ਪੁਲਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ
- ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ-ਏ ਐਸ ਪੀ ਸ਼ੁਭਮ ਅਗਰਵਾਲ
ਸੋਨੀ ਪਨੇਸਰ,ਮਹਿਲ ਕਲਾਂ 16 ਦਸੰਬਰ (ਗੁਰਸੇਵਕ ਸਿੰਘ ਸਹੋਤਾ/ਪਾਲੀ ਵਜੀਦਕੇ)
ਸਬ ਡਿਵੀਜ਼ਨ ਮਹਿਲ ਕਲਾਂ ਦੇ ਏ ਐਸ ਪੀ ਸ੍ਰੀ ਸ਼ੁਭਮ ਅਗਰਵਾਲ (ਆਈ ਪੀ ਐੱਸ) ਨੇ ਆਪਣੇ ਦਫਤਰ ਮਹਿਲ ਕਲਾਂ ਵਿਚ ਸਥਾਨਕ ਪੱਤਰਕਾਰਾਂ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ। ਜਿਸ ਵਿਚ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਏ ਐੱਸ ਪੀ ਸ੍ਰੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਵਿੱਚ ਟਰੈਫਿਕ ਸਮੱਸਿਆ ਠੀਕ ਕਰ ਲਈ ਦੁਕਾਨਦਾਰਾਂ ਤੇ ਆਮ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰ ਸਥਾਨਕ ਬਾਜ਼ਾਰ ਵਿੱਚ ਜਾਂ ਆਸੇ ਪਾਸੇ ਦੇ ਪਿੰਡਾਂ ਵਿਚ ਬੁਲਟ ਮੋਟਰਸਾਈਕਲ ਤੇ ਪਟਾਕੇ ਵਜਾਉਂਦੇ ਹਨ, ਉਨ੍ਹਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਪਟਾਕੇ ਵਜਾਉਣੇ ਆਪਣੇ ਆਪ ਬੰਦ ਕਰ ਦੇਣਾ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਉੱਚੀ ਅਵਾਜ਼ ਵਿੱਚ ਡੈੱਕ ਲਗਾਉਂਦੇ ਹਨ ਉਨ੍ਹਾਂ ਨੂੰ ਵੀ ਸਖ਼ਤ ਤਾੜਨਾ ਕੀਤੀ।ਪੁਲਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਅਤੇ ਸਮਾਜ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਿਹਾ ਹੈ,ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਪ੍ਰਸ਼ਾਸਨ ਆਮ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਨਾਲ ਹੀ ਇਲਾਕੇ ਅੰਦਰ ਅਮਨ ਸ਼ਾਂਤੀ ਸਥਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਲਗਾਤਾਰ ਚੌਕਸੀ ਵਧਾਈ ਗਈ ਹੈ ਅਤੇ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀਆਂ ਲਗਾਤਾਰ ਇਲਾਕੇ ਅੰਦਰ ਗਸ਼ਤ ਕਰਦੀਆਂ ਰਹਿੰਦੀਆਂ ਹਨ,ਤਾਂ ਜੋ ਲੋਕ ਸੁੱਖ ਸ਼ਾਂਤੀ ਅਤੇ ਅਮਨ ਅਮਾਨ ਨਾਲ ਆਪਣਾ ਜੀਵਨ ਜੀਅ ਸਕਣ। ਇਸ ਲਈ ਸਮੁੱਚੀ ਪੰਜਾਬ ਪੁਲੀਸ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਪੱਤਰਕਾਰਤਾ ਜਿੱਥੇ ਆਮ ਲੋਕਾਂ ਲਈ ਨਿਰੰਤਰ ਕੰਮ ਕਰ ਰਹੀ ਹੈ ਉਥੇ ਉਥੇ ਹੀ ਪੁਲਸ ਪ੍ਰਸ਼ਾਸਨ ਵੀ ਇਨ੍ਹਾਂ ਤੋਂ ਵੱਡੇ ਸਹਿਯੋਗ ਦੀ ਆਸ ਕਰਦਾ ਹੈ। ਇਸ ਲਈ ਏਕੇ ਅਤੇ ਸਾਂਝੀਵਾਲਤਾ ਨਾਲ ਸਮਾਜਿਕ ਕੁਰੀਤੀਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਥਾਣਾ ਮਹਿਲ ਕਲਾਂ ਦੇ ਤਿੰਨੋਂ ਆਮ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ, ਬਿਨਾਂ ਡਰ ਭੈਅ ਤੋਂ ਪੁਲਸ ਪ੍ਰਸ਼ਾਸਨ ਤੋਂ ਸਹਿਯੋਗ ਲੈ ਸਕਦੇ ਹਨ। ਇਸ ਮੌਕੇ ਉਨ੍ਹਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਿਸੇ ਵੀ ਨਸ਼ੇ ਦੇ ਸਮੱਗਲਰਾਂ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੇ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ ਤਾਂ ਕਿ ਆਪਾਂ ਇਕੱਠੇ ਹੋ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾ ਸਕੀਏ। ਇਸ ਮੌਕੇ ਪੱਤਰਕਾਰ ਅਵਤਾਰ ਸਿੰਘ ਅਣਖੀ, ਪ੍ਰੇਮ ਕੁਮਾਰ ਪਾਸੀ, ਜਸਵੰਤ ਸਿੰਘ ਲਾਲੀ, ਗੁਰਸੇਵਕ ਸਿੰਘ ਸਹੋਤਾ, ਹਰਪਾਲ ਪਾਲੀ ਵਜੀਦਕੇ, ਫ਼ਿਰੋਜ਼ ਖ਼ਾਨ, ਪਰਦੀਪ ਸਿੰਘ ਲੋਹਗੜ, ਲਕਸਦੀਪ ਗਿੱਲ,ਰਮਨਦੀਪ ਆਦਿ ਹਾਜ਼ਰ ਸਨ।