74ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਭ ਆਰੰਭ
ਹਰ ਇੱਕ ਵਿੱਚ ਪ੍ਰਮਾਤਮਾ ਦਾ ਰੂਪ ਵੇਖਦੇ ਹੋਏ ਪਿਆਰ ਨਾਲ ਜੀਵਨ ਬਤੀਤ ਕਰੀਏ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਪਰਦੀਪ ਕਸਬਾ , ਬਰਨਾਲਾ , 27 ਨਵੰਬਰ , 2021:
ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਅਤੇ ਮਨੁੱਖੀ ਜਨਮ ਕੇਵਲ ਪਿਆਰ ਕਰਨ ਲਈ ਦਿੱਤਾ ਹੈ । ਸਭ ਵਿੱਚ ਪ੍ਰਮਾਤਮਾ ਦਾ ਰੂਪ ਦੇਖਦੇ ਹੋਏ ਜੀਵਨ ਬਤੀਤ ਕਰੀਏ,ਏਹੀ ਮਨੁੱਖੀ ਜੀਵਨ ਦਾ ਮੁਖ ਉਦੇਸ਼ ਹੈ ।“
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਇਹ ਪ੍ਰਵਚਨ ਅੱਜ 27 ਨਵੰਬਰ, 2021 ਨੂੰ ਵਰਚੁਅਲ ਰੂਪ ਵਿੱਚ ਆਯੋਜਿਤ ਸੰਤ ਨਿਰੰਕਾਰੀ ਮਿਸ਼ਨ ਦੇ ਤਿੰਨ ਦਿਨਾਂ 74ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਉਦਘਾਟਨ ਮੌਕੇ ਮਾਨਵਤਾ ਦੇ ਨਾਮ ਆਪਣੇ ਸੰਦੇਸ਼ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪ੍ਰਗਟ ਕੀਤੇ । ਹਰਿਆਣਾ ਦੇ ਸਮਾਲਖਾ ਅਤੇ ਗਨੌਰ ਦੇ ਵਿੱਚਕਾਰ ਜੀ.ਟੀ.ਰੋਡ ਉੱਤੇ ਸਥਿਤ ਸੰਤ ਨਿਰੰਕਾਰੀ ਅਧਿਆਤਮਕ ਸਥਲ ਤੋਂ ਇਸ ਸੰਤ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਜਿਸਦਾ ਆਨੰਦ ਭਾਰਤ ਅਤੇ ਵਿਸ਼ਵਭਰ ਵਿੱਚ ਰਹਿੰਦੇ ਹੋਏ ਲੱਖਾਂ ਨਿਰੰਕਾਰੀ ਸ਼ਰਧਾਲੂਆਂ ਦੁਆਰਾ ਮਿਸ਼ਨ ਦੀ ਵੈਬਸਾਈਟ ਅਤੇ ਸਾਧਨਾ ਟੀ.ਵੀ.ਚੈਨਲ ਦੇ ਮਾਧਿਅਮ ਨਾਲ ਲਿਆ ਜਾ ਰਿਹਾ ਹੈ।
ਸਤਿਗੁਰੂ ਮਾਤਾ ਜੀ ਨੇ ਅੱਗੇ ਫ਼ਰਮਾਇਆ ਕਿ ਕੋਰੋਨਾ ਨੇ ਇਨਸਾਨਾਂ ਨੂੰ ਰੋਜ਼ਮਰਾ ਦੀ ਜਿੰਦਗੀ ਵਿੱਚ ਨਿਰਸਵਾਰਥ ਭਾਵ ਨਾਲ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਸਿਖਾਇਆ ਹੈ । ਸਭ ਦੇ ਅੰਦਰ ਇੱਕ ਪ੍ਰਮਾਤਮਾ ਨੂੰ ਵੇਖਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰੀਏ, ਨਰ ਸੇਵਾ ਨਰਾਇਣ ਸੇਵਾ ਦਾ ਭਾਵ ਤਾਂ ਰੱਖੀਏ ਇਹੀ ਪਰਮ ਧਰਮ ਹੈ। ਅਸੀਂ ਜਾਗਰੂਕ ਰਹਿਣਾ ਹੈ ਅਤੇ ਧਿਆਨ ਰੱਖਣਾ ਹੈ ਕਿ ਇਸ ਧਰਤੀ ਤੋਂ ਜਦੋਂ ਜਾਈਏ, ਤਾਂ ਇਸਨੂੰ ਪਹਿਲਾਂ ਨਾਲੋਂ ਵੀ ਬਿਹਤਰ ਛੱਡਕੇ ਜਾਈਏ।
ਪ੍ਰਮਾਤਮਾ ਨੂੰ ਜਾਣਕੇ ਉਸ ਤੇ ਵਿਸ਼ਵਾਸ ਕਰਨ ਨਾਲ ਹੀ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਸਮਾਜਿਕ ਰੂਪ ਵਿੱਚ ਵਿਚਰੀਏ ਤਾਂ ਸਾਰਿਆਂ ਨਾਲ ਮਿਲਵਰਤਨ,ਪਿਆਰ ਅਤੇ ਸਤਿਕਾਰ ਦੇ ਭਾਵ ਨਾਲ ਪੇਸ਼ ਆਈਏ। ਪ੍ਰਮਾਤਮਾ ਨੇ ਸਾਨੂੰ ਜੋ ਕੁਦਰਤੀ ਸਰੋਤ ਦਿੱਤੇ ਹਨ ਉਨ੍ਹਾਂ ਦਾ ਅਸੀਂ ਸਦਉਪਯੋਗ ਕਰਨਾ ਹੈ ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸਮਾਗਮ ਸਥਾਨ ਤੇ ਆਗਮਨ ਹੁੰਦੇ ਹੀ ਸੰਤ ਨਿਰੰਕਾਰੀ ਮੰਡਲ ਦੇ ਮੈਂਬਰਾਂ ਅਤੇ ਕੇਂਦਰੀ ਯੋਜਨਾ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਨੇ ਸਤਿਗੁਰੂ ਮਾਤਾ ਜੀ ਦਾ ਹਾਰਦਿਕ ਸਵਾਗਤ ਕੀਤਾ । ਉਸ ਉਪਰੰਤ ਕਾਰਜ਼ਕਾਰੀ ਕਮੇਟੀ ਦੇ ਮੈਂਬਰਾਂ , ਮੰਡਲ ਦੇ ਵੱਖ ਵੱਖ ਵਿਭਾਗਾਂ ਮੈਂਬਰਾਂ ਅਤੇ ਮਿਸ਼ਨ ਦੇ ਰੋਸ਼ਨ ਮਿਨਾਰ ਸੰਤਾਂ ਦੁਆਰਾ ਇੱਕ ਫੁੱਲਾਂ ਨਾਲ ਸੁਸੱਜਿਤ ਖੁਲ੍ਹੇ ਵਾਹਨ (ਪਾਲਕੀ) ਦੁਆਰਾ ਸਤਿਗੁਰੂ ਮਾਤਾ ਜੀ ਨੂੰ ਮੁੱਖ ਮੰਚ ਤੱਕ ਲਿਜਾਇਆ ਗਿਆ।
ਸਮਾਗਮ ਦੇ ਦੂਸਰੇ ਦਿਨ 28 ਨਵੰਬਰ, 2021 ਨੂੰ ਦੁਪਹਿਰ12.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਸੇਵਾਦਲ ਦੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਦ ਕਿ ਸ਼ਾਮ ਨੂੰ 5.00 ਵਜੇ ਤੋਂ ਰਾਤ 9.30 ਵਜੇ ਤੱਕ ਸਤਸੰਗ ਦਾ ਆਯੋਜਨ ਕੀਤਾ ਜਾਵੇਗਾ। ਤੀਸਰੇ ਦਿਨ 29 ਨਵੰਬਰ ਨੂੰ ਸ਼ਾਮ 5.00 ਵਜੇ ਤੋਂ ਰਾਤ 9.30 ਵਜੇ ਤੱਕ ਸਤਸੰਗ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਬਹੁ-ਭਾਸ਼ੀ ਕਵੀ ਸਮੇਲਨ ਮੁੱਖ ਖਿੱਚ ਦਾ ਕੇਂਦਰ ਰਹੇਗਾ। ਸਮਾਗਮ ਦੇ ਤਿੰਨੇ ਦਿਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪ੍ਰਵਚਨ ਰਾਤ 9 .00 ਵਜੇ ਤੋਂ 9 .30 ਵਜੇ ਦੇ ਦੌਰਾਨ ਪ੍ਰਗਟ ਕੀਤੇ ਜਾਣਗੇ।
ਵਰਚੁਅਲ ਰੂਪ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਸਰਕਾਰ ਦੁਆਰਾ ਜਾਰੀ ਕੋਵਿਡ-19 ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ।