ਸੈਕੰਡਰੀ ਪੱਧਰ ਮੁਕਾਬਲੇ ਵਿੱਚੋਂ ਪ੍ਰਾਪਤ ਕੀਤੀ ਪਹਿਲੀ ਪੁਜ਼ੀਸ਼ਨ
ਰਵੀ ਸੈਣ , ਬਰਨਾਲਾ, 4 ਮਾਰਚ 2022
ਜ਼ਿਲੇ ਦੀਆਂ ਸਕੂਲੀ ਵਿਦਿਆਰਥਣਾਂ ਵੱਲੋਂ ਸੂਬਾ ਪੱਧਰੀ ਕੁਈਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ ਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 31 ਜਨਵਰੀ 2022 ਤੱਕ ਕਰਵਾਏ ਜਾ ਚੁੱਕੇ ਪਾਠਕ੍ਰਮ ’ਤੇ ਆਧਾਰਿਤ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਦਸਵੀਂ ਜਮਾਤ ਦੋ ਵਰਗਾਂ ’ਚ ਕੁਈਜ਼ ਮੁਕਾਬਲੇ ਕਰਵਾਏ ਗਏ।
ਜ਼ਿਲਾ ਪੱਧਰੀ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਵੱਲੋਂ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਕਰਵਾਏ ਸੂਬਾ ਪੱਧਰੀ ਕੁਇਜ਼ ਮੁਕਾਬਲਿਆਂ ’ਚ ਹਿੱਸਾ ਲਿਆ ਗਿਆ। ਇਸ ਮੁਕਾਬਲੇ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੇ ਪਿ੍ਰੰਸੀਪਲ ਮੈਡਮ ਵਿਨਸੀ ਜਿੰਦਲ ਨੇ ਦੱਸਿਆ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਨਿਆਮਤ ਏ ਮੀਤ ’ਤੇ ਆਧਾਰਿਤ ਟੀਮ ਵੱਲੋਂ ਕੁਈਜ਼ ਮੁਕਾਬਲਿਆਂ ’ਚ ਪੂਰੀ ਤਿਆਰੀ ਨਾਲ ਭਾਗ ਲੈਂਦਿਆਂ ਪਹਿਲਾਂ ਜ਼ਿਲਾ ਪੱਧਰੀ ਮੁਕਾਬਲੇ ’ਚੋਂ ਅੱਵਲ ਰਹਿ ਕੇ 800 ਰੁਪਏ ਦੀ ਰਾਸ਼ੀ ਦਾ ਇਨਾਮ ਪ੍ਰਾਪਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਲੁਧਿਆਣਾ ਵਿਖੇ ਹੋਏ ਸੂਬਾ ਪੱਧਰੀ ਮੁਕਾਬਲੇ ਵਿੱਚੋਂ ਵੀ ਪਹਿਲੀ ਪੁਜੀਸ਼ਨ ਹਾਸਿਲ ਕਰਦਿਆਂ 2500 ਰੁਪਏ ਦੀ ਰਾਸ਼ੀ ਦਾ ਸਨਮਾਨ ਪ੍ਰਾਪਤ ਕੀਤਾ ਗਿਆ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਦੇ ਨਾਲ ਨਾਲ ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਜ਼ਿਲਾ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਪਿ੍ਰੰਸੀਪਲ ਹਰੀਸ਼ ਕੁਮਾਰ ਜ਼ਿਲਾ ਮੈਂਟਰ ਵਿਗਿਆਨ, ਅਮਨਿੰਦਰ ਸਿੰਘ ਜ਼ਿਲਾ ਮੈਂਟਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਅਤੇ ਕਮਲਦੀਪ ਜ਼ਿਲਾ ਮੈਂਟਰ ਗਣਿਤ ਵੱਲੋਂ ਵਿਦਿਆਰਥਣਾਂ, ਵਿਦਿਆਰਥਣਾਂ ਦੇ ਮਾਪਿਆਂ ਅਤੇ ਗਾਈਡ ਅਧਿਆਪਕਾਂ ਮਾਧਵੀ ਤਿ੍ਰਪਾਠੀ, ਪਲਵਿਕਾ, ਆਸ਼ਾ ਰਾਣੀ, ਅਨੁਪਮ ਸ਼ਰਮਾ, ਕਮਲਦੀਪ ਅਤੇ ਪੰਕਜ ਗੋਇਲ ਸਮੇਤ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ।
ਜੇਤੂ ਵਿਦਿਆਰਥਣਾਂ ਦਾ ਸਨਮਾਨ ਕਰਦੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ ਤੇ ਹੋਰ ਅਧਿਕਾਰੀ।