ਘਰ-ਘਰ ਮੁਫ਼ਤ ਰਾਸ਼ਨ ਦੀ ਨਿਰਵਿਘਨ ਸਪਲਾਈ ਜਾਰੀ: ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ 25 ਅਪ੍ਰੈਲ 2020
ਕੋਰੋਨਾਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਘਰ ਘਰ ਮੁਫ਼ਤ ਰਾਸ਼ਨ ਦੀ ਵੰਡ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਗਏ ਹਨ। ਇਸ ਸੰਕਟ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਫ਼ਟੀ ਪ੍ਰਾਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜਵੰਦ ਲੋਕਾਂ ਵਿੱਚ ਮੁਫ਼ਤ ਰਾਸ਼ਨ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਘਨਸਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 112450 ਘਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਸਰਕਾਰ ਵੱਲੋਂ ਜਾਰੀ ਵੱਖ ਵੱਖ ਫ਼ੰਡਾਂ ‘ਚੋਂ ਹੁਣ ਤੱਕ 77052 ਘਰਾਂ ਨੂੰ ਅਤੇ ਗ਼ੈਰ ਸਰਕਾਰੀ ਸੰਸਥਾਵਾਂ, ਸਿਆਸੀ ਪਾਰਟੀਆ, ਅਤੇ ਪੁਲਿਸ ਸਮੇਤ ਹੋਰ ਸਰਕਾਰੀ ਵਿਭਾਗਾਂ ਵੱਲੋਂ 35398 ਘਰਾਂ ਨੂੰ ਮੁਫ਼ਤ ਰਾਸ਼ਨ ਪਹੁੰਚਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਵੇਰਵਿਆਂ ਬਾਰੇ ਦੱਸਦਿਆਂ ਕਿਹਾ ਕਿ ਡੀ.ਐਫ਼.ਐਸ.ਸੀ.ਰਾਹੀਂ ਜਿਲ੍ਹਾ ਭਰ ਦੇ 50000 ਪਰਿਵਾਰਾਂ ਨੂੰ, ਐਸ.ਡੀ.ਆਰ.ਐਫ਼.ਦੇ ਫ਼ੰਡਾਂ ਵਿੱਚੋਂ 7359 ਪਰਿਵਾਰਾਂ ਨੂੰ, ਪੰਚਾਇਤੀ ਫ਼ੰਡਾਂ ਦੀ ਵਰਤੋਂ ਕਰਦੇ ਹੋਏ 15620 ਪਰਿਵਾਰਾਂ ਨੂੰ ਅਤੇ ਮਿਉਂਸਪਲ ਫ਼ੰਡਾਂ ਰਾਹੀ 4073 ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਡਵੀਜ਼ਨਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਫੰਡਾਂ ਵਿੱਚੋਂ ਸੰਗਰੂਰ ਸਬ ਡਵੀਜ਼ਨ ਵਿੱਚ 10765, ਮਲੇਰਕੋਟਲਾ ਸਬ ਡਵੀਜ਼ਨ ਵਿੱਚ 9001, ਅਹਿਮਦਗੜ੍ਹ ਸਬ ਡਵੀਜ਼ਨ ਵਿੱਚ 8755, ਧੂਰੀ ਸਬ ਡਵੀਜ਼ਨ ਵਿੱਚ 12330, ਦਿੜ੍ਹਬਾ ਸਬ ਡਵੀਜ਼ਨ ਵਿੱਚ 10876, ਸੁਨਾਮ ਸਬ ਡਵੀਜ਼ਨ ਵਿੱਚ 7212, ਲਹਿਰਾ ਸਬ ਡਵੀਜ਼ਨ ਵਿੱਚ 6091, ਮੂਨਕ ਸਬ ਡਵੀਜ਼ਨ ਵਿੱਚ 5850 ਅਤੇ ਭਵਾਨੀਗੜ੍ਹ ਸਬ ਡਵੀਜ਼ਨ ਵਿੱਚ 6172 ਪਰਿਵਾਰਾਂ ਤੱਕ ਮੁਫ਼ਤ ਰਾਸ਼ਨ ਪਹੁੰਚਾਇਆ ਗਿਆ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਕੁੱਲ 35 ਫ਼ੀਸਦੀ ਤੋਂ ਵਧੇਰੇ ਪਰਿਵਾਰਾਂ ਤੱਕ ਮੁਫ਼ਤ ਰਾਸ਼ਨ ਦੀ ਇਹ ਸਹੂਲਤ ਪਹੁੰਚ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਾਹਨਾਂ ਰਾਹੀਂ ਰਾਸ਼ਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਸਪਲਾਈ ਦੌਰਾਨ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿਉਂਕਿ ਕੋਰੋਨਾਵਾਇਰਸ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਹੀ ਫ਼ੈਲਦਾ ਹੈ। ਇਸ ਪ੍ਰਕਿਰਿਆ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਾਸਕ ਅਤੇ ਦਸਤਾਨੇ ਆਦਿ ਪਹਿਨ ਕੇ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਸੈਨੇਟਾਈਜ਼ੇਸ਼ਨ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਸ੍ਰੀ ਥੋਰੀ ਨੇ ਕਿਹਾ ਕਿ ਮੁਫ਼ਤ ਰਾਸ਼ਨ ਦੀ ਸਹੂਲਤ ਨਿਰੰਤਰ ਜਾਰੀ ਹੈ ਅਤੇ ਹਰ ਲੋੜਵੰਦ ਵਿਅਕਤੀ ਤੱਕ ਇਹ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਬਿਨ੍ਹਾ ਕਿਸੇ ਆਪਾਤਕਾਲੀਨ ਸਥਿਤੀ ਤੋਂ ਘਰਾਂ ਚੋਂ ਬਾਹਰ ਨਾ ਨਿਕਲਣ। ਕੋਵਿਡ 19 ਤੋਂ ਬਚਣ ਲਈ ਸਭ ਤੋਂ ਕਾਰਗਾਰ ਤਰੀਕਾ ਇਹੋ ਹੈ ਕਿ ਹੋਰਨਾਂ ਲੋਕਾਂ ਦੇ ਸੰਪਰਕ ਵਿੱਚ ਨਾ ਆਇਆ ਜਾਵੇ। ਆਪਣੇ ਹੱਥ ਵਾਰ ਵਾਰ ਸਾਬਣ ਨਾਲ ਧੋਂਦੇ ਰਹੋ ਅਤੇ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।