ਹਕੀਕਤ ਬਿਆਂ ਕਰਦੀ ਕਹਾਣੀ “ਤਾਏ ਦੇ ਹਾਣੀ”

Advertisement
Spread information

“ਤਾਏ ਦੇ ਹਾਣੀ”

ਲੇਖਕ:-ਸੰਤੋਖ ਪਾਲ

ਮੋਬਾਈਲ 80540-10233

ਆਪਣੇ ਪਿੰਡ ਦੇ ਗੁਰਦੁਆਰੇ ਕੋਲ਼ ਮੈਂ ਗੈਸ ਸਿਲੰਡਰ ਭਰਵਾਉਣ ਗਿਆ ਤਾਂ ਹੱਥ ਵਿੱਚ ਖੂੰਡੀ ਫ਼ੜੀ ਬੈਠਾ ਗੁਰਜੰਟ ਤਾਇਆ ਮਿਲ ਗਿਆ। ਮੈਂ ਤਾਏ ਨੂੰ ਉੱਚੀ ਦੇਣੇ ਫ਼ਤਿਹ ਬੁਲਾਈ ਤਾਂ ਅੱਗੋਂ ਤਾਇਆ ਆਪਣੀ ਨਜ਼ਰ ਵਾਲੀ ਐਨਕ ਠੀਕ ਕਰਦਾ ਹੋਇਆ ਬੋਲਿਆ , ” ਓ ਕਿਹੜਾ ਭਾਈ ?”

“ਤਾਇਆ ਮੈਂ ਆਂ, ਸਾਧੂ ਰਾਮ ਦਾ ਪੋਤਾ” ਮੈਂ ਕਿਹਾ।
ਆਪਣੀ ਨੌਕਰੀ ਦੇ ਰੁਝੇਵਿਆਂ ਕਰਕੇ ਮੈਂ ਕਈ ਸਾਲਾਂ ਬਾਅਦ ਗੁਰਜੰਟ ਤਾਏ ਨੂੰ ਮਿਲਿਆ ਸੀ। ਉਸਦੇ ਚਿਹਰੇ ਦੀਆਂ ਝੁਰੜੀਆਂ ਅਤੇ ਨਵੀਂ ਲੱਗੀ ਐਨਕ ਦੱਸਦੀ ਸੀ ਕਿ ਤਾਏ ਦੀ ਉਮਰ ਹੁਣ ਸੱਤਰਾਂ ਨੂੰ ਪਾਰ ਕਰ ਚੁੱਕੀ ਹੈ।
ਤਾਇਆ ਖੁੰਡ ਤੋਂ ਉੱਠ ਕੇ ਖੜ੍ਹਾ ਹੋਣ ਲੱਗਾ ਤਾਂ ਮੈੰ ਸਿਲੰਡਰ ਸਾਈਡ ‘ਤੇ ਰੱਖਕੇ ਤਾਏ ਦੇ ਨੇੜੇ ਹੋ ਗਿਆ।ਬਚਪਨ ਵਿੱਚ ਜਦੋਂ ਵੀ ਤਾਇਆ ਮੈਨੂੰ ਮਿਲਦਾ ਹੁੰਦਾ ਸੀ ਤਾਂ ਹਮੇਸ਼ਾ ਉਸਨੇ ਮੈਨੂੰ ਮਜ਼ਾਕ ਕਰਕੇ ਲੰਘਣਾ ਕਿਉਂਕਿ ਤਾਏ ਦੇ ਖੇਤ ਨੂੰ ਜਾਣ ਵਾਲਾ ਰਸਤਾ ਸਾਡੇ ਘਰਾਂ ਅੱਗੋਂ ਦੀ ਹੋ ਕੇ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਸਾਡੀ ਗਲੀ ਦੇ ਖੁੰਡਾਂ ਉੱਤੇ ਬੈਠੇ ਬਜ਼ੁਰਗ ਗਲੀ ਦੀ ਰੌਣਕ ਹੋਇਆ ਕਰਦੇ ਸਨ। ਉਹਨਾਂ ਦੇ ਤੰਦਰੁਸਤ ਸਰੀਰ ਅਤੇ ਲਿਸ਼ਕਦੇ ਚਿਹਰੇ ਦੱਸਦੇ ਸਨ ਕਿ ਉਹਨਾਂ ਨੇ ਜਵਾਨੀ ਵਿੱਚ ਦੱਬ ਕੇ ਕੰਮ ਕੀਤਾ ਹੋਵੇਗਾ ਅਤੇ ਰੱਜ ਕੇ ਖੁਰਾਕਾਂ ਖਾਧੀਆਂ ਹੋਣਗੀਆਂ। ਇਹ ਸਾਰੇ ਲੱਗਭਗ ਤਾਏ ਦੇ ਹਾਣੀ ਸਨ। ਤਾਇਆ ਜਦੋਂ ਵੀ ਸ਼ਾਮ ਸਵੇਰੇ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾਂਦਾ ਤਾਂ ਆਉਂਦੇ-ਜਾਂਦੇ ਉਸਨੇ ਮੇਰੇ ਦਾਦੇ ਨੂੰ ਜ਼ਰੂਰ ਮਿਲ ਕੇ ਜਾਣਾ ਅਤੇ ਹਮੇਸ਼ਾ ਇਹ ਪੁੱਛਣਾ, “ਹੋਰ ਪੰਡਿਤ ਜੀ, ਤਕੜੇ ਓ”। ਉਹਨਾਂ ਦਾ ਇੱਕ ਦੂਜੇ ਨਾਲ ਬੜਾ ਪ੍ਰੇਮ ਸੀ। ਇਹ ਬਜ਼ੁਰਗ ਖੁੰਡਾਂ ਉੱਤੇ ਬੈਠੇ ਹਮੇਸ਼ਾ ਕਬੀਲਦਾਰੀ ਦੀਆਂ ਗੱਲਾਂ ਕਰਦੇ ਰਹਿੰਦੇ। ਹਾਸਾ-ਮਜ਼ਾਕ ਤਾਂ ਉਹਨਾਂ ਦੀ ਰੂਹ ਦੀ ਖ਼ੁਰਾਕ ਸੀ। ਇੱਕ ਦੂਜੇ ਦੀ ਗੱਲ ਦਾ ਗੁੱਸਾ ਕਰਦੇ ਮੈਂ ਇਹਨਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਇੱਕ ਦੂਸਰੇ ਦੇ ਦੁੱਖ-ਸੁੱਖ ਵਿੱਚ ਵਧ ਚੜ੍ਹ ਸ਼ਰੀਕ ਹੁੰਦੇ।

Advertisement

        ਹੌਲੀ-ਹੌਲੀ ਸਮਾਂ ਬਦਲਦਾ ਗਿਆ। ਮੇਰੇ ਦਾਦੇ ਦੀ ਮੌਤ ਹੋਈ ਨੂੰ ਕਰੀਬ ਪੰਦਰਾਂ ਸਾਲ ਹੋ ਚੁੱਕੇ ਹਨ। ਇੱਕ-ਇੱਕ ਕਰਕੇ ਸਾਡੀ ਗਲੀ ਦੇ ਸਾਰੇ ਬਜ਼ੁਰਗ ਬਾਬੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਹੁਣ ਉਹੀ ਗਲ਼ੀ ਸੁੰਨ ਸਾਨ ਪਈ ਹੁੰਦੀ ਹੈ।
ਅੱਜ ਤਾਏ ਨੂੰ ਵੇਖ ਕੇ ਸਾਰੀਆਂ ਪੁਰਾਣੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ।
“ਹੋਰ ਵਈ ਪੁੱਤਰਾ, ਕਿੱਥੇ ਆ ਡਿਊਟੀ ਅੱਜ-ਕੱਲ੍ਹ” ਤਾਏ ਨੇ ਹੋਕਰਾ ਜਿਹਾ ਮਾਰਦੇ ਹੋਏ ਮੈਨੂੰ ਪੁੱਛਿਆ।
“ਤਾਇਆ, ਮੇਰੀ ਡਿਊਟੀ ਤਾਂ ਬਰਨਾਲੇ ਈ ਹੁੰਦੀ ਆ।”
“ਆ ਜਾ ਘਰੇ, ਚਾਹ ਪਾਣੀ ਪੀ ਕੇ ਜਾਈਂ।”
“ਬੱਸ ਤਾਇਆ, ਫੇਰ ਆਊਂ ਕਦੇ।”
“ਤਾਇਆ, ਹੁਣ ਕਦੇ ਗੇੜਾ ਈ ਨਹੀਂ ਮਾਰਿਆ ਸਾਡੇ ਘਰਾਂ ਵੱਲ।”
“ਪੁੱਤਰਾ, ਗਿੱਟੇ-ਗੋਡੇ ਤਾਂ ਹੁਣ ਜੁਵਾਬ ਦੇ ਗਏ, ਬੱਸ ਟੈਮ ਪਾਸ ਜਾ ਕਰਦੇ ਆਂ”। ਖੂੰਡੀ ਧਰਤੀ ‘ਤੇ ਘੁਮਾਉਂਦੇ ਹੋਏ ਤਾਇਆ ਭਾਰੀ ਜਿਹੀ ਆਵਾਜ਼ ਵਿੱਚ ਬੋਲਿਆ।
ਮੇਰੀਆਂ ਅੱਖਾਂ ਅੱਗੇ ਆਪਣੇ ਖੇਤਾਂ ਨੂੰ ਭੱਜੇ ਜਾਂਦੇ ਉਸ ਗੁਰਜੰਟ ਤਾਏ ਦੀ ਤਸਵੀਰ ਆ ਗਈ, ਜਿਸ ਨੂੰ ਮੈਂ ਬਚਪਨ ਵਿੱਚ ਦੇਖਿਆ ਕਰਦਾ ਸੀ।
ਮੈਂ ਹੱਸਦੇ ਹੋਏ ਕਿਹਾ, “ਤਾਇਆ, ਆ ਜਾਇਆ ਕਰ ਕਦੇ ਕਦੇ, ਬੰਦਾ ਤੁਰਦਾ ਫਿਰਦਾ ਰਹੇ ਤਾਂ ਚੰਗਾ ਹੁੰਦੈ।”
“ਪੁੱਤ, ਮੈਂ ਹੁਣ ਕਿਸ ਕੋਲ ਆਵਾਂ, ਮੇਰੇ ਸਾਰੇ ਹਾਣੀ ਤਾਂ ਤੁਰ ਗਏ, ਹੁਣ ਤਾਂ ਬੱਸ ਆਪਣੀ ਵਾਰੀ ਦੀ ਉਡੀਕ ਕਰਦੇ ਆਂ”। ਤਾਏ ਨੇ ਹਾਉਂਕਾ ਜਿਹਾ ਭਰਕੇ ਜਵਾਬ ਦਿੱਤਾ। ਇੰਜ ਲੱਗਿਆ ਉਸਨੇ  ਵਿਛੜੇ ਹੋਏ ਸਾਥੀਆਂ ਨੂੰ ਯਾਦ ਕਰਦਿਆਂ ਪ੍ਰੇਮ ਦੀ ਨਦੀ ਵਿੱਚ ਤਾਰੀ ਲਾਈ ਹੋਵੇ।
ਇਤਨੇ ਵਿੱਚ ਸੇਵਾਦਾਰ ਨੇ ਗੁਰੂ ਘਰ ਵਿੱਚੋਂ ਅਨਾਊਂਸਮੈਂਟ ਕੀਤੀ ਕਿ ਬਹਾਦਰ ਸਿੰਘ ਪੂਰਾ ਹੋ ਗਿਆ, ਉਹਨਾਂ ਦੇ ਘਰ ਪਹੁੰਚਣ ਦੀ ਕਿਰਪਾਲਤਾ ਕਰੋ।
“ਲੈ, ਬਹਾਦਰ ਸਿਉਂ ਵੀ ਤੁਰ ਗਿਆ”। ਇਹ ਕਹਿੰਦਾ ਹੋਏ ਤਾਏ ਦੀਆਂ ਅੱਖਾਂ ਭਰ ਆਈਆਂ। ਮੈਂ ਤਾਏ ਦੀਆਂ ਨਮ ਅੱਖਾਂ ਨੂੰ ਦੇਖ ਉਸਦੇ ਮੋਢੇ ‘ਤੇ ਹੱਥ ਰੱਖਿਆ ਜਿਵੇਂ ਉਹ ਬਚਪਨ ਵਿੱਚ ਹੱਲਾਸ਼ੇਰੀ ਦੇਣ ਵੇਲੇ ਆਪਣਾ ਹੱਥ ਮੇਰੇ ਮੋਢੇ ‘ਤੇ ਰੱਖਦਾ ਹੁੰਦਾ ਸੀ। ਡਿਊਟੀ ‘ਤੇ ਜਾਣ ਦੀ ਕਾਹਲੀ ਵਿੱਚ ਤਾਏ ਨਾਲ ਕਿੰਨੀਆਂ ਹੀ ਹੋਰ ਗੱਲਾਂ ਕਰਨ ਦੀ ਖੁਆਇਸ਼ ਮਨ ਵਿੱਚ ਸਮੇਟ ਕੇ ਮੈਂ ਆਪਣੇ ਮੋਟਰ ਸਾਈਕਲ ਨੂੰ ਕਿੱਕ ਮਾਰੀ ਅਤੇ ਭਰਿਆ ਹੋਇਆ ਸਿਲੰਡਰ ਲੈ ਕੇ ਆਪਣੇ ਘਰ ਨੂੰ ਚੱਲ ਪਿਆ। ਤਾਇਆ ਆਪਣੇ ਕਿਸੇ ਹੋਰ ਸਾਥੀ ਦੀ ਉਡੀਕ ਵਿੱਚ ਫਿਰ ਖੁੰਡ ‘ਤੇ ਜਾ ਬੈਠਾ। 

Advertisement
Advertisement
Advertisement
Advertisement
Advertisement
error: Content is protected !!