ਡੇਰੇ ਦਾ ਰਾਜਸੀ ਵਿੰਗ ਚੋਣਾਂ ਨੇੜੇ ਆਉਂਦਿਆਂ ਫਿਰ ਹੋਇਆ ਸਰਗਰਮ
ਹਰਿੰਦਰ ਨਿੱਕਾ ,ਬਰਨਾਲਾ , 28 ਨਵੰਬਰ 2021
ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਅਤੇ ਪਹਿਲੇ ਗੱਦੀਨਸ਼ੀਨ ਸਾਈਂ ਸ਼ਾਹ ਮਸਤਾਨਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਵਿਸ਼ਾਲ ਭੰਡਾਰੇ ਮੌਕੇ 28 ਨਵੰਬਰ ਨੂੰ ਬਰਨਾਲਾ ਜਿਲ੍ਹੇ ਦੀ ਨਾਮ ਚਰਚਾ ਰੱਖੀ ਗਈ ਹੈ। ਇਸ ਨਾਮ ਚਰਚਾ ਦੀ ਖਾਸ ਗੱਲ ਇਹ ਹੈ ਕਿ ਬਰਨਾਲਾ ਬਲਾਕ , ਧਨੌਲਾ ਬਲਾਕ, ਮਹਿਲ ਕਲਾਂ ਬਲਾਕ ਅਤੇ ਤਪਾ-ਭਦੌੜ ਬਲਾਕ ਯਾਨੀ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦਾ ਇਕੱਠ ਸ਼ਕਤੀ ਪ੍ਰਦਰਸ਼ਨ ਲਈ ਰੱਖਿਆ ਗਿਆ ਹੈ।
ਵਰਨਣਯੋਗ ਹੈ ਕਿ ਅਜਿਹੇ ਇਕੱਠ ਡੇਰੇ ਵੱਲੋਂ ਉਨਾਂ ਪੰਜ ਸੂਬਿਆਂ ਵਿੱਚ ਰੱਖੇ ਜਾ ਰਹੇ ਹਨ, ਜਿੰਨਾਂ ਵਿੱਚ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਡੇਰੇ ਦੇ ਸੂਤਰਾਂ ਦੀ ਮੰਨੀਏ ਤਾਂ ਇਹ ਇਕੱਠ ਨੂੰ ਇਤਹਾਸਿਕ ਬਣਾਉਣ ਅਤੇ ਰਾਜਸੀ ਦਲਾਂ ਤੇ ਦਬਦਬਾ ਬਣਾਉਣ ਲਈ ਕੀਤਾ ਜਾ ਰਿਹਾ ਹੈ । ਸੂਤਰਾਂ ਅਨੁਸਾਰ ਨਾਮ ਚਰਚਾ ਵਿੱਚ ਡੇਰੇ ਦੇ ਰਾਜਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾ , ਰਾਮਕਰਨ ਇੰਸਾ ਭਵਾਨੀਗੜ੍ਹ ,ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਇੰਸਾਂ ਅਤੇ ਕਈ ਹੋਰ ਸੀਨੀਅਰ ਮੈਂਬਰ ਵੀ ਉਚੇਚੇ ਤੌਰ ਤੇ ਪਹੁੰਚ ਕੇ ਸਾਧ ਸੰਗਤ ਨੂੰ ਏਕਾ ਬਣਾਈ ਰੱਖਣ ਅਤੇ ਏਕੇ ਨਾਲ ਹੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਕਰਨ ਲਈ ਪ੍ਰੇਰਿਤ ਕਰਕੇ ਲਾਮਬੰਦ ਕਰਨਗੇ ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 14 ਨਵੰਬਰ ਨੂੰ ਡੇਰਾ ਸੱਚਾ ਸੌਦਾ ਸਲਾਬਤਪੁਰਾ ਵਿਖੇ ਵੀ ਅਜਿਹੀ ਹੀ ਮੰਸ਼ਾ ਨਾਲ ਇਕੱਠ ਕੀਤਾ ਗਿਆ ਸੀ। ਜਿਸ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਇੰਸਾ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਡੇਰਾ ਪ੍ਰੇਮੀ, ਪਹਿਲਾਂ ਦੀ ਤਰਾਂ ਹੀ ਇੱਕਜੁਟ ਹਨ। ਡੇਰਾ ਪ੍ਰੇਮੀਆਂ ਦੀ ਗਿਣਤੀ ਵੀ ਪਹਿਲਾਂ ਤੋਂ ਘਟੀ ਨਹੀਂ ਹੈ। ਡੇਰਾ ਪ੍ਰੇਮੀਆਂ ਦੇ ਇਨ੍ਹਾਂ ਇਕੱਠਾਂ ਨੇ ਰਾਜਸੀ ਪਾਰਟੀਆਂ ਨੂੰ ਆਪਣੀ ਰਣਨੀਤੀ ਤੇ ਮੁੜ ਗੌਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਬਰਨਾਲਾ ਜਿਲ੍ਹੇ ਨਾਲ ਸਬੰਧਿਤ ਡੇਰਾ ਪ੍ਰੇਮੀ ਆਗੂਆਂ ਦਾ ਦਾਅਵਾ ਹੈ ਕਿ ਕੱਲ੍ਹ ਹੋਣ ਵਾਲੀ ਨਾਮ ਚਰਚਾ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਡੇਰਾ ਪ੍ਰੇਮੀ ਲਾਮਿਸਾਲ ਇਕੱਠ ਕਰਨਗੇ।