਾ ਵਲੋਂ ਕੀਤਾ ਗਿਆ ਜਿੱਥੇ 100 ਦੇ ਕਰੀਬ ਕਿਸਾਨਾਂ ਨੇ ਕੈਂਪ ਮੌਕੇ ਸ਼ਮੂਲੀਅਤ ਕੀਤੀ।
ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਅਗਵਾਈ ਹੇਠ, ਸ.ਕੁਲਦੀਪ ਸਿੰਘ ਜਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਕੱਲ੍ਹ 07 ਅਕਤੂਬਰ ਨੂੰ ਪਾਇਲ ਤਹਿਸੀਲ ਅਧੀਨ ਪੈਂਦੇ ਪਿੰਡ ਸਹਾਰਣ ਮਾਜਰਾ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਡਿਪਟੀ ਡਾਇਰੈਕਟਰ ਸ੍ਰੀ ਦਲਬੀਰ ਕੁਮਾਰ ਨੇ ਦੁੱਧ ਉਤਪਾਦਕਾਂ/ਕਿਸਾਨਾਂ ਨੂੰ ਵਿਭਾਗੀ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦਾ ਲਾਹਾ ਲੈਂਣ ਲਈ ਪ੍ਰੇਰਿਤ ਕੀਤਾ। ਵਿਭਾਗ ਦੇ ਕਰਮਚਾਰੀ ਸ੍ਰੀ ਬਾਲ ਕ੍ਰਿਸਨ ਨੇ ਡੇਅਰੀ ਦੇ ਧੰਦੇ ਦੀ ਮਹੱਤਤਾ ਬਾਰੇ, ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤੇ, ਦੁਧਾਰੂ ਪਸੂਆਂ ਦੀ ਨਸਲਾਂ ਬਾਰੇ ਜਾਣਕਾਰੀ ਦਿੱਤੀ।
ਇਕ ਮੌਕੇ ਵਿਸ਼ਾ ਮਾਹਿਰਾਂ ਨੇ ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਊਤਬੰਦੀ ਅਤੇ ਹਰੇ ਚਾਰੇ ਦਾ ਅਚਾਰ ਬਨਾਉਣ ਸਬੰਧੀ ਜਾਣਕਾਰੀ ਦਿੱਤੀ. ਉਨ੍ਹਾਂ ਦੁੱਧ ਦੀ ਬਣਤਰ ਅਤੇ ਸਾਫ ਦੁੱਧ ਪੈਦਾ ਕਰਨ ਸਬੰਧੀ ਦੱਸਿਆ, ਵੈਟਨਰੀ ਡਾਕਟਰ ਬਿਲਾਸਪੁਰ ਸ੍ਰੀ ਰੁਪਿੰਦਰ ਸਿੰਘ ਅਤੇ ਸ੍ਰੀ ਪ੍ਰਬਲ ਕੁਮਾਰ ਵੈਟਨਰੀ ਡਾਕਟਰ ਦੋਰਾਹਾ ਨੇ ਪਸੂ਼ਆਂ ਦੀ ਬਿਮਾਰੀਆਂ, ਸਾਵਧਾਨੀਆ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਪਸੂਆ ਦੀ ਛੂਤ ਦੀਆਂ ਬਿਮਾਰੀਆਂ ਬਾਰੇ ਵੀ ਜਾਣੂੰ ਕਰਵਾਇਆ।