ਦਿੱਲੀ ਵਿੱਚ ਵਾਪਰੇ ਗੈਂਗ ਰੇਪ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਅਸ਼ੋਕ ਵਰਮਾ,ਬਠਿੰਡਾ, 2 ਫਰਵਰੀ 2022
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਪਿਛਲੇ ਦਿਨੀਂ ਛੱਬੀ ਜਨਵਰੀ ਨੂੰ ਦਿੱਲੀ ਵਿੱਚ ਵਾਪਰੇ ਗੈਂਗ ਰੇਪ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੀਐਸਯੂ ਦੇ ਜ਼ਿਲ੍ਹਾ ਆਗੂ ਰਜਿੰਦਰ ਢਿਲਵਾਂ ਅਤੇ ਮਨਦੀਪ ਬਾਜਾਖਾਨਾ ਨੇ ਦੱਸਿਆ ਕਿ ਛੱਬੀ ਜਨਵਰੀ ਜਦੋਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਜਮਹੂਰੀਅਤ ਦਾ ਢੌਂਗ ਰਚਿਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਦਿੱਲੀ ਵਿੱਚ ਇਕ 21 ਸਾਲਾ ਔਰਤ ਨਾਲ ਗੈੰਗਰੇਪ ਵਰਗੀ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਸ ਔਰਤ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਕਿਸੇ ਲੜਕੇ ਦੁਆਰਾ ਸੰਬੰਧ ਬਣਾਉਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਲੜਕੇ ਨੇ ਆਤਮਹੱਤਿਆ ਕਰ ਲਈ।ਬਦਲੇ ਵਿਚ ਉਸ ਲੜਕੇ ਦੇ ਪਰਿਵਾਰ ਦੁਆਰਾ ਪੀੜਤ ਨੂੰ ਅਗਵਾਹ ਕਰਕੇ ਗੈਂਗਰੇਪ ਕੀਤਾ ਗਿਆ।ਭਾਵੇਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸਖਤ ਸਜ਼ਾ ਨਹੀ ਸੁਣਾਈ ਗਈ।ਜਿਸ ਦੇ ਖ਼ਿਲਾਫ਼ ਦੇਸ਼ ਦੇ ਕੋਨੇ ਕੋਨੇ ਵਿਚ ਲੋਕਾਂ ਦੁਆਰਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਖ਼ਿਲਾਫ਼ ਵਾਪਰ ਰਹੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ,ਪਰ ਭਾਰਤ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਿਸੇ ਵੀ ਕਿਸਮ ਦੇ ਸਖ਼ਤ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਤੋਂ ਸਰਕਾਰ ਦੀ ਅੌਰਤ ਵਿਰੋਧੀ ਮਾਨਸਿਕਤਾ ਸਾਫ ਤੌਰ ਤੇ ਝਲਕਦੀ ਹੈ।
ਪੀਐਸਯੂ ਦੇ ਕਾਲਜ ਕਮੇਟੀ ਪ੍ਰਧਾਨ ਅਰਸਦੀਪ ਕੌਰ ਨੇ ਦੱਸਿਆ ਕਿ ਦਿੱਲੀ ਚ ਵਾਪਰੀ ਇਸ ਘਟਨਾ ਪਿੱਛੇ ਭਾਜਪਾ ਦਾ ਰਾਹ ਦਰਸਾਵਾ ਕਰਨ ਵਾਲੇ ਫ਼ਿਰਕੂ ਸੰਘ ਆਰ.ਐੱਸ.ਐੱਸ ਦਾ ਘੱਟ ਗਿਣਤੀਆਂ ਤੇ ਅੌਰਤ ਵਿਰੋਧੀ ਏਜੰਡਾ ਕੰਮ ਕਰ ਰਿਹਾ ਹੈ।ਇਸੇ ਮਾਨਸਿਕਤਾ ਨੂੰ ਲਾਗੂ ਕਰਦਿਆਂ ਕਦੇ ਸੰਘ ਵੱਲੋਂ ਧਰਮ ਦੇ ਨਾਂ ਤੇ ਦੰਗੇ ਕਰਵਾਏ ਜਾਦੇ ਹਨ,ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਜਾਂ ਨਕਸਲੀ ਕਹਿ ਕੇ ਜੇਲ੍ਹਾਂ ਚ ਡੱਕਿਆ ਜਾੰਦਾ ਹੈ,ਭੀੜਾਂ ਦੁਆਰਾ ਮੁਸਲਮਾਨ ਧਰਮ ਦੇ ਲੋਕਾਂ ਨੂੰ ਗਊ ਰੱਖਿਆ ਦੇ ਨਾਮ ਤੇ ਕਤਲ ਕੀਤਾ ਜਾਂਦਾ ਹੈ ਤੇ ਦਿੱਲੀ ਵਿੱਚ ਵਾਪਰੀ ਘਟਨਾ ਵੀ ਸੰਘ ਦੀ ਅੌਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਆਗੂਆਂ ਨੇ ਕਿਹਾ ਕਿ ਇਸ ਖਤਰਨਾਕ ਏਜੰਡੇ ਖਿਲਾਫ ਸੰਘਰਸ਼ ਨੂੰ ਤੇਜ ਕਰਨਾ ਇੱਕ ਅਣਸਰਦੀ ਲੋੜ ਬਣ ਚੁੱਕੀ ਹੈ।
ਇਸ ਮੌਕੇ ਕਾਲਜ ਕਮੇਟੀ ਮੈੰਬਰ ਰੀਮਾ,ਵੀਰਪਾਲ,ਹੁਸਨਦੀਪ ਕੌਰ,ਰੇਨੂੰ,ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।