ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 435 ਵਾਂ ਦਿਨ
- 435 ਦਿਨਾਂ ਦੇ ਲੰਬੇ ਅਰਸੇ ਬਾਦ ਅੱਜ ਵੀ ਪਹਿਲੇ ਦਿਨ ਵਾਲਾ ਹੀ ਜੋਸ਼ ਤੇ ਉਤਸ਼ਾਹ ਬਰਕਰਾਰ; ਜਿੱਤ ਦੇ ਅਹਿਸਾਸ ਨਾਲ ਚਿਹਰੇ ਖਿੜੇ।
- ਮੌਜੂਦਾ ਅੰਦੋਲਨ ਜਿੱਤਣ ਬਾਅਦ ਘਰ ਨਹੀਂ ਬੈਠਾਂਗੇ; ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਲਈ ਸੰਘਰਸ਼ ਹੋਰ ਤਿੱਖਾ ਕਰਾਂਗੇ: ਕਿਸਾਨ ਆਗੂ
- ਧਰਨੇ ਵਿੱਚ ਸਹਿਯੋਗ ਕਰਨ ਤੇ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਬਾਹਰੀ ਸਖਸ਼ੀਅਤਾਂ ਦਾ ਸਨਮਾਨ ਕੀਤਾ।
- ਯੂਰੀਆ ਖਾਦ ਦੀ ਘਾਟ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾਈ; ਜੇਕਰ ਦੋ ਦਿਨਾਂ ‘ਚ ਹਾਲਤ ਨਾ ਸੁਧਰੀ ਤਾਂ ਅਧਿਕਾਰੀਆਂ ਦਾ ਘਿਰਾਉ ਕੀਤਾ ਜਾਵੇਗਾ।
- ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ 12 ਦਸੰਬਰ ਦੇ ‘ਰੇਲ ਰੋਕੋ’ ਘੋਲ ਦੀ ਹਿਮਾਇਤ; ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਮੰਨੇ: ਆਗੂ
ਰਘਬੀਰ ਹੈਪੀ,ਬਰਨਾਲਾ: 09 ਦਸੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ, ਕਿਸਾਨਾਂ ‘ਤੇ ਦਰਜ ਕੇਸ ਰੱਦ ਕਰਵਾਉਣ ਅਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚਲੀਆਂ ਬਾਕੀ ਮੰਨਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 435 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। 435 ਦਿਨ ਦਾ ਲੰਬਾ ਅਰਸਾ ਬੀਤ ਜਾਣ ਵੀ ਅੱਜ ਧਰਨੇ ‘ਚ ਪਹਿਲੇ ਦਿਨ ਵਾਲਾ ਜੋਸ਼ ਤੇ ਉਤਸ਼ਾਹ ਬਰਕਰਾਰ ਸੀ। ਜਿੱਤ ਨਜ਼ਦੀਕ ਹੋਣ ਦੇ ਅਹਿਸਾਸ ਨਾਲ ਧਰਨਾਕਾਰੀਆਂ ਦੇ ਚਿਹਰੇ ਖਿੜੇ ਹੋਏ ਸਨ। ਇੱਕ ਅਕਤੂਬਰ 2020 ਨੂੰ ਬਰਨਾਲਾ ਦੀਆਂ ਰੇਲਵੇ ਲਾਈਨਾਂ ‘ਤੇ ਬੈਠਣ ਸਮੇਂ ਕਿਸੇ ਨੂੰ ਵੀ ਅੰਦਾਜਾ ਨਹੀਂ ਸੀ ਕਿ ਇੰਨਾ ਲੰਬਾ ਸਮਾਂ ਇਸੇ ਸਟੇਸ਼ਨ ‘ਤੇ ਧਰਨੇ ‘ਚ ਬੈਠਣਾ ਪਵੇਗਾ। ਪਰ ਲਗਾਤਾਰ 435 ਦਿਨ ਅਤਿ ਦੀ ਗਰਮੀ,ਸਰਦੀ,ਮੀਂਹ,ਹਨੇਰੀ ਆਦਿ ਕੁਦਰਤੀ ਦੁਸ਼ਵਾਰੀਆਂ ਸਹਿ ਕੇ ਆਖਰ ਜਿੱਤ ਪ੍ਰਾਪਤ ਕਰ ਲਈ। ਇਹ ਇਤਿਹਾਸਕ ਪ੍ਰਾਪਤੀ ਸਭ ਨੂੰ ਲੰਬਾ ਸਮਾਂ ਯਾਦ ਰਹੇਗੀ।
ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਜਿੱਤਣ ਬਾਅਦ ਵੀ ਅਸੀਂ ਘਰ ਨਹੀਂ ਬੈਠਾਂਗੇ। ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ਕਾਰਨ ਖੇਤੀ ਦਾ ਕਿੱਤਾ ਲੰਬੇ ਸਮੇਂ ਤੋਂ ਘਾਟੇਵੰਦਾ ਕਿੱਤਾ ਬਣਿਆ ਹੋਇਆ ਹੈ। ਅਸੀਂ ਹੁਣ ਇਸ ਕਿੱਤੇ ਨੂੰ ਲਾਹੇਵੰਦਾ ਬਣਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਲੰਬੇ ਸੰਘਰਸ਼ ਉਲੀਕਣੇ ਪੈਣਗੇ। ਅਸੀਂ ਇਸ ਲੰਬੇ ਸਫਰ ਲਈ ਹੋਰ ਵੀ ਹੌਸਲੇ, ਸਿਦਕ ਤੇ ਸਿਰੜ ਨਾਲ ਅੱਗੇ ਵਧਾਂਗੇ।
ਅੱਜ ਸੰਚਾਲਨ ਕਮੇਟੀ ਨੇ ਗਲਾਂ ‘ਚ ਕਿਸਾਨੀ ਸਰੋਪੇ, ਸ਼ਾਲ ਤੇ ਲੋਈਆਂ ਪਾ ਕੇ ਧਰਨੇ ਲਈ ਸਹਿਯੋਗ ਕਰਨ ਅਤੇ ਸਰਗਰਮ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ।ਪਾਣੀ ਪਿਲਾਉਣ ਤੇ ਬਰਤਨ ਸਾਫ ਕਰਨ ਵਾਲੀ ਨੰਦੇੜ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਅਤੇ ਰੇਲਵੇ ਸਟੇਸ਼ਨ ਬਰਨਾਲਾ ਦੇ ਸਟੇਸ਼ਨ ਮਾਸਟਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਤੇ ਧੰਨਵਾਦ ਕੀਤਾ ਗਿਆ।
ਅੱਜ ਬੁਲਾਰਿਆਂ ਨੇ ਯੂਰੀਆ ਖਾਦ ਦੀ ਘਾਟ ਦਾ ਮੁੱਦਾ ਫਿਰ ਉਠਾਇਆ। ਕਣਕ ਦੀ ਫਸਲ ਦੀ ਪਹਿਲੀ ਸਿੰਜਾਈ ਸਮੇਂ ਯੂਰੀਆ ਖਾਦ ਪਾਉਣੀ ਜਰੂਰੀ ਹੁੰਦੀ ਹੈ। ਜੇਕਰ ਇਸ ਸਮੇਂ ਯੂਰੀਆ ਖਾਦ ਨਾ ਪਾਈ ਜਾਵੇ ਤਾਂ ਕਣਕ ਦਾ ਝਾੜ ਬਹੁਤ ਘਟ ਜਾਂਦਾ ਹੈ। ਆਗੂਆਂ ਨੇ ਦਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਦੋ ਦਿਨਾਂ ‘ਚ ਸਪਲਾਈ ਠੀਕ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ਵਰਨਾ ਉਨ੍ਹਾਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਬਲਵੀਰ ਕੌਰ ਕਰਮਗੜ੍ਹ, ਚਰਨਜੀਤ ਕੌਰ,ਗੋਰਾ ਸਿੰਘ ਢਿੱਲਵਾਂ,ਨਛੱਤਰ ਸਿੰਘ ਸਾਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਦਰਸ਼ਨ ਸਿੰਘ ਦਿਉਲ,ਗੁਰਮੇਲ ਸ਼ਰਮਾ,ਸੁਖਵਿੰਦਰ ਸਿੰਘ ਠੀਕਰੀਵਾਲਾ,ਮੇਲਾ ਸਿੰਘ ਕੱਟੂ ਨੇ ਸੰਬੋਧਨ ਕੀਤਾ।
ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਦੌਰਾਨ 12 ਦਸੰਬਰ ਨੂੰ 4 ਘੰਟੇ ਲਈ ‘ਰੇਲ ਰੋਕੋ’ ਪ੍ਰੋਗਰਾਮ ਲਈ ਸੱਦਾ ਦਿੱਤਾ ਹੋਇਆ ਹੈ। ਅੱਜ ਆਗੂਆਂ ਨੇ ਇਸ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਅਤੇ ਮਜ਼ਦੂਰਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।
ਅੱਜ ਰਾਜਵਿੰਦਰ ਸਿੰਘ ਮੱਲੀ ਅਤੇ ਬਲਦੇਵ ਸਿੰਘ ਪੀਟੀਆਈ ਦੇ ਜਥਿਆਂ ਨੇ ਜੋਸ਼ੀਲਾ ਕਵੀਸ਼ਰੀ ਗਾਇਣ ਕਰ ਕੇ ਪੰਡਾਲ ‘ਚ ਜੋਸ਼ ਭਰਿਆ। ਗੁਰਪ੍ਰੀਤ ਸੰਘੇੜਾ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾਵਾਂ ਸੁਣਾਈਆਂ