ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਨੇ ਨਿੱਜੀ ਸਕੂਲ
- ਗਜ਼ਟਿਡ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹੇ ਰਹੇ ਸਕੂਲ
ਰਵੀ ਸੈਣ,ਮਹਿਲ ਕਲਾਂ,8 ਦਸੰਬਰ 2021 (ਗੁਰਸੇਵਕ ਸਹੋਤਾ/ਪਾਲੀ ਵਜੀਦਕੇ)
ਪੰਜਾਬ ਸਰਕਾਰ ਵੱਲੋਂ ਪ੍ਰਵਾਨਤ ਗਜ਼ਟਿਡ ਛੁੱਟੀਆਂ ਸਰਕਾਰੀ ਅਦਾਰਿਆਂ ਲਈ ਅਹਿਮ ਹੁੰਦੀਆਂ ਹਨ, ਪਰ ਬਹੁਤ ਸਾਰੇ ਅਦਾਰੇ ਸ਼ਹੀਦਾਂ ਦੇ ਦਿਹਾੜਿਆਂ ਅਤੇ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹਨ। ਅਜਿਹਾ ਹੀ ਮਾਮਲਾ ਅੱਜ ਮਹਿਲ ਕਲਾਂ ਵਿੱਚ ਦੇਖਣ ਨੂੰ ਮਿਲਿਆ। ਸਿੱਖ ਕੌਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾਡ਼ੇ ਮੌਕੇ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਬਹੁਤ ਸਾਰੇ ਪ੍ਰਾਈਵੇਟ ਸਕੂਲ ਖੁੱਲ੍ਹੇ ਮਿਲੇ। ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਰੋਜ਼ਾਨਾ ਵਾਂਗ ਪਿੰਡਾਂ ਚੋਂ ਬੱਚਿਆਂ ਨੂੰ ਲੈ ਕੇ ਜਾਂਦੀਆਂ ਦਿਖੀਆਂ, ਸਕੂਲਾਂ ਵਿਚ ਰੋਜ਼ਾਨਾ ਵਾਂਗ ਬੱਚਿਆਂ ਦੀ ਚਹਿਲ ਪਹਿਲ ਦਿਖਾਈ ਦਿੱਤੀ। ਇਲਾਕੇ ਦੇ ਹੋਲੀ ਹਾਰਟ ਪਬਲਿਕ ਸਕੂਲ,ਅਕਾਲ ਅਕੈਡਮੀ ਮਹਿਲ ਕਲਾਂ,ਬਰੌਡਵੇਅ ਸਕੂਲ ਮਨਾਲ ਚ ਬੱਚੇ ਰੋਜ਼ਾਨਾ ਦੀ ਤਰ੍ਹਾਂ ਪੜ੍ਹਨ ਲਈ ਆਏ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨਾਲ ਗੱਲ ਕਰਨ ਤੇ ਉਨ੍ਹਾਂ ਵੀ ਦੱਸਿਆ ਕਿ ਉਹ ਆਪ ਹੈਰਾਨ ਹਨ ਕਿ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਸਕੂਲ ਕਿਉਂ ਖੋਲ੍ਹੇ ਗਏ। ਬਹੁਤ ਸਾਰੇ ਮਾਪਿਆਂ ਦਾ ਕਹਿਣਾ ਸੀ ਕਿ ਸ਼ਾਇਦ ਬੱਚਿਆਂ ਦੇ ਸਕੂਲ ਵਿੱਚ ਪੇਪਰ ਹੋਣਗੇ, ਪਰ ਸਕੂਲ ਪ੍ਰਬੰਧਕ ਇਸ ਸਬੰਧੀ ਕੋਈ ਠੋਸ ਜਵਾਬ ਨਾ ਦੇ ਸਕੇ। ਇਸ ਸਬੰਧੀ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਬੱਚਿਆਂ ਨੂੰ ਗੁਰਬਾਣੀ ਕੰਠ ਅਤੇ ਨੌਵੇਂ ਪਾਤਸ਼ਾਹ ਜੀ ਦੇ ਸਲੋਕ ਸਰਵਣ ਕਰਵਾਉਣ ਲਈ ਹੀ ਬੱਚਿਆਂ ਨੂੰ ਸਕੂਲ ਚ ਸੱਦਿਆ ਗਿਆ ਸੀ । ਇਸ ਧਾਰਮਿਕ ਸਮਾਗਮ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਹੋਲੀ ਹਾਰਟ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ ਅਤਿ ਬਰੌਡਵੇਅ ਸਕੂਲ ਦੇ ਮਾਲਕ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਛੁੱਟੀ ਦਾ ਐਲਾਨ ਸੀ, ਜੇਕਰ ਕਿਸੇ ਸਿੱਖਿਆ ਅਦਾਰੇ ਨੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਸ ਨੂੰ ਨੋਟਿਸ ਭੇਜਿਆ ਜਾਵੇਗਾ, ਸਕੂਲ ਖੋਲ੍ਹੇ ਜਾਣ ਦਾ ਕਾਰਨ ਪੁੱਛਿਆ ਜਾਵੇਗਾ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਸਕੂਲੇ ਖੋਲ੍ਹੇ ਜਾਣ ਦੇ ਸਬੂਤ ਮਿਲੇ ਜਾਂ ਸਕੂਲ ਖੋਲ੍ਹੇ ਜਾਣ ਦੇ ਕਾਰਨ ਸਕੂਲ ਪ੍ਰਬੰਧਕਾਂ ਨੇ ਨਾਂ ਦੱਸੇ ਤਾਂ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
ਕੈਪਸਨ- ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੁੱਟੀ ਦਰਸਾਉਦਾ ਕਲੰਡਰ।
Advertisement