Skip to content
- Home
- ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦਾ ਮੁੱਦਾ ਹੋਰ ਭਖਿਆ, ਸਿਮਰਨਜੀਤ ਮਾਨ ਦੇ ਵਿਰੁੱਧ ਨਿੱਤਰਿਆ ਇਨਕਲਾਬੀ ਕੇਂਦਰ
Advertisement
ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਸਖਤ ਨਿੰਦਿਆ
ਰਘਵੀਰ ਹੈਪੀ , ਬਰਨਾਲਾ 17 ਜੁਲਾਈ 2022
ਸਿਮਰਨਜੀਤ ਸਿੰਘ ਮਾਨ ਵੱਲੋਂ ਹਰਿਆਣਾ ਵਿਖੇ ਇੱਕ ਪ੍ਰੈਸ ਕਾ੍ਨਫਰੰਸ ਦੌਰਾਨ ਮੁੜ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਰਾਰ ਦੇਣ ਦੀ ਇਨਕਲਾਬੀ ਕੇਂਦਰ,ਪੰਜਾਬ ਨੇ ਸਖਤ ਨਿੰਦਾ ਕੀਤੀ ਹੈ। ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿਮਰਨਜੀਤ ਮਾਨ ਨੂੰ ਇਹੋ ਜਿਹਾ ਊਲ ਜਲੂਲ ਮਾਰਨਾ ਬੰਦ ਕਰਨਾ ਚਾਹੀਦਾ ਹੈ। ਪੰਜਾਬੀ ਕਹਾਵਤ ਹੈ ਕਿ ਚੰਦ ਵੱਲ ਥੁੱਕਿਆ ਅਪਣੇ ਮੂੰਹ ਉੱਤੇ ਹੀ ਆ ਪੈਦਾ ਹੈ।
ਸ. ਮਾਨ ਚੇਤੇ ਰੱਖਣ ਕਿ ਅਜਿਹੀਆਂ ਬੇਹੂਦਾ ਗੱਲਾਂ ਨਾਲ ਸ਼ਹੀਦ ਭਗਤ ਸਿੰਘ ਦਾ ਤਾਂ ਕੁੱਝ ਨਹੀਂ ਵਿਗੜਦਾ, ਪਰ ਉਨ੍ਹਾਂ ਦਾ ਆਪਣਾ ਪਿਛਾਖੜੀ ਪੀੜੀ ਦਰ ਪੀੜੀ ਹੀਜ਼ ਪਿਆਜ਼ ਜ਼ਰੂਰ ਨੰਗਾ ਹੋ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਤਿਹਾਸ ਗਵਾਹ ਹੈ ਕਿ ਮਾਨ ਵਰਗੇ ਸਾਮਰਾਜੀ ਸ਼ਕਤੀਆਂ ਦੇ ਪਿੱਠੂ ਬਹੁਤ ਪਹਿਲਾਂ ਤੋਂ ਸ਼ਹੀਦ ਭਗਤ ਸਿੰਘ ਦੇ ਖਿਲਾਫ ਇਹੋ ਜਿਹਾ ਕੁੱਫਰ ਤੋਲਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਆਮ ਜਨਤਾ-ਖਾਸ ਕਰਕੇ ਨੌਜਵਾਨਾਂ ਵਿੱਚ ਭਗਤ ਸਿੰਘ ਬਾਰੇ ਜਾਨਣ ਤੇ ਅਧਿਐਨ ਕਰਨ ਦਾ ਰੁਝਾਨ ਘਟਣ ਦੀ ਬਜਾਏ, ਉਲਟਾ ਹੋਰ ਵਧਿਆ ਹੈ । ਜਿਸ ਦਾ ਸਿੱਟਾ ਇਹ ਨਿੱਕਲ ਰਿਹਾ ਹੈ ਕਿ ਭਗਤ ਸਿੰਘ ਦਾ ਵਿਚਾਰਧਾਰਕ ਕੱਦ ਜਨਤਾ ਦੀ ਨਜ਼ਰ ਵਿੱਚ ਪਹਿਲਾਂ ਦੇ ਮੁਕਾਬਲੇ ਹੋਰ ਉੱਚਾ ਹੋਇਆ ਹੈ। ਇਸੇ ਲਈ ਭਗਤ ਸਿੰਘ ਦੇ ਨਾਂ ਨਾਲ ਨਵੇਂ ਨਵੇਂ ਵਿਸ਼ੇਸ਼ਣ ਜੁੜ ਰਹੇ ਹਨ। ਜਿਵੇਂ ਜਿਵੇਂ ਭਗਤ ਸਿੰਘ ਬਾਰੇ ਖੋਜ ਅਤੇ ਅਧਿਐਨ ਦਾ ਦਾਇਰਾ ਵਧਿਆ,ਤਾਂ ਉਸ ਨੂੰ ਪਹਿਲਾਂ ਸ਼ਹੀਦ ਭਗਤ ਸਿੰਘ, ਫਿਰ ਸ਼ਹੀਦੇ-ਆਜ਼ਮ, ਇਨਕਲਾਬੀ ਚਿੰਤਕ ਅਤੇ ਕੌਮੀ ਨਾਇਕ ਵਰਗੇ ਵਿਸ਼ੇਸਨ ਲਾ ਕੇ ਸੰਬੋਧਤ ਕੀਤਾ ਜਾਣ ਲੱਗਾ। ਸਮਾਂ ਗੁਜ਼ਰਨ ਨਾਲ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਦੀ ਚਮਕ ਫਿੱਕੀ ਪੈਣ ਦੀ ਬਜਾਏ ਹੋਰ ਲਿਸ਼ਕਦੀ ਗਈ ਹੈ ।
ਇਹ ਵਿਗਿਆਨਕ ਵਿਚਾਰਧਾਰਾ ਪੰਜਾਬ ਤੇ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਸ਼ਹੀਦ ਭਗਤ ਸਿੰਘ ਨੂੰ ਸਮੁੱਚੇ ਭਾਰਤ ਉਪ ਮਹਾਂਦੀਪ ਦੀ ਜਨਤਾ ਲੋਕ ਮੁਕਤੀ ਸੰਘਰਸ਼ਾਂ ਦੇ ਨਾਇਕ ਵਜੋਂ ਸਵੀਕਾਰ ਕਰਨ ਲੱਗੀ ਹੈ। ਇਹੀ ਨਹੀਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਗਿਆਨਕ ਵਿਚਾਰਧਾਰਾ ਉਨ੍ਹਾਂ ਦੇ ਅਧੂਰੇ ਕਾਰਜ ਲੁੱਟ ਰਹਿਤ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਦੀ ਜਮਾਤੀ ਜੱਦੋਜਹਿਦ ਦਾ ਰਾਹ ਦਰਸਾਵਾ ਬਣੀ ਹੋਈ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ ਸਾਮਰਾਜ ਦੇ ਪਿੱਠੂ ਅਤੇ ਜਗੀਰੂ ਸੋਚ ਵਾਲੇ ਪਿਛਾਂਹ ਖਿੱਚੂ ਮੂਲਵਾਦੀ ਅਨਸਰ, ਜ਼ਾਹਰ ਹੈ ਹਰ ਇਤਿਹਾਸਕ ਵਰਤਾਰੇ ਤੇ ਸ਼ਖ਼ਸੀਅਤ ਬਾਰੇ ਆਪਣੇ ਜਮਾਤੀ ਨਜ਼ਰੀਏ ਤੇ ਸੁਆਰਥਾਂ ਮੁਤਾਬਿਕ ਹੀ ਸੋਚਣਗੇ ਤੇ ਬੋਲਣਗੇ।
ਪਰ ਸ. ਮਾਨ ਯਾਦ ਰੱਖਣ ਕਿ ਇਤਿਹਾਸ ਹਰ ਕਿਸੇ ਦੇ ਲਿਖੇ ਤੇ ਬੋਲੇ ਸ਼ਬਦਾਂ ਨੂੰ ਆਪਣੇ ਪੱਲੂ ਵਿੱਚ ਸਾਂਭ ਰਿਹਾ ਹੈ ਅਤੇ ਇਤਿਹਾਸ ਦੇ ਹਵਾਲੇ ਨਾਲ ਸਾਡੀਆਂ ਅਗਲੀਆਂ ਪੀੜੀਆਂ ਮਾਨ ਵਰਗੇ ਲੋਕਾਂ ਦੀ ਅਸਲੀ ਖਸਲਤ ਤੇ ਕਿਰਦਾਰ ਦੀ ਪੁਣਛਾਣ ਕਰਕੇ ਇੰਨਾਂ ਨੂੰ ਇਤਿਹਾਸ ਦੇ ਕੂੜੇਦਾਨ ਹਵਾਲੇ ਕਰ ਦੇਣਗੀਆਂ। ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ ਸਾਮਰਾਜੀਆਂ ਦੇ ਟੋਡੀਆਂ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਆਗੂਆਂ ਨੇ ਅਜਿਹੇ ਹੋਛੇ ਹੱਥ ਕੰਡੇ ਵਰਤਕੇ ਲੋਕਾਈ ਦਾ ਧਿਆਨ ਉਨ੍ਹਾਂ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਦੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣ ਦੀ ਲੋੜ’ਤੇ ਜੋਰ ਦਿੱਤਾ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸਾਂਝਾ ਵਿਸ਼ਾਲ ਅਧਾਰ ਵਾਲੇ ਸੰਘਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ।
Advertisement
Advertisement
Advertisement
Advertisement
Advertisement
error: Content is protected !!