-ਰਾਹ ਜਾਂਦੇ ਐਸਡੀਐੱਮ ਰਣਜੀਤ ਸਿੰਘ ਨੇ ਸਟਾਫ ਨਾਲ ਮਿਲ ਕੇ ਅੱਗ ਤੇ ਪਾਇਆ ਕਾਬੂ
-ਜ਼ੀਰਾ ਨੈਸ਼ਨਲ ਹਾਈਵੇ ਤੋਂ ਗੁਜ਼ਰ ਰਹੇ ਸਨ ਐਸਡੀਐੱਮ ਰਣਜੀਤ ਸਿੰਘ
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 21 ਅਪ੍ਰੈਲ 2020
ਕਸਬਾ ਜ਼ੀਰਾ ਵਿੱਚ ਮੰਗਲਵਾਰ ਨੂੰ ਐੱਸਡੀਐੱਮ ਜ਼ੀਰਾ ਸ੍ਰ. ਰਣਜੀਤ ਸਿੰਘ ਅਤੇ ਉਸ ਦੀ ਟੀਮ ਦੀ ਬਦੌਲਤ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਨੈਸ਼ਨਲ ਹਾਈਵੇ ਦੇ ਨਜ਼ਦੀਕ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ ਹੋਈ ਅੱਗ ਨੂੰ ਦੇਖ ਕੇ ਐੱਸਡੀਐੱਮ ਜ਼ੀਰਾ ਖ਼ੁਦ ਅੱਗ ਬੁਝਾਉਣ ਖੇਤਾਂ ਵਿੱਚ ਉੱਤਰ ਗਏ। ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਗੰਨਮੈਨ, ਡਰਾਈਵਰ ਅਤੇ ਸਟਾਫ਼ ਤੇ ਹੋਰ ਵੀ ਅੱਗ ਬੁਝਾਉਣ ਲੱਗੇ। ਕੁੱਝ ਹੀ ਮਿੰਟਾਂ ਦੀ ਮਿਹਨਤ ਦੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਜਿੱਥੇ ਅੱਗ ਲੱਗੀ ਹੋਈ ਸੀ, ਉਸ ਦੇ ਨਾਲ ਹੀ ਕਣਕ ਦੀ ਹਜ਼ਾਰਾ ਏਕੜ ਫ਼ਸਲ ਖੜੀ ਹੋਈ ਸੀ, ਜਿੱਥੇ ਅੱਗ ਪਹੁੰਚਣ ਤੋਂ ਬਾਅਦ ਕਾਫੀ ਨੁਕਸਾਨ ਹੋ ਸਕਦਾ ਸੀ।
ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਐੱਸਡੀਐੱਮ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਨੈਸ਼ਨਲ ਹਾਈਵੇ ਤੋਂ ਲੰਘ ਰਹੇ ਸਨ ਉਨ੍ਹਾਂ ਨੇ ਦੇਖਿਆ ਕਿ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ ਤੇ ਅੱਗ ਬੁਝਾਉਣ ਦੇ ਲਈ ਸਿਰਫ਼ 2 ਹੀ ਲੋਕ ਸਨ ਜੋ ਕਿ ਅੱਗ ਤੇ ਕਾਬੂ ਨਹੀਂ ਪਾ ਸਕਦੇ ਸਨ। ਇਸ ਮੌਕੇ ਨੂੰ ਦੇਖਦਿਆਂ ਉਹ ਖ਼ੁਦ ਗੱਡੀ ਤੋਂ ਉੱਤਰ ਕੇ ਖੇਤ ਵਿੱਚ ਪਹੁੰਚੇ ਤੇ ਲੋਕਾਂ ਦੀ ਅੱਗ ਬੁਝਾਉਣ ਵਿੱਚ ਮਦਦ ਕਰਨ ਲੱਗੇ। ਉਨ੍ਹਾਂ ਦੀ ਸਾਰੀ ਟੀਮ ਵੀ ਇਸ ਕੰਮ ਵਿੱਚ ਜੁੱਟ ਗਈ। ਦਰਖਤਾਂ ਦੀਆਂ ਟਾਹਣੀਆਂ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ 10 ਮਿੰਟ ਬਾਅਦ ਹੀ ਅੱਗ ਬੁਝਾ ਦਿੱਤੀ ਗਈ। ਐੱਸਡੀਐੱਮ ਜ਼ੀਰਾ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਹੋਣ ਨਾਲ ਲੱਗੀ ਸੀ ਜਿਸਨੂੰ ਸਮੇਂ ਰਹਿੰਦੇ ਹੀ ਬੁਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅੱਗ ਲੱਗੀ ਸੀ ਉੱਥੇ ਨਜ਼ਦੀਕ ਹੀ ਕਣਕ ਦੀ ਫਸਲ ਖੜ੍ਹੀ ਸੀ ਜਿੱਥੇ ਅੱਗ ਪਹੁੰਚਣ ਨਾਲ ਕਾਫੀ ਨੁਕਸਾਨ ਹੋ ਸਕਦਾ ਸੀ।