ਕਿਸਾਨ-ਮਜਦੂਰਾਂ ਦਾ ਅਨੋਖਾ ਪ੍ਰਦਰਸ਼ਨ- ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ 21 ਜਿਲ੍ਹਿਆਂ ’ਚ ਪ੍ਰਦਰਸ਼ਨ

Advertisement
Spread information

ਕਿਸਾਨਾਂ ਮਜਦੂਰਾਂ ਵੱਲੋਂ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦੇ ਦੋਸ਼

ਅਸ਼ੋਕ ਵਰਮਾ ਬਠਿੰਡਾ,25 ਅਪਰੈਲ 2020
ਕਰੋਨਾ ਵਾਇਰਸ ਦੇ ਸੰਕਟ ਕਾਰਨ ਕਣਕ ਦੀ ਖਰੀਦ ਤੇ ਲੋੜਵੰਦਾਂ ਨੂੰ ਪੂਰੀ ਮਾਤਰਾ ’ਚ ਰਾਸ਼ਨ ਪੁਚਾਉਣ ਦੇ ਪੁਖਤਾ ਪ੍ਰਬੰਧ ਨਾ ਕਰਨ, ਕਰੋਨਾ ਦੇ ਟੈਸਟ ਤੇ ਵੈਂਟੀਲੇਟਰਾਂ ਸਮੇਤ ਮੈਡੀਕਲ ਸਟਾਫ਼ ਨੂੰ ਲੋੜੀਂਦਾ ਸਮਾਨ ਮਹੁੱਈਆ ਨਾ ਕਰਾਉਣ, ਹੋਰਨਾ ਬਿਮਾਰੀਆਂ ਤੋਂ ਪੀੜਤਾਂ ਦੇ ਇਲਾਜ ਲਈ ਹਸਪਤਾਲਾਂ ਦੇ ਦਰਵਾਜ਼ੇ ਬੰਦ ਕਰਨ ਅਤੇ ਕਰਫਿਊ ਤੇ ਲਾਕਡਾਊਨ ਦੇ ਬਹਾਨੇ ਲੋਕਾਂ ’ਤੇ ਪੁਲਸ ਜਬਰ ਢਾਹੁਣ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ’ਤੇ ਗਿਣਮਿਥਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਦੋਸ਼ ਲਾਉਂਦਿਆਂ ਅੱਜ 16 ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਦੇ 21 ਜ਼ਿਲਿ੍ਹਆਂ ’ਚ 588 ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਰੋਹ ਭਰਪੂਰ ਪ੍ਰਦਰਸ਼ਨ ਕੀਤੇ ਗਏ।
                    ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਇਹਨਾਂ 16 ਜਥੇਬੰਦੀਆਂ ਵੱਲੋਂ ਕੀਤੇ ਇਹਨਾਂ ਪ੍ਰਦਰਸ਼ਨਾਂ ਸਬੰਧੀ ਜਾਣਕਾਰੀ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ, ਜਗਰੂਪ ਸਿੰਘ, ਲਛਮਣ ਸਿੰਘ ਸੇਵੇਵਾਲਾ ਤੇ ਕੰਵਲਪ੍ਰੀਤ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਬਿਮਾਰੀ ਨੂੰ ਮੁੱਖ ਰੱਖਕੇ ਕੋਠਿਆਂ ’ਤੇ ਚੜ੍ਹਕੇ ਹੀ ਰੈਲੀਆਂ ਤੇ ਮੁਜ਼ਾਹਰੇ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਰੋਹ ਭਰਪੂਰ ਪ੍ਰਦਰਸ਼ਨਾਂ ਦਾ ਜ਼ਿਲ੍ਹਾ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਮੋਗਾ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮੁਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਤੇ ਪਠਾਲਕੋਟ ਦੇ ਪਿੰਡ, ਸ਼ਹਿਰ ਤੇ ਕਸਬੇ ਕੇਂਦਰ ਬਿੰਦੂ ਰਹੇ
                         ਵੱਖ-ਵੱਖ ਥਾਂਵਾ ’ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਉਹ ਸਭ ਸਾਵਧਾਨੀਆਂ ਵਰਤ ਕੇ ਹੀ ਪ੍ਰਦਰਸ਼ਨ ਕਰ ਰਹੇ ਹਨ ਪਰ ਜੇ ਸਰਕਾਰ ਨੇ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਗੇ। ਉਹਨਾਂ ਕਣਕ ਦੀ ਤੁਰੰਤ ਖਰੀਦ ਤੇ ਅਦਾਇਗੀ 48 ਘੰਟਿਆਂ ’ਚ ਕਰਨ, ਇੱਕ ਟਰਾਲੀ ਦੀ ਸ਼ਰਤ ਖਤਮ , ਦੁੱਧ ਉਤਪਾਦਕਾਂ ਦਾ ਦੁੱਧ ਖਰੀਦਣ ਦੀ ਗਰੰਟੀ , ਸਭਨਾਂ ਲਈ ਮੁਫ਼ਤ ਇਲਾਜ ਅਤੇ ਲੋੜਵੰਦਾਂ ਲਈ ਮੁਫ਼ਤ ਖਾਧ ਖੁਰਾਕ ਦੇਣਾ ਯਕੀਨੀ ਬਨਾਉਣ ਦੀ ਮੰਗ ਕੀਤੀ। ਆਗੂਆਂ ਨੇ ਪੇਂਡੂ ਤੇ ਸਿਹਤ ਕੇਂਦਰਾਂ ਅਤੇ ਲੋਕ ਵੰਡ ਪ੍ਰਣਾਲੀ ਲਈ ਰਾਸ਼ਨ ਡਿੱਪੂਆਂ ਦੇ ਢਾਂਚੇ ਦਾ ਪਸਾਰਾ ਕਰਨ, ਸਿਹਤ ਸੇਵਾਵਾਂ ਦਾ ਕੌਮੀਕਰਨ ,ਪ੍ਰਾਈਵੇਟ ਹਸਪਤਾਲਾਂ ਤੇ ਲੈਬੋਰੇਟਰੀਆਂ ਆਦਿ ਨੂੰ ਸਰਕਾਰੀ ਹੱਥਾਂ ’ਚ ਲੈਣ, ਹੋਰਨਾਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਦੇ ਢੁੱਕਵੇਂ ਇਲਾਜ ਲਈ ਬੰਦ ਕੀਤੀ ਓ.ਪੀ.ਡੀ. ਚਾਲੂ ,ਸਿਹਤ ਮਹਿਕਮੇ ਸਮੇਤ ਹੋਰਨਾਂ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਪੂਰੀ ਤਨਖ਼ਾਹ , 50 ਲੱਖ ਦਾ ਬੀਮਾਂ ਅਤੇ ਮੁਲਾਜ਼ਮਾਂ ਦੀ ਰੋਕੀ ਤਨਖ਼ਾਹ ਜਾਰੀ ਕਰਨ ਲਈ ਵੀ ਆਖਿਆ।
                      ਉਨ੍ਹਾਂ ਸਿਹਤ ਮਹਿਕਮੇ ’ਚ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਕਰਮਚਾਰੀਆਂ ਦੀ ਵੱਡੇ ਪੱਧਰ ’ਤੇ ਪੱਕੀ ਭਰਤੀ ,ਵੱਡੇ ਉਦਯੋਗਪਤੀਆਂ ਅਤੇ ਵੱਡੇ ਭੌਂ ਮਾਲਕਾਂ ਦੀ ਉੱਪਰਲੀ 5-7 ਫੀਸਦੀ ਤੇ ਮੋਟਾ ‘‘ਮਹਾਂਮਾਰੀ ਟੈਕਸ’’ , ਅਮਰੀਕਾ ਨਾਲ ਹਥਿਆਰ ਖਰੀਦਣ ਦੇ ਸੌਦੇ ਰੱਦ ਕਰਨ, ਪੁਲਿਸ ਸਖਤੀ, ਪ੍ਰਸ਼ਾਸਕੀ ਢਿੱਲ ਮੱਠ ਤੇ ਅੜੀਅਲ ਵਤੀਰੇ ਤੋਂ ਇਲਾਵਾ ਸਿਆਸੀ ਬੇਰੁਖੀ ਨੂੰ ਵੀ ਨੱਥ ਪਾਉਣ , ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਪੱਕੇ ਤੇ ਕੱਚੇ ਮਜ਼ਦੂਰਾਂ, ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦੀ ਗਰੰਟੀ ਅਤੇ ਛਾਂਟੀ ਨਾ ਕਰਨ, ਮਨਰੇਗਾ ਮਜ਼ਦੂਰਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਸਾਵਧਾਨੀਆਂ ਵਰਤਕੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਵੀ ਕੀਤੀ।
                        ਆਗੂਆਂ ਨੇ ਕਿਹਾ ਕਿ ਮੁਸਲਮਾਨਾਂ ਤੇ ਗੁੱਜਰ ਭਾਈਚਾਰੇ ਖਿਲਾਫ਼ ਕਰੋਨਾ ਫੈਲਾਉਣ ਦੇ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਫਿਰਕਾਪ੍ਰਸਤੀ ਫੈਲਾਉਣ ’ਤੇ ਸਖਤੀ ਨਾਲ ਰੋਕ ਲਾਉਣ, ਕਰੋਨਾ ਦੀ ਆੜ ਹੇਠ ਗ੍ਰਿਫਤਾਰ ਕੀਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਅਤੇ ਸੀ.ਏ.ਏ. ਤੇ ਐਨ.ਆਰ.ਸੀ. ਵਿਰੋਧੀ ਸੰਘਰਸ਼ ’ਚ ਸ਼ਾਮਲ ਲੋਕਾਂ ਨੂੰ ਰਿਹਾਅ ਅਤੇ ਅੱਗੇ ਤੋਂ ਗ੍ਰਿਫਤਾਰੀਆਂ ਤੇ ਰੋਕ ਲਾਉਣ ਲਈ ਵੀ ਕਿਹਾ। ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਸੁਖਦੇਵ ਸਿੰਘ ਕੋਕਰੀ ਕਲਾਂ, ਲਖਵਿੰਦਰ ਸਿੰਘ, ਬਲਿਹਾਰ ਸਿੰਘ, ਵਰਿੰਦਰ ਸਿੰਘ ਮੋਮੀ, ਅਸ਼ਵਨੀ ਕੁਮਾਰ ਘੁੱਦਾ, ਹਰਿੰਦਰ ਕੌਰ ਬਿੰਦੂ, ਛਿੰਦਰਪਾਲ ਸਿੰਘ, ਹੁਸ਼ਿਆਰ ਸਿੰਘ, ਜੋਰਾ ਸਿੰਘ ਨਸਰਾਲੀ, ਗੁਰਵਿੰਦਰ ਸਿੰਘ ਪੰਨੂੰ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਝੰਡਾ ਸਿੰਘ ਜੇਠੂਕੇ, ਪ੍ਰਮੋਦ ਕੁਮਾਰ ਤੇ ਗੁਰਬਾਜ਼ ਸਿੰਘ ਸਿੱਧਵਾਂ ਵੱਲੋਂ ਕੀਤੀ ਗਈ।

Advertisement
Advertisement
Advertisement
Advertisement
Advertisement
error: Content is protected !!