ਮਹਿਲ ਕਲਾਂ ਟੋਲ ਪਲਾਜਾ ਤੇ 442 ਵੇਂ ਦਿਨ ਵੀ ਧਰਨਾ ਜਾਰੀ
- ਖੇਤੀ ਕਿੱਤੇ ਨੂੰ ਲਾਹੇਬੰਦਾ ਬਣਾਉਣ ਦੀ ਲੰਬੀ ਜੰਗ ਅਜੇ ਜਾਰੀ ਹੈ: -ਜਗਰਾਜ ਹਰਦਾਸਪੁਰਾ
ਰਘਬੀਰ ਹੈਪੀ, ਮਹਿਲ ਕਲਾਂ: 16 ਦਸੰਬਰ 2021 (ਗੁਰਸੇਵਕ ਸਿੰਘ ਸਹੋਤਾ/ਪਾਲੀ ਵਜੀਦਕੇ)-
ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਟੋਲ ਪਲਾਜਾ ਮਹਿਲਕਲਾਂ’ਤੇ ਲਾਇਆ ਧਰਨਾ ਪੂਰੇ ਜੋਸ਼ ਅਤੇ ਉਤਸਾਹ ਨਾਲ ਜਾਰੀ ਰਿਹਾ। ਬੁਲਾਰੇ ਆਗੂਆਂ ਜਗਰਾਜ ਹਰਦਾਸਪੁਰਾ,ਮਲਕੀਤ ਈਨਾ, ਗੁਰਮੇਲ ਠੁੱਲੀਵਾਲ,ਅਮਰਜੀਤ ਸਿੰਘ ਠੁੱਲੀਵਾਲ,ਸੋਹਣ ਸਿੰਘ ਮਹਿਲਕਲਾਂ ਅਤੇ ਸੁਖਦੇਵ ਸਿੰਘ ਕੁਰੜ ਨੇ ਕਿਹਾ ਕਿ ਕੇਂਦਰੀ ਸਰਕਾਰ ਨੇ ਟੋਲ ਪਲਾਜਿਆਂ ਦੇ ਰੇਟ ਵਧਾਉਣ ਖਿਲਾਫ਼ ਧਰਨਾ ਜਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।ਕਿਉਂਕਿ ਕੇਂਦਰੀ ਹਕੂਮਤ ਆਮ ਲੋਕਾਂ ਵਿੱਚੋਂ ਸਿਰੜੀ ਸੰਘਰਸ਼ ਰਾਹੀਂ ਹਾਸਲ ਕੀਤੀ ਜਿੱਤ ਨੂੰ ਫਿੱਕਾ ਪਾਉਣਾ ਚਾਹੁੰਦੀ ਹੈ। ਇੱਕ ਪਾਸੇ ਸਰਕਾਰ ਹਰ ਨਵਾਂ ਸਾਧਨ ਖਰੀਦਣ ਵੇਲੇ 9% ਰੋਡ ਟੈਕਸ ਵਸੂਲ ਕੇ ਕਰੋੜਾਂ ਰੁ਼ ਟੈਕਸ ਵਜੋਂ ਵਸੂਲਦੀ ਹੈ। ਦੂਜੇ ਪਾਸੇ ਵਪਾਰਕ ਘਰਾਣਿਆਂ ਨੂੰ ਮੁਨਾਫੇ ਬਖਸ਼ਣ ਲਈ ਟੋਲ ਟੈਕਸਾਂ ਤੇ ਲੱਗਣ ਵਾਲਾ ਜਜੀਆ ਦੁੱਗਣਾ ਕਰ ਦਿੱਤਾ ਹੈ। ਜਿਸ ਨੂੰ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਬੁਲਾਰਿਆਂ ਨੇ ਕਿਹਾ ਕਿ ਅਸੀਂ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਇਹ ਲੜਾਈ ਹੀ ਜਿੱਤੀ ਹੈ, ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੂਰੀ ਤਰ੍ਹਾਂ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ। ਇਸ ਜੰਗ ਲਈ ਸਾਨੂੰ ਹੋਰ ਵੀ ਵਧੇਰੇ ਵਿਸ਼ਾਲ ਏਕਾ ਉਸਾਰਨਾ ਪਵੇਗਾ।ਸਾਨੂੰ ਪਿੰਡਾਂ ਵਿੱਚ ਵੀ ਆਪਣਾ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਬੁਲਾਰਿਆਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਟੋਲ ਪਲਾਜਿਆਂ ਦੇ ਰੇਟ ਦੁੱਗਣੇ ਕਰਕੇ ਨਵਾਂ ਬੋਝ ਲੱਦਣ ਖਿਲਾਫ਼ ਲਗਾਤਾਰ ਟੋਲ ਪਲਾਜਿਆਂ ਤੇ ਚੱਲ ਰਹੇ ਧਰਨੇ ਵਧਾਇਆ ਜਜੀਆ ਟੋਲ ਟੈਕਸ ਵਾਪਸ ਲੈਣ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਜਾਰੀ ਰਹਿਣਗੇ।