ਪੰਜਾਬ ਸਰਕਾਰ ਹਰ ਹਾਲ ਕਿਸਾਨਾਂ ਦੇ ਨਾਲ: ਨਾਗਰਾ
- ਕਿਸਾਨੀ ਸੰਘਰਸ਼ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 08 ਜਨਵਰੀ 2022
ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਸਾਨੀ ਸੰਘਰਸ਼ ਵਿਚ ਦਿੱਲੀ ਦੀ ਹੱਦ ਵਿਖੇ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ ਨੇ ਪਿੰਡ ਰੁੜਕੀ ਦੇ ਗੁਰਿੰਦਰ ਸਿੰਘ , ਪੰਜੋਲਾ ਦੇ ਨਰਿੰਦਰ ਸਿੰਘ ਦਾਦੂਮਾਜਰਾ ਦੀ ਕੁਲਵੰਤ ਕੌਰ , ਸਲਾਣਾ ਦੇ ਮਨਵੀਰ ਸਿੰਘ ,ਸਲਾਣੀ ਦੇ ਹਰਮੀਤ ਸਿੰਘ, ਪਿੰਡ ਬੜੈਚਾਂ ਦੇ ਰਾਜਦੀਪ ਕੌਰ, ਪਿੰਡ ਰੁੜਕੀ ਲਵਪ੍ਰੀਤ ਸਿੰਘ ਅਤੇ ਪਿੰਡ ਰੈਲੋਂ ਬਲਜੀਤ ਸਿੰਘ ਸਮੇਤ ਹੋਰ ਸ਼ਹੀਦ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ।
ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦੇ ਹੋਏ ਵਿਧਾਇਕ ਨਾਗਰਾ ਨੇ ਕਿਹਾ ਕਿ ਸਾਡੇ ਕਿਸਾਨ ਲੰਮੇ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ਉਤੇ ਸੰਘਰਸ਼ ਕਰਦੇ ਰਹੇ ਤੇ ਜਿੱਤ ਹਾਸਲ ਕੀਤੀ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਆਪਣੀ ਜਾਨ ਸੰਘਰਸ਼ ਲੇਖੇ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਖੇਤੀਬਾੜੀ ਸੂਬਿਆਂ ਦੇ ਅਧਿਕਾਰ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਇਸ ਵਿੱਚ ਸਿੱਧਾ ਦਖਲ ਦਿੰਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿੱਚ ਬੇਚੈਨੀ ਤੇ ਰੋਸ ਦਾ ਮਾਹੌਲ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਕਿਸਾਨ 05 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹਮੇਸ਼ਾਂ ਕਿਸਾਨਾਂ ਦੀ ਬਾਂਹ ਫੜੀ ਗਈ ਤੇ ‘ਕਰਜ਼ਾ ਮੁਆਫੀ ਸਕੀਮ’ ਲਿਆਂਦੀ ਗਈ। ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਕਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ।
ਇਸੇ ਤਰ੍ਹਾਂ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ ਕਰਜ਼ਾ ਮੁਆਫ ਕੀਤਾ। ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 8 ਲੱਖ 50 ਹਜ਼ਾਰ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਹੇਠ ਲਿਆਂਦਾ ਗਿਆ, ਜਿਸ ਤਹਿਤ ਇਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫਸਲਾਂ ਦੀ ਖਰੀਦ 48 ਘੰਟਿਆਂ ਅੰਦਰ ਕਰਕੇ ਕਿਸਾਨਾਂ ਨੂੰ ਬਣਦੀ ਰਕਮ ਅਦਾ ਕੀਤੀ ਹੈ। ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਤੇ ਸਦਾ ਖੜ੍ਹੀ ਰਹੇਗੀ।