ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ
ਰਘਵੀਰ ਹੈਪੀ , ਬਰਨਾਲਾ, 2 ਮਾਰਚ 2022
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਸਮੇਂ ਸਮੇਂ ’ਤੇ ਤਿੰਨੇ ਸੈਨਾਵਾਂ ਲਈ ਹੁੰਦੀ ਭਰਤੀ ਲਈ ਨੌਜਵਾਨਾਂ ਨੂੰ ਨਿਪੁੰਨ ਬਣਾਉਣ ’ਤੇ ਜ਼ੋਰ ਦਿੰਦਿਆਂ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨਾਂ ਜ਼ਿਲਾ ਰੋਜ਼ਗਾਰ ਉਤਪਤੀ ਅਫਸਰ ਨੂੰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨਾਲ ਤਾਲਮੇਲ ਬਣਾਉਣ ਵਾਸਤੇ ਆਖਿਆ ਤਾਂ ਜੋ ਥਲ ਸੈਨਾ, ਜਲ ਸੈਨਾ ਜਾਂ ਹਵਾਈ ਸੈਨਾ ’ਚ ਭਰਤੀ ਵਾਸਤੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਸੈਨਾਵਾਂ ਵਿੱਚ ਚੰਗੇ ਰੈਂਕ ’ਤੇ ਭਰਤੀ ਹੋਣ ਲਈ ਫਿਜ਼ੀਕਲ ਫਿਟਨੈੱਸ ਦੇ ਨਾਲ ਨਾਲ ਅੰਗੇਰਜ਼ੀ ਭਾਸ਼ਾ ਦਾ ਗਿਆਨ ਹੋਣਾ ਬੇਹੱਦ ਜ਼ਰੂਰੀ ਹੈ ਤੇ ਇਸੇ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਚੋਣ ਸੈਨਾ ਵਿੱਚ ਨਹੀਂ ਹੁੰਦੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਭਰਤੀ ਲਈ ਇਮਤਿਹਾਨਾਂ ਦੀ ਤਿਆਰੀ ਵਾਸਤੇ ਪ੍ਰੇਰਿਤ ਕਰਨਾ ਅਤੇ ਸੇਧ ਦੇਣਾ ਬਹੁਤ ਜ਼ਰੂਰੀ ਹੈ। ਉਨਾਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਨੂੰ ਹਦਾਇਤ ਕੀਤੀ ਕਿ ਇਸ ਵਾਸਤੇ ਇਕ ਕਮੇਟੀ ਕਾਇਮ ਕੀਤੀ ਜਾਵੇ, ਜਿਸ ਵਿਚ ਸੇਵਾਮੁਕਤ ਸੈਨਾ ਅਫਸਰਾਂ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਤੇ ਹੋਰ ਸਿਲੇਬਸ ਮੁਤਾਬਕ ਅਧਿਆਪਕ ਮੈਂਬਰ ਵਜੋਂ ਚੁਣੇ ਜਾਣ ਅਤੇ ਕਮੇਟੀ ਵੱਲੋਂ ਸੈਨਾ ਭਰਤੀ ਲਈ ਪੜਨ ਸਮੱਗਰੀ ਤਿਆਰ ਕੀਤੀ ਜਾਵੇ ਤਾਂ ਜੋ ਜ਼ਿਲਾ ਬਰਨਾਲਾ ਦੇ ਨੌਜਵਾਨਾਂ ਨੂੰ ਇਨਾਂ ਭਰਤੀਆਂ ਲਈ ਹਰ ਪੱਖ ਤੋਂ ਤਿਆਰ ਕੀਤਾ ਜਾ ਸਕੇ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ, ਜੀਓਜੀ ਹੈੱਡ ਰਿਟਾ. ਕਰਨਲ ਲਾਭ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।