ਹਰਿੰਦਰ ਨਿੱਕਾ , ਬਰਨਾਲਾ 26 ਸਤੰਬਰ 2022
ਬੇਸ਼ੱਕ ਪੁਲਿਸ , ਨਸ਼ਿਆਂ ਖਿਲਾਫ ਵੱਡੀ ਮੁਹਿੰਮ ਵਿੱਢਣ ਦੇ ਦਮਗਜੇ ਮਾਰਦੀ ਨਹੀਂ ਥੱਕਦੀ। ਪਰੰਤੂ ਨਸ਼ੇੜੀ ਸ਼ਰੇਆਮ ਸੜ੍ਹਕਾਂ ਤੇ ਪਏ ,ਪ੍ਰਸ਼ਾਸਨ ਦਾ ਮੂੰਹ ਚਿੜਾ ਰਹੇ ਹਨ, ਗਸ਼ਤ ਵਿੱਚ ਮੁਸਤੈਦ ਪੁਲਿਸ ਦੇ ਕਰਮਚਾਰੀ ,ਇਹ ਤਹਿਕੀਕਾਤ ਕਰਨ ਦੀ ਵੀ ਲੋੜ ਨਹੀਂ ਸਮਝਦੇ ਕਿ ਆਖਿਰ ਕੋਈ ਵਿਅਕਤੀ ਘੰਟਿਆਂ ਬੱਧੀ, ਲਾਵਾਰਿਸ ਹਾਲਤ ਵਿੱਚ, ਡਿੱਗਿਆ ਕਿਉਂ ਪਿਆ ਹੈ। ਅਜਿਹਾ ਹੀ ਮੰਜਰ ਅੱਜ ਸ਼ਹਿਰ ਦੇ ਸਭ ਤੋਂ ਵਧੇਰੇ ਭੀੜ ਭਾੜ ਵਾਲੇ ਖੇਤਰ ਕੱਚਾ ਕਾਲਜ ਰੋਡ ਤੇ ਪਟਿਆਲਾ ਸਕੈਨ ਸੈਂਟਰ ਦੇ ਸਾਹਮਣੇ ,ਸਰਕਾਰੀ ਬੈਂਚ ਕੋਲ ਵੇਖਣ ਨੂੰ ਮਿਲਿਆ। ਨੇੜਲੇ ਲੋਕਾਂ ਅਨੁਸਾਰ ਇਹ ਵਿਅਕਤੀ ਦੁਪਹਿਰ ਕਰੀਬ ਇੱਕ ਵਜੇ ਤੋਂ , ਇੱਥੇ ਪਿਆ ਹੈ, ਪੁਲਿਸ ਵਾਲੇ ਹੂਟਰ ਮਾਰਦੇ, ਕਈ ਵਾਰ ,ਐਧਰ ਉੱਧਰ ਚੱਕਰ ਕੱਟਦੇ ਲੰਘੇ ਹਨ, ਕਈ ਨੂੰ ਰੁਕਣ ਦਾ ਇਸ਼ਾਰਾ ਵੀ ਕੀਤਾ, ਪਰੰਤੂ ਕਿਸੇ ਨੇ ਵੀ, ਇੱਥੇ ਰੁਕਣ ਦੀ ਲੋੜ ਨਹੀਂ ਸਮਝੀ। ਆਖਿਰ ,ਉਨ੍ਹਾਂ ਕਾਂਗਰਸ ਦੇ ਸੂਬਾਈ ਡੈਲੀਗੇਟ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੂੰ ਸੂਚਿਤ ਕੀਤਾ ,ਜਿਨ੍ਹਾਂ ਮੁਕਾਮੀ ਪੁਲਿਸ ਨੂੰ ਜਾਣਕਾਰੀ ਦਿੱਤੀ। ਮੱਖਣ ਸ਼ਰਮਾ ਨੇ ਕਿਹਾ ਕਿ ਖਬਰ ਲਿਖੇ ਜਾਣ ਤੱਕ ,ਪੁਲਿਸ ਡਿੱਗੇ ਪਏ ਵਿਅਕਤੀ ਨੂੰ ਚੁੱਕਣ ਲਈ ਨਹੀਂ ਪਹੁੰਚੀ। ਡਿੱਗੇ ਪਏ ਵਿਅਕਤੀ ਦੀ ਜੇਬ ਚੋਂ ਡਿੱਗੇ ਪਏ ਆਧਾਰ ਕਾਰਡ।ਤੇ ਉਸਦੀ ਪਹਿਚਾਣ ,ਵੀਰਜਿੰਦਰ ਸਿੰਘ ਵਾਸੀ ਜੋਧਪੁਰ ਦੇ ਤੌਰ ਤੇ ਹੋ ਰਹੀ ਹੈ। ਜਦੋਂਕਿ ਇਹ ਪੁਸ਼ਟੀ ਹੋਣੀ ਬਾਕੀ ਹੈ ਕਿ ਡਿੱਗਿਆ ਹੋਇਆ ਵਿਅਕਤੀ ਵੀਰਜਿੰਦਰ ਸਿੰਘ ਹੀ ਹੈ ਜਾਂ ਕੋਈ ਹੋਰ, ਉਸਦੇ ਡਿੱਗੇ ਹੋਣ ਦਾ ਕਾਰਣ ਵੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ।