ਬਰਨਾਲਾ-ਬਾਜਾਖਾਨਾ ਰੇਲਵੇ ਪੁਲ ਦੇ ਖੁੱਡੀ ਨਾਕੇ ‘ਤੇ ਅੰਡਰ-ਪਾਸ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਤੇਜ ਕਰਨ ਦਾ ਫੈਸਲਾ
ਸੰਘਰਸ਼ ਦੀ ਰੂਪ ਰੇਖਾ ਉਲੀਕਣ, ਘੇਰਾ ਵਿਸ਼ਾਲ ਕਰਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ15 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ
ਸੋਨੀ ਪਨੇਸਰ , ਬਰਨਾਲਾ: 26 ਸਤੰਬਰ, 2022
ਸ਼ਹਿਰ ਦੇ ਕਚਹਿਰੀ ਚੌਕ ਨੂੰ ਬਾਜਾਖਾਨਾ ਰੋਡ ਨਾਲ ਮਿਲਾਉਣ ਵਾਲੇ ਰੇਲਵੇ ਓਵਰਬ੍ਰਿਜ ਦਾ ਖੁੱਡੀ ਨਾਕਾ ਨਿੱਤ ਦਿਨ ਹੁੰਦੇ ਹਾਦਸਿਆਂ ਕਾਰਣ ਲੋਕਾਂ ਲਈ ਕਤਲਗਾਹ ਬਣਿਆ ਹੋਇਆ ਹੈ। ਪੁਲ ਦੇ ਗਲਤ ਡਿਜਾਇਨ ਕਾਰਨ ਇੱਥੇ ਆਏ ਦਿਨ ਵੱਡੇ ਛੋਟੇ ਐਕਸੀਡੈਂਟ ਅਕਸਰ ਹੁੰਦੇ ਰਹਿੰਦੇ ਹਨ। ਇਲਾਕਾ ਵਾਸੀ ਇਸ ਪੁਲ ਦੇ ਡਿਜਾਇਨ ਨੂੰ ਠੀਕ ਕਰਨ ਅਤੇ ਖੁੱਡੀ ਨਾਕੇ ਵਾਲੀ ਥਾਂ ਅੰਡਰਪਾਸ ਬਣਾਉਣ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਨੂੰ ਅਨੇਕਾਂ ਵਾਰ ਮਿਲ ਚੁੱਕੇ ਹਨ , ਪਰ ਅਧਿਕਾਰੀਆਂ ‘ਦੇ ਕੰਨ ‘ਤੇ ਹਾਲੇ ਤੱਕ ਜੂੰਅ ਵੀ ਨਹੀਂ ਸਰਕੀ।
ਅੰਡਰ ਪਾਸ ਦੀ ਮੰਗ ਸਬੰਧੀ ਸੰਘਰਸ਼ ਤੇਜ ਕਰਨ ਲਈ ਕੱਲ੍ਹ ਐਤਵਾਰ ਪੁਲ ਹੇਠਲੇ ਪਾਰਕ ਵਿੱਚ ਸਥਾਨਕ ਨਿਵਾਸੀਆਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਲੋਕਾਂ ਦਾ ਜਥੇਬੰਦਕ ਏਕਾ ਹੀ ਇੱਕੋ ਇੱਕ ਕਾਰਗਰ ਹਥਿਆਰ ਹੈ। ਸਾਨੂੰ ਇਸੇ ਹਥਿਆਰ ‘ਤੇ ਟੇਕ ਰੱਖ ਕੇ ਇਸ ਮੰਗ ਨੂੰ ਮਨਵਾਉਣ ਲਈ ਘੋਲ ਕਰਨਾ ਪੈਣਾ ਹੈ। ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਾਜਿੰਦਰਪਾਲ ਨੇ ਇਸ ਸਬੰਧੀ ਹੁਣ ਤੱਕ ਕੀਤੇ ਗਏ ਯਤਨਾਂ ਦੀ ਜਾਣਕਾਰੀ ਦਿੱਤੀ।
ਬੀਕੇਯੂ ਡਕੌਂਦਾ ਦੇ ਜਿਲ੍ਹਾ ਬਲਾਕ ਆਗੂ ਬਾਬੂ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਸਿਰਫ ਦੋ ਸਾਲ ਦੇ ਅਰਸੇ ਵਿੱਚ ਇਕੱਲੇ ਖੁੱਡੀ ਕਲਾਂ ਪਿੰਡ ਦੇ ਤਿੰਨ ਨੌਜਵਾਨ ਇਸ ਕਾਤਿਲ ਪੁਲ ਦੀ ਭੇਟ ਚੜ ਚੁੱਕੇ ਹਨ। ਉਨ੍ਹਾਂ ਆਪਣੀ ਜਥੇਬੰਦੀ ਵਲੋਂ ਸੰਘਰਸ਼ ਨੂੰ ਪੂਰਨ ਹਮਾਇਤ ਦਾ ਭਰੋਸਾ ਦਿਵਾਇਆ। ਸੁਖਦੇਵ ਸਿੰਘ ਢਿੱਲੋਂ ਨਗਰ ਨੇ ਕਿਹਾ ਕਿ ਇਹ ਨਾਕਾ ਬਰਨਾਲਾ ਸ਼ਹਿਰ ਦੇ ਹਸਪਤਾਲ ਸਮੇਤ ਸਭ ਆਹਿਮ ਥਾਵਾਂ ਨੂੰ ਇੱਕ ਦਰਜਨ ਦੇ ਕਰੀਬ ਪਿੰਡਾਂ ਲਈ ਸਿੱਧਾ ਰਸਤਾ ਸੀ ਜੋ ਹੁਣ ਖਤਰਨਾਕ ਹਾਦਸਿਆਂ ਦੀ ਥਾਂ ਬਣ ਚੁੱਕਾ ਹੈ। ਇਸ ਲਈ ਪਹਿਲਾਂ ਪੁਲ ਦਾ ਡਿਜਾਇਨ ਚਾਹੇ ਕੋਈ ਵੀ ਰਿਹਾ ਹੋਵੇ, ਇੱਥੇ ਅੰਡਰਪਾਸ ਜਰੂਰ ਬਣਨਾ ਚਾਹੀਦਾ ਹੈ।
ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ 15 ਮੈਂਬਰੀ ਐਕਸ਼ਨ ਕਮੇਟੀ ਨਾਮਜਦ ਕੀਤੀ ਗਈ ਜਿਸ ਵਿੱਚ ਬਾਬੂ ਸਿੰਘ ਖੁੱਡੀ ਕਲਾਂ,ਕਰਮ ਸਿੰਘ ,ਸੁਖਦੇਵ ਸਿੰਘ, ਜੋਗਿੰਦਰ ਸਿੰਘ, ਮਲਕੀਤ ਸਿੰਘ, ਪਵਿੱਤਰ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ,ਸੁਖਦੇਵ ਸਿੰਘ , ਹਰਪ੍ਰੀਤ ਬਾਰਦਵਾਜ, ਮਹਿੰਦਰ ਸਿੰਘ, ਬਲਵਿੰਦਰ ਰਿਸ਼ੀ,ਜਸਵੀਰ ਸਿੰਘ, ਅਵਤਾਰ ਸਿੰਘ ਅਤੇ ਹਰਚਰਨ ਸਿੰਘ ਚਹਿਲ ਦੇ ਨਾਮ ਸ਼ਾਮਲ ਕੀਤੇ ਗਏ। ਇਹ ਕਮੇਟੀ ਜਲਦੀ ਹੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੇਗੀ। ਇਸ ਮੌਕੇ ਮਹਿੰਦਰ ਸਿੰਘ, ਡਾਕਟਰ ਹਰਪ੍ਰੀਤ ਭਾਰਦਵਾਜ, ਨਰਿੰਦਰ ਪਾਲ ਸਿੰਗਲਾ, ਖੁਸ਼ਵਿੰਦਰ ਪਾਲ, ਹਰਚਰਨ ਸਿੰਘ ਚਹਿਲ, ਸੁਖਦੇਵ ਸਿੰਘ ਇੰਸਪੈਕਟਰ, ਬਲਵਿੰਦਰ ਰਿਸ਼ੀ ਆਦਿ ਅਨੇਕਾਂ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕ ਘੋਲ ਨੂੰ ਮਜਬੂਤ ਕਰਨ ਲਈ, ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।