3 ਰੁਪਏ ਪ੍ਰਤੀ ਯੂਨਿਟ ਸਸਤੀ ਮਿਲੇਗੀ ਬਿਜਲੀ, ਲੋਕ ਬਾਗੋਬਾਗ
ਹਰ ਵਰਗ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸ਼ਸਤੀ ਹੋਣ ਨਾਲ ਵੱਡੀ ਰਾਹਤ ਮਿਲੇਗੀ- ਮੌੜ
ਮਹਿਲ ਕਲਾਂ 01 ਨਵੰਬਰ( ਪਾਲੀ ਵਜੀਦਕੇ/ਗੁਰਸੇਵਕ ਸਹੋਤਾ)
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੰਦਿਆਂ ਬਿਜਲੀ ਨਾਲ ਸਬੰਧਤ ਵੱਡੇ ਐਲਾਨ ਕੀਤੇ ਗਏ ਹਨ। ਪੰਜਾਬ ਦੇ ਸਮੁੱਚੇ ਬਿਜਲੀ ਖਪਤਕਾਰਾਂ ਨੂੰ ਇਸ ਐਲਾਨ ਨਾਲ ਵੱਡੀ ਰਾਹਤ ਮਿਲੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਸੇਵਾ ਦਲ ਜੰਗ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਦੇ ਲੋਕ ਬਿਜਲੀ ਦਰਾਂ ਚ ਕਟੌਤੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਕਰ ਰਹੇ ਸਨ। ਆਮ ਲੋਕਾਂ ਦੀ ਇਸ ਵੱਡੀ ਮੰਗ ਨੂੰ ਦੇਖਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਮੁੱਚੀ ਕੈਬਨਿਟ ਵੱਲੋਂ ਹਰ ਵਰਗ ਦੇ ਲੋਕਾਂ ਲਈ 3 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਲਈ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਆਫ਼ ਕਰਨ ਨਾਲ ਬਿਜਲੀ ਖਪਤਕਾਰਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ। ਲੋਕ ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਰ ਫ਼ੈਸਲੇ ਨੂੰ ਸਲਾਹ ਰਹੇ ਹਨ, ਉਥੇ ਪੰਜਾਬ ਦੇ ਲੋਕਾਂ ਵੱਲੋਂ ਇਸ ਫ਼ੈਸਲੇ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਹਰ ਇਕ ਚੀਜ਼ ਦੀਆਂ ਕੀਮਤਾਂ ਨੂੰ ਵਧਾ ਕੇ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ, ਉਥੇ ਪੰਜਾਬ ਸਰਕਾਰ ਵੱਡੇ ਰਾਹਤ ਪੈਕੇਜ ਦੇ ਕੇ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ। ਪੰਜਾਬ ਦੇ ਲੋਕ ਵੀ ਕਾਂਗਰਸ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਨੂੰ ਲੋਕ ਪੱਖੀ ਮੰਨ ਕੇ ਹਰ ਫ਼ੈਸਲੇ ਦਾ ਭਰਵਾਂ ਸਵਾਗਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਜਾ ਰਹੇ ਹਨ, ਜਦਕਿ ਪੰਜਾਬ ਕਾਂਗਰਸ ਲੋਕਾਂ ਦੀਆਂ ਜ਼ਰੂਰਤਾ ਦਾ ਖਿਆਲ ਰੱਖ ਫੈਸਲੇ ਲੈ ਰਹੀ ਹੈ।
ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਸਨ ਉਹ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਸੁਰਜੀਤ ਸ਼ਰਮਾ,ਦੀਪ ਸਿੰਘ, ਇਕਬਾਲ ਸਿੰਘ, ਲਾਜਵੰਤ ਸਿੰਘ , ਜਗਪਾਲ ਸਿੰਘ ,ਸੋਨੂੰ ਸਿੰਘ ,ਪਵਨ ਕੁਮਾਰ, ਕਾਕਾ ਸਿੰਘ ,ਗੁਰਜੰਟ ਸਿੰਘ ਹਾਜਰ ਸਨ।