7 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਬੀਬੀਐਮਬੀ ਵਿੱਚੋਂ ਪੰਜਾਬ-ਹਰਿਆਣਾ ਦੀ ਨੁਮਾਇੰਦਗੀ ਖਾਰਜ ਕਰਨ ਖਿਲਾਫ਼ ਬਰਨਾਲਾ ਵਿਖੇ ਵਿਸ਼ਾਲ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਡੀਸੀ ਬਰਨਾਲਾ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
ਹਰਿੰਦਰ ਨਿੱਕਾ , ਬਰਨਾਲਾ 4 ਮਾਰਚ 2022
ਲੋਕ ਕਵੀ ਸੰਤ ਰਾਮ ਉਦਾਸੀ ਦੀ ਧਰਤੀ ਰਾਏਸਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲ੍ਹਾ ਪੱਧਰੀ ਮੀਟਿੰਗ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਸੂਬਾ ਸਕੱਤਰ ਬਲਵੰਤ ਉੱਪਲੀ ਵਿਸ਼ੇਸ਼ ਤੌਰ’ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਸੰਘਰਸ਼ ਸੱਦੇ ਬੀਬੀਐਮਬੀ ਵਿੱਚੋਂ ਪੰਜਾਬ, ਹਰਿਆਣਾ ਦਾ ਕੇਂਦਰੀ ਹਕੂਮਤ ਵੱਲੋਂ ਦਾਅਵਾ ਖਾਰਜ ਕਰਨ ਦੀ ਸਾਜਿਸ਼, 8 ਮਾਰਚ ਕੌਮਾਂਤਰੀ ਔਰਤ ਦਿਵਸ ਮਨਾਉਣ, ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜ ਵਿਰੋਧੀ ਦਿਹਾੜਾ ਮਨਾਉਣ ਸਬੰਧੀ ਵਿਚਾਰ ਚਰਚਾ ਹੋਈ।
ਗੰਭੀਰ ਵਿਚਾਰ ਚਰਚਾ ਤੋਂ ਬਾਅਦ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਕੇਂਦਰੀ ਹਕੂਮਤ ਨੇ ਇੱਕ ਵਾਰ ਰਾਜਾਂ ਦੇ ਸੰਘੀ ਢਾਂਚੇ ਦੇ ਗਲ ਅੰਗੂਠਾ ਦੇਣ ਦੀ ਸਾਜਿਸ਼ ਰਚਕੇ ਪੰਜਾਬੀ ਸੂਬਾ ਹੋਂਦ’ਚ ਆਉਣ ਵੇਲੇ ਤੋਂ ਪੰਜਾਬ ਦੀ ਪਾਵਰ ਅਤੇ ਹਰਿਆਣਾ ਦੀ ਸਿੰਚਾਈ ਦੇ ਮੈਂਬਰ ਵਜੋਂ ਹੋਂਦ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਰਾਜਾਂ ਦੀ ਹੋਂਦ ਉੱਪਰ ਸਿੱਧਾ ਹਮਲਾ ਹੈ।ਮੋਦੀ ਹਕੂਮਤ ਦੀ ਇਸ ਸਾਜਿਸ਼ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 7 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਜਿਲ੍ਹਾ ਪੱਧਰੇ ਵੱਡੇ ਮੁਜ਼ਾਹਰੇ ਕਰਕੇ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਗੁਰਦਵਾਰਾ ਸਾਹਿਬ ਅਮਲਾ ਸਿੰਘ ਵਾਲਾ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਔਰਤਾਂ ਦੀ ਲੋਕ ਸੰਘਰਸ਼ਾਂ ਵਿੱਚ ਇਤਿਹਾਸਕ ਭੂਮਿਕਾ, ਭਵਿੱਖੀ ਚੁਣੌਤੀਆਂ ਸਬੰਧੀ ਔਰਤ ਕਿਸਾਨ ਔਰਤ ਬੁਲਾਰੇ ਵਿਚਾਰ ਪੇਸ਼ ਕਰਨਗੇ। ਇਸ ਵਿੱਚ ਪੂਰੇ ਜਿਲ੍ਹੇ ਦੀਆਂ ਭਾਕਿਯੂ ਏਕਤਾ ਡਕੌਂਦਾ ਦੀਆਂ ਕਿਸਾਨ ਕਾਰਕੁਨਾਂ ਵੱਡੀ ਗਿਣਤੀ ਵਿੱਚ ਭਾਗ ਲੈਣਗੀਆਂ।
ਉਨਾਂ ਦੱਸਿਆ ਕਿ 23 ਮਾਰਚ ਦਾ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸਾਮਰਾਜੀ ਵਿਰੋਧੀ ਦਿਹਾੜਾ ਹੁਸੈਨੀਵਾਲਾ ਵਿਖੇ ਨੌਜਵਾਨ ਕਾਰਕੁਨਾਂ ਵੱਲੋਂ ਮਨਾਉਣ/ਨੌਜਵਾਨ ਕਿਸਾਨਾਂ ਦੀ ਕਾਫ਼ਲਿਆਂ ਦੇ ਰੂਪ’ਸ਼ਮੂਲੀਅਤ ਕਰਵਾਉਣ ਸਬੰਧੀ ਵੀ ਫੈਸਲਾ ਕੀਤਾ। ਮੀਟਿੰਗ ਨੇ ਮੋਦੀ ਹਕੂਮਤ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਦੀ ਜਮਾਨਤ ਖਾਰਜ ਕਰਾਉਣ, ਐਮਐਸਪੀ ਦਾ ਕਾਨੂੰਨ ਬਨਾਉਣ, ਸਾਰੀ ਫਸਲਾਂ ਦੀ ਘੱਟੋ ਘੱਟ ਕੀਮਤ ਤੇ ਯਕੀਨੀ ਬਨਾਉਣ, ਕਿਸਾਨ ਅੰਦੋਲਨ ਦੌਰਾਨ ਬਣਾਏ ਪੁਲਿਸ ਕੇਸ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਸਰਕਾਰੀ ਨੌਕਰੀ, ਮੁਆਵਜ਼ਾ, ਕਰਜ਼ਾ ਖਤਮ ਕਰਾਉਣ, ਪੰਜਾਬ ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਖਤਮ ਕਰਵਾਉਣ ਲਈ ਵੀ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾਮ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ,,ਕੁਲਵੰਤ ਸਿੰਘ ਭਦੌੜ, ਹਰਚਰਨ ਸਿੰਘ ਸੁਖਪੁਰਾ, ਕਰਮ ਸਿੰਘ ਭਦੌੜ,ਹਰਮੇਲ ਸਿੰਘ ਖੁੱਡੀਕਲਾਂ ਅਦਿ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂਆਂ ਨੇ ਵਿਚਾਰ ਰੱਖੇ।