ਕ਼ਰੋੜਾਂ ਰੁਪਏ ਦੀ ਸੰਪਤੀ ਦਾ ਮਾਲਿਕ ਨਿੱਕਲਿਆ,ਖੁਦ ਨੂੰ ਆਮ ਆਦਮੀ ਕਹਿਣ ਵਾਲਾ ਮੁੱਖ ਮੰਤਰੀ ਚੰਨੀ
ਹਰਿੰਦਰ ਨਿੱਕਾ ,ਬਰਨਾਲਾ 31 ਜਨਵਰੀ 2022
ਇੱਕ ਗਰੀਬ ਮਜਦੂਰ ਦਾ ਪੁੱਤ ਹੋਣ ਦਾ ਦਾਅਵਾ ਕਰਕੇ, ਦਲਿਤਾਂ ਸਮਾਜ ਦੀ ਹਮਦਰਦੀ ਬਟੋਰਨ ਵਿੱਚ ਕਰੀਬ ਤਿੰਨ ਮਹੀਨਿਆਂ ਤੋਂ ਯਤਨਸ਼ੀਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਸਲੀ ਚਿਹਰਾ ਉਨ੍ਹਾਂ ਵੱਲੋਂ ਅੱਜ ਭਦੌੜ ਵਿਧਾਨ ਸਭਾ ਹਲਕੇ ਤੋਂ ਨਾਮਜਦਗੀ ਪੱਤਰ ਦਾਖਿਲ ਕਰਨ ਤੋਂ ਬਾਅਦ ਬੇਨਕਾਬ ਹੋ ਗਿਆ। ਮੁੱਖ ਮੰਤਰੀ ਚੰਨੀ ਨੇ ਦਾਇਰ ਹਲਫਨਾਮੇ ਵਿੱਚ ਦੱਸਿਆ ਹੈ ਕਿ ਉਹ 7 ਕਰੋੜ 97 ਲੱਖ, 37 ਹਜਾਰ 584 ਰੁਪਏ ਦੀ ਚੱਲ ਅਤੇ ਅਚੱਲ ਪ੍ਰੋਪਰਟੀ ਦਾ ਮਾਲਿਕ ਹੈ। ਜਦੋਂਕਿ ਚੰਨੀ ਦੀ ਘਰਵਾਲੀ ਕਮਲਜੀਤ ਕੌਰ ਵੀ 4 ਕਰੋੜ 18 ਲੱਖ 45 ਹਜਾਰ ਰੁਪਏ ਦੀ ਚੱਲ ਅਚੱਲ ਪ੍ਰੋਪਰਟੀ ਦੀ ਮਾਲਿਕ ਹੈ। ਮੁੱਖ ਮੰਤਰੀ ਚੰਨੀ ਕੋਲ ਅਤੇ ਉਸਦੀ ਪਤਨੀ ਕੋਲ ਦੋ ਫਾਰਚੂਨਰ ਗੱਡੀਆਂ ਵੀ ਹਨ। ਦੋਵੇਂ ਜੀਅ ਸੋਨੇ ਦੇ ਗਹਿਣਿਆਂ ਦੇ ਸ਼ੌਕੀਨ ਵੀ ਹਨ। ਚੰਨੀ ਕੋਲ 250 ਗ੍ਰਾਮ ਸੋਨੇ ਦੇ ਗਹਿਣੇ ਹਨ,ਜਦਕਿ ਉਸਦੀ ਪਤਨੀ ਕੋਲ 1 ਕਿੱਲੋ 350 ਗ੍ਰਾਮ ਸੋਨੇ ਦੇ ਗਹਿਣੇ ਵੱਖਰੇ ਹਨ। ਚੰਨੀ ਕੋਲ 4 ਕਰੋੜ ਤੋਂ ਵਧੇਰੇ ਕੀਮਤ ਦੀ ਰਿਹਾਇਸ਼ੀ ਜਗ੍ਹਾ ਹੈ,ਜਦਕਿ ਉਸ ਦੀ ਪਤਨੀ ਕੋਲ ਵੀ ਵੱਖਰੇ ਤੌਰ ਤੇ 2 ਕਰੋੜ 27 ਲੱਖ 85 ਹਜਾਰ ਰੁਪਏ ਮੁੱਲ ਦੀ ਰਿਹਾਇਸ਼ੀ ਜਗ੍ਹਾ ਹੈ। ਇਸ ਤਰ੍ਹਾਂ ਦੋਵੇਂ ਜੀਅ ਕਰੋੜਪਤੀ ਹੋ ਕੇ ਵੀ ਖੁਦ ਨੂੰ ਅਸਲੀ ਆਮ ਆਦਮੀ ਹੋਣ ਦੀਆਂ ਡੀਂਗਾਂ ਮਾਰਦੇ ਭੋਰਾ ਵੀ ਨਹੀਂ ਸ਼ਰਮਾਉਂਦੇ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਕੋਲ ਸਿਰਫ 1 ਲੱਖ 50 ਹਜ਼ਾਰ ਰੁਪਏ ਨਗਦੀ ਹੈ,ਤੇ ਇਨ੍ਹਾਂ ਦੀ ਪਤਨੀ ਕੋਲ ਵੀ 50 ਹਜਾਰ ਰੁਪਏ ਕੈਸ਼ ਹਨ।