ਹਰਿੰਦਰ ਨਿੱਕਾ , ਬਰਨਾਲਾ, 17 ਜੁਲਾਈ 2022
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਮੁੱਦੇ ਤੇ ਵਿਰੋਧੀਆਂ ‘ਚ ਘਿਰੇ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੇ ਪੱਖ ਵਿੱਚ ਸਾਬਕਾ ਐਮ.ਪੀ. ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਡੱਟ ਕੇ ਸਟੈਂਡ ਲੈ ਲਿਆ ਹੈ। ਐਡਵੋਕੇਟ ਖਾਲਸਾ ਨੇ ਮਾਨ ਦੇ ਵਿਰੋਧੀਆਂ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ, ਸਿੱਖ ਕੌਮ ਦੀ ਆਨ-ਬਾਨ ਤੇ ਸ਼ਾਨ ਹਨ, ਇਸ ਲਈ ਉਹ ਕਿਸੇ ਵੀ ਹਾਲਤ ਵਿੱਚ ਭਗਤ ਸਿੰਘ ਅੱਤਵਾਦੀ ਕਹੇ ਜਾਣ ਤੋਂ ਬਾਅਦ, ਕਿਸੇ ਤੋਂ ਵੀ ਮਾਫੀ ਨਹੀਂ ਮੰਗਣਗੇ। ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਖਾਲਸਾ ਨੇ ਭਗਵੰਤ ਮਾਨ ਸਰਕਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਖਤ ਸ਼ਬਦਾਂ ਵਿੱਚ ਚਣੌਤੀ ਵੀ ਦਿੱਤੀ ਹੈ ਕਿ ਜੇਕਰ, ਉਨਾਂ ਵਿੱਚ ਹਿੰਮਤ ਹੈ ਤਾਂ ਉਹ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਕੋਈ ਕੇਸ ਦਰਜ਼ ਕਰਕੇ ਦਿਖਾਉਣ। ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦ ਮੰਨਣਾ ਜਾਂ ਨਾ ਮੰਨਣਾ ਇੱਕ ਵੱਖਰਾ ਮੁੱਦਾ ਹੈ, ਪਰੰਤੂ ਸਿੱਖ ਕੌਮ ਦੇ ਸ਼ਹੀਦ ਏ ਆਜ਼ਮ ਸਿਰਡ ਤੇ ਸਿਰਫ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਹੀ ਹਨ, ਇਸ ਵਿੱਚ ਪੂਰੇ ਸਿੱਖ ਪੰਥ ਵਿੱਚ ਕੋਈ ਦੋ ਰਾਇ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਹੀ ਨਹੀਂ, ਵਿਦੇਸ਼ਾਂ ਵਿੱਚ ਵੱਸਦਾ ਸਮੂਹ ਸਿੱਖ ਭਾਈਚਾਰਾ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਹੀ, 21 ਵੀ ਸਦੀ ਦੇ ਮਹਾਨ ਸ਼ਹੀਦਾਂ ਦਾ ਸਿਰਤਾਜ਼ ਮੰਨਦਾ ਹੈ, ਜਿੰਨ੍ਹਾਂ ਦਾ ਮੁਕਾਬਲਾ, ਭਗਤ ਸਿੰਘ ਸਮੇਤ ਕੋਈ ਵੀ ਹੋਰ ਸ਼ਹੀਦ ਨਹੀਂ ਕਰ ਸਕਦਾ। ਖਾਲਸਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਉਹ ਦਮਦਮੀ ਟਕਸਾਲ ਦੇ ਮੁੱਖੀ ਰਹੇ ਹਨ, ਜਿਸ ਦਾ ਮੁਖੀ ਹੁੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਨੇ ਸ਼ੀਸ਼ ਤਲੀ ਤੇ ਧਰਕੇ, ਦੁਨੀਆਂ ਭਰ ਦੀ ਅਨੂਠੀ ਸ਼ਹਾਦਤ ਦੀ ਮਿਸਾਲ ਪੇਸ਼ ਕੀਤੀ। ਐਡਵੋਕੇਟ ਖਾਲਸਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ ਬਾਦਲ ਸਮੇਤ ਸਾਰੀਆਂ ਹੀ ਰਾਜਸੀ ਧਿਰਾਂ ਗਹਿਰੀ ਸ਼ਾਜਿਸ਼ ਦੇ ਤਹਿਤ ਬਦਨਾਮ ਕਰਨ ਤੇ ਲੱਗੀਆਂ ਹੋਈਆਂ ਹਨ। ਕਿਉਂਕਿ ਸਰਦਾਰ ਮਾਨ ਦੇ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਵਿੱਚ 2 ਕੌਮੀ ਪਾਰਟੀਆਂ ਅਤੇ ਅਕਾਲੀ ਦਲ ਦੀਆਂ ਜਮਾਨਤਾਂ ਤੱਕ ਜਬਤ ਕਰਵਾ ਦਿੱਤੀਆਂ ਹਨ ਅਤੇ ਥੋੜ੍ਹਾ ਸਮਾਂ ਪਹਿਲਾਂ ਹੀ ਪ੍ਰਚੰਡ ਬਹੁਮਤ ਨਾਲ ਬਣੀ, ਆਪ ਸਰਕਾਰ ਦੇ ਉਮੀਦਵਾਰ ਨੂੰ ਆਪ ਦੀ ਰਾਜਧਾਨੀ ਕਹੇ ਜਾਣ ਵਾਲੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੀ ਪਟਕਨੀ ਦਿੱਤੀ ਹੈ।
ਮੀਤ ਹੇਅਰ ਨੂੰ ਰਾਜਦੇਵ ਸਿੰਘ ਖਾਲਸਾ ਨੇ ਕੀਤਾ ਚੈਲੰਜ
ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ ਤੁੰਰਤ ਮਾਫੀ ਮੰਗਣ ਲਈ ਕਹਿਣ ਤੇ ਕਰੜੇ ਹੱਥੀ ਲਿਆ ਹੈ। ਖਾਲਸਾ ਨੇ ਕਿਹਾ ਕਿ ਮੀਤ ਹੇਅਰ ਹਾਲੇ ਬੱਚਾ ਹੈ, ਉਸ ਨੂੰ ਨਾ ਰਾਜਨੀਤੀ ਅਤੇ ਨਾ ਹੀ ਸਿੱਖ ਇਤਿਹਾਸ ਦੀ ਕੋਈ ਪੂਰੀ ਸਮਝ ਹੈ। ਮੀਤ ਹੇਅਰ ਨੇ, ਮਾਨ ਸਾਬ੍ਹ ਨੂੰ ਮਾਫੀ ਮੰਗਣ ਦੀ ਗੱਲ ਕਹਿ ਕੇ ਸਿੱਖ ਕੌਮ ਨੂੰ ਵੰਗਾਰਿਆ ਹੈ। ਸਿੱਖ ਕੌਮ ਅਤੇ ਸਿਮਰਨਜੀਤ ਸਿੰਘ ਮਾਨ ਦਾ ਇਤਿਹਾਸ ਹੈ ਕਿ ਦੋਵੇਂ ਕਿਸੇ ਵੀ ਧਮਕੀ ਜਾਂ ਸਰਕਾਰੀ ਘੁਰਕੀ ਅੱਗੇ ਝੁਕਦੇ ਨਹੀਂ। ਖਾਲਸਾ ਨੇ ਕਿਹਾ ਕਿ ਮੀਤ ਹੇਅਰ ਨੇ, ਮਾਨ ਸਾਬ੍ਹ ਨੂੰ ਮਾਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ, ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਕੋਈ ਕਾਨੂੰਨੀ ਕਰਕੇ ਵੇਖ ਲੈਣ, ਮਾਨ ਸਾਬ੍ਹ ਕਦੇ ਵੀ ਮਾਫੀ ਨਹੀਂ ਮੰਗਣਗੇ। ਐਡਵੋਕੇਟ ਖਾਲਸਾ ਨੇ ਕਿਹਾ ਕਿ ਮੀਤ ਹੇਅਰ ਕਾਨੂੰਨ ਬਾਰੇ ਵੀ ਉੱਕਾ ਨਹੀਂ ਜਾਣਦੇ, ਉਹ ਦੱਸਣ ਕਿ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਆਈਪੀਸੀ ਦੇ ਕਿਹੜੇ ਸੈਕਸ਼ਨ ਤਹਿਤ ਆਉਂਦਾ ਹੈ, ਉਨਾਂ ਕਿਹਾ ਕਿ ਟੀਵੀ ਚੈਨਲਾਂ ਦੇ ਹੋ ਰਹੀ ਬਹਿਸ ਵਿੱਚ ਕਾਨੂੰਨ ਤੋਂ ਕੋਰੇ ਰਾਜਸੀ ਆਗੂ, ਮਾਨ ਸਾਬ੍ਹ ਖਿਲਾਫ 504 ਆਈਪੀਸੀ ਤਹਿਤ ਕੇਸ ਦਰਜ਼ ਕਰਨ ਦੀਆਂ ਬੇਹੂਦਾ ਗੱਲਾਂ ਕਰ ਰਹੇ ਹਨ । ਉਨਾਂ ਕਿਹਾ ਕਿ 504 ਧਾਰਾ ਕਿਸੇ ਜਿੰਦਾ ਵਿਅਕਤੀ ਨੂੰ ਗਾਲ੍ਹਾ ਕੱਢਕੇ ਅਪਮਾਨਿਤ ਕਰਨ ਤੇ ਲੱਗਦੀ ਹੈ, ਫਿਰ ਵੀ ਪਰਚਾ ਦਰਜ ਨਹੀਂ ਹੁੰਦਾ, ਅਦਾਲਤ ਵਿੱਚ ਇਸਤਗਾਸਾ ਦਾਇਰ ਹੋ ਸਕਦਾ ਹੈ। ਖਾਲਸਾ ਨੇ ਕਿਹਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਜੁਰਮ ਵੀ ਮਾਨ ਸਾਬ੍ਹ ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਉਹ ਵੀ ਕਿਸੇ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਲਾਗੂ ਹੁੰਦਾ ਹੈ, ਜਦੋਂਕਿ ਭਗਤ ਸਿੰਘ ਨੇ ਤਾਂ ਖੁਦ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਉਹ ਨਾਸਤਿਕ ਹੈ, ਕਿਸੇ ਧਰਮ ਵਿੱਚ ਭਰੋਸਾ ਨਹੀਂ ਰੱਖਦਾ। ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ,ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ, ਵੱਖ ਵੱਖ ਮੁੱਦੇ ਪੈਦਾ ਕਰਕੇ,ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਖਾਲਸਾ ਨੇ ਕਿਹਾ ਕਿ ਭਗਤ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਤੁਲਨਾ ਕਰਨ ਬਾਰੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਨੇ, ਸਰਕਾਰੀ ਦਫਤਰਾਂ ਵਿੱਚ ਭਗਤ ਸਿੰਘ ਦੀਆਂ ਫੋਟੋਆਂ ਤਾਂ ਲਵਾ ਦਿੱਤੀਆਂ ਹਨ, ਪਰੰਤੂ ਸਿੱਖ ਕੌਮ ਦੇ ਸ਼ਹੀਦ ਏ ਆਜ਼ਮ ਸੰਤ ਭਿੰਡਰਾਵਾਲਾ ਦੀਆਂ ਸਰਕਾਰੀ ਬੱਸਾਂ ਵਿੱਚ ਲਾਈਆਂ ਤਸਵੀਰਾਂ ਉਤਾਰਨ ਦਾ ਫੁਰਮਾਨ ਜ਼ਾਰੀ ਕਰਕੇ, ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ, ਇਸ ਲਈ ਆਪ ਸਰਕਾਰ ਨੂੰ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ।