ਰਾਣਾ ਗੁਰਜੀਤ ਸਿੰਘ ਨੇ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕੰਮਾਂ ਦੀ ਕੀਤੀ ਸਮੀਖਿਆ, ਜ਼ਿਲ੍ਹਾ ਪ੍ਰਸ਼ਾਸਨ ਦੀ ਚੰਗੇ ਕੰਮ ਲਈ ਕੀਤੀ ਸ਼ਲਾਘਾ
ਮੰਤਰੀ ਰਾਣਾ ਗੁਰਜੀਤ ਦੀ ਤਾਕੀਦ, ਕੰਮ ਕਰਦੇ ਸਮੇਂ ਉਸਦੀ ਆਮ ਜਨਤਾ ਵੱਲੋਂ ਲੰਬੇ ਸਮੇਂ ਤੱਕ ਵਰਤੋਂ ਸਬੰਧੀ ਰੱਖਿਉ ਖਾਸ ਖਿਆਲ
ਹਰਿੰਦਰ ਨਿੱਕਾ , ਬਰਨਾਲਾ, 22 ਅਕਤੂਬਰ 2021
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਭੂਮੀ ਰੱਖਿਆ ਮੰਤਰੀ ਸ. ਰਾਣਾ ਗੁਰਜੀਤ ਸਿੰਘ ਜਿਲ੍ਹੇ ਦੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਲਈ ਪਹੁੰਚੇ। ਉਨਾਂ ਨੇ ਸਾਰੇ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਵਿਕਾਸ ਕੰਮਾਂ ਦੀ ਵਿਉਂਤਬੰਦੀ ਅਤੇ ਕੰਮ ਕਰਦੇ ਸਮੇਂ ਉਸ ਦੀ ਆਮ ਜਨਤਾ ਵੱਲੋਂ ਲੰਬੇ ਸਮੇਂ ਤੱਕ ਵਰਤੋਂ ਸਬੰਧੀ ਖਾਸ ਖਿਆਲ ਰੱਖਿਆ ਜਾਵੇ ।
ਅੱਜ ਬਰਨਾਲਾ ਵਿਖੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਜੀ ਨੇ ਕਿਹਾ ਕਿ ਸਾਰੇ ਵਿਕਾਸ ਕਾਰਜ ਆਮ ਜਨਤਾ ਦੀ ਲੋੜ ਅਨੁਸਾਰ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ । ਇਸ ਮੌਕੇ ਉਨ੍ਹਾਂ ਵਿਕਾਸ ਕੰਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਉਦਯੋਗਾਂ ਦੇ ਲੋੜ ਅਨੁਸਾਰ ਨੌਜਵਾਨਾਂ ਨੂੰ ਕੋਰਸ ਕਰਵਾਉਣ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਆਈ.ਟੀ.ਆਈ ਅਤੇ ਰੁਜ਼ਗਾਰ ਉਤਪੱਤੀ ਵਿਭਾਗ ਨੂੰ ਸਥਾਨਕ ਉਦਯੋਗਾਂ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਨੌਕਰੀਆਂ ਮਿਲ ਸਕਣ।
ਪਾਣੀ ਦੇ ਡਿੱਗ ਰਿਹਾ ਪੱਧਰ ਵੱਡੀ ਚਿੰਤਾ ਦੀ ਗੱਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਾਣੀ ਨੂੰ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸੀਵਰ ਟ੍ਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਉਹ ਪਾਣੀ ਖੇਤੀਬਾੜੀ ਲਈ ਵਰਤੋਂ ਚ ਲਿਆਂਦਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਹਰ ਸਾਲ ਪੰਜਾਬ ਧਰਤੀ ਚੋਂ 14.5 ਬਿਲੀਅਨ ਕਿਊਬਿਕ ਮੀਟਰ ਪਾਣੀ ਵੱਧ ਵਰਤੋਂ ਚ ਲਿਆ ਰਿਹਾ ਹੈ। ਜਿਸ ਨੂੰ ਬਚਾਉਣ ਦੀ ਸਖ਼ਤ ਲੋੜ ਹੈ । ਮੰਤਰੀ ਜੀ ਨੇ ਚਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਇਹ ਨੌਜਵਾਨ ਉਨ੍ਹਾਂ ਕਿਸਾਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਚ ਆਪਣੀ ਜਾਨ ਗਵਾਈ ।
ਇਸ ਮੌਕੇ ਸੀਨੀਅਰ ਲੀਡਰ ਸ. ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ , ਚੇਅਰਮੈਨ ਇੰਮਪਰੂਵਮੈਂਟ ਟਰਸਟ ਸ਼੍ਰੀ ਮੱਖਣ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਂਲ ਸ਼੍ਰੀਮਤੀ ਅਲਕਾ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਵਲ ਰਾਮ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।