ਸ਼ਹੀਦ ਭਗਤ ਸਿੰਘ ਚੌਂਕ ਤੱਕ ਕੱਢਿਆ ਕੈਂਡਲ ਮਾਰਚ,ਬਜਾਰਾਂ ਵਿੱਚ ਗੂੰਜੇ ਪ੍ਰਸ਼ਾਸ਼ਨ ਖਿਲਾਫ ਨਾਅਰੇ
ਹਰਿੰਦਰ ਨਿੱਕਾ , ਬਰਨਾਲਾ 31 ਅਕਤੂਬਰ 2021
ਪਟਾਖਾ ਵਪਾਰੀਆਂ ਖਿਲਾਫ ਪ੍ਰਸ਼ਾਸ਼ਨ ਵੱਲੋਂ ਕੁੱਝ ਦਿਨ ਪਹਿਲਾਂ ਕੀਤੀ ਗਈ ਬੇਲੋੜੀ ਸਖਤੀ ਅਤੇ ਧੱਕੇਸ਼ਾਹੀ ਦੇ ਵਿਰੁੱਧ ਵਪਾਰੀਆਂ ਵਿੱਚ ਫੈਲੇ ਰੋਹ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ ਹੈ। ਦੀਵਾਲੀ ਦਾ ਤਿਉਹਾਰ ਸਿਰ ਤੇ ਆ ਜਾਣ ਦੇ ਬਾਵਜੂਦ ਆਪਣੇ ਕਾਰੋਬਾਰ ਨੂੰ ਦਾਅ ਤੇ ਲਾ ਕੇ ਵਪਾਰੀ ਸੜਕਾਂ ਤੇ ਉੱਤਰ ਆਏ ਹਨ। ਅੱਜ ਸ਼ਾਮ ਕਰੀਬ 7 ਵਜੇ ਵੱਖ ਵੱਖ ਵਪਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦੇ ਹੰਡਿਆਇਆ ਬਜਾਰ ਦੀ ਅਗਰਵਾਲ ਧਰਮਸਾਲਾ ਵਿਖੇ ਇਕੱਠੇ ਹੋਏ ਅਤੇ ਉੱਥੋ ਕੈਂਡਲ ਮਾਰਚ ਕਰਦੇ ਹੋਏ ਰੇਲਵੇ ਸਟੇਸ਼ਨ, ਨਹਿਰੂ ਚੌਂਕ ਤੋਂ ਹੁੰਦੇ ਹੋਏ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਰੇਬਾਜੀ ਕਰਕੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਪਹੁੰਚੇ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਨਾਇਬ ਸਿੰਘ ਕਾਲਾ , ਨੀਰਜ ਜਿੰਦਲ , ਆੜ੍ਹਤੀਆਂ ਐਸੋਸੀਏਸ਼ਨ ਦੇ ਆਗੂ ਧੀਰਜ ਦੱਧਾਹੂਰ ,ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ , ਵਪਾਰੀ ਆਗੂ ਰਾਮਸਰਨ ਦਾਸ ਗੋਇਲ ਆਦਿ ਨੇ ਇੱਕ ਸੁਰ ਹੋ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਹੁਣ ਪ੍ਰਸ਼ਾਸਨ ਦੇ ਜਬਰ ਅੱਗੇ ਵਪਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਲੜਾਈ ਪਟਾਖਾ ਵਪਾਰੀਆਂ ਤੇ ਮਾਰੇ ਜਾ ਰਹੇ ਛਾਪਿਆਂ ਦੇ ਵਿਰੁੱਧ ਤੋਂ ਅੱਗੇ ਵੱਧ ਚੁੱਕੀ ਹੈ। ਸਵਾਲ ਵਪਾਰ ਅਤੇ ਵਪਾਰੀਆਂ ਦੇ ਭਵਿੱਖ ਨੂੰ ਬਚਾਉਣ ਦਾ ਖੜ੍ਹਾ ਹੋ ਗਿਆ ਹੈ। ਆਗੂਆਂ ਨੇ ਵਪਾਰੀਆਂ ਨੇ ਕਿਹਾ ਕਿ ਜੇਕਰ ਹੁਣ ਕੋਈ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਦਾ ਅਧਿਕਾਰੀ ਛਾਪੇ ਮਾਰਨ ਲਈ ਆਵੇਗਾ ਤਾਂ ਉਸ ਨੂੰ ਘੇਰ ਕੇ ਸੁੱਕਾ ਨਹੀਂ ਜਾਣ ਦਿਆਂਗੇ। ਭਾਂਵੇ ਇਸ ਦੀ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਹੁਣ ਆਰ ਜਾਂ ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ ,ਵਪਾਰੀ ਹੁਣ ਇੱਕ ਪਾਸਾ ਕਰਕੇ ਹੀ ਚੈਨ ਨਾਲ ਬੈਠਣਗੇ। ਇਸ ਮੌਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ 57 ਮੈਂਬਰੀ ਵਪਾਰ ਬਚਾਉ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ। ਐਕਸ਼ਨ ਕਮੇਟੀ ਦੇ ਬੁਲਿ ਨੇ ਦੱਸਿਆ ਕਿ ਕੱਲ੍ਹ ਸਵੇਰੇ ਐਕਸ਼ਨ ਕਮੇਟੀ ਤਿੱਖਾ ਐਕਸ਼ਨ ਕਰੇਗੀ, ਜਿਸ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਤ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਇਲਾਕਾ ਵਿਧਾਇਕ ਮੀਤ ਹੇਅਰ ਦੀ ਅਗਵਾਈ ਵਿੱਚ ਆਪ ਵਰਕਰ ਚੱਟਾਨ ਵਾਂਗ ਵਪਾਰੀਆਂ ਦੇ ਨਾਲ ਖੜ੍ਹ ਕੇ ਮੋਹਰੀ ਭੂਮਿਕਾ ਨਿਭਾਉਣਗੇ।