ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨਏਏਸੀ – ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ 24 ਤੋਂ 26 ਅਗਸਤ ਤੱਕ ਪੰਜਾਬ ਸੈਂਟਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਬਠਿੰਡਾ, 27 ਅਗਸਤ
ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਐਨਏਏਸੀ-ਨੈਕ) ਦੀ ਪੰਜ ਮੈਂਬਰੀ ਪੀਅਰ ਟੀਮ ਨੇ ਨੈਕ ਦੀ ਮੁਲਾਂਕਣ ਪ੍ਰਕਿਰਿਆ ਅਧੀਨ ਯੂਨੀਵਰਸਿਟੀ ਦੇ ਦੂਜੇ ਦੌਰ ਦੇ ਮੁਲਾਂਕਣ ਲਈ 24 ਤੋਂ 26 ਅਗਸਤ ਤੱਕ ਪੰਜਾਬ ਸੈਂਟਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਪੀਅਰ ਟੀਮ ਦੀ ਅਗਵਾਈ ਬੁੰਦੇਲਖੰਡ ਯੂਨੀਵਰਸਿਟੀ, ਝਾਂਸੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਰਮੇਸ਼ ਚੰਦਰ ਨੇ ਟੀਮ ਦੇ ਚੇਅਰਮੈਨ ਵਜੋਂ ਕੀਤੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਪ੍ਰੋਫੈਸਰ ਮੁਹੰਮਦ ਰਿਜ਼ਵਾਨ ਖਾਨ; ਪਾਂਡੀਚਰੀ ਯੂਨੀਵਰਸਿਟੀ ਦੇ ਅਪਲਾਈਡ ਸਾਈਕਾਲੋਜੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਰੰਗਈਆ ਬੀ; ਚਾਣਕਿਆ ਨੈਸ਼ਨਲ ਲਾਅ ਯੂਨੀਵਰਸਿਟੀ, ਪਟਨਾ ਤੋਂ ਪ੍ਰੋ. (ਸੇਵਾਮੁਕਤ) ਸੁਭਾਸ਼ ਚੰਦਰ ਰਾਏ; ਅਤੇ ਬੈਂਗਲੁਰੂ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋ. ਰੰਗਾਸਵਾਮੀ ਐਨ. ਇਸ ਟੀਮ ਦੇ ਮੈਂਬਰਾਂ ਵਜੋਂ ਸ਼ਾਮਲ ਹੋਏ। ਪਹਿਲੇ ਦਿਨ ਮਾਨਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੀਅਰ ਟੀਮ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਕੰਮਕਾਜ ਬਾਰੇ ਦੱਸਿਆ ਅਤੇ ਮਹਿਮਾਨ ਟੀਮ ਨੂੰ ਅਕਾਦਮਿਕ, ਪ੍ਰਸ਼ਾਸਨਿਕ ਅਤੇ ਬੁਨਿਆਦੀ ਢਾਂਚੇ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ।