ਮੇਰੇ ਦਰਵਾਜੇ, 24 ਘੰਟੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਖੁੱਲ੍ਹੇ, ਇਨਫਰਮੇਸ਼ਨ ਦਿਉ, ਪਹਿਚਾਣ ਰੱਖਾਂਗੇ ਗੁਪਤ- ਭੁੱਲਰ
ਕਿਹਾ, ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਪਊ ਠੱਲ੍ਹ, ਅਮਨ ਕਾਨੂੰਨ ਕਾਇਮ ਕਰਨ ਲਈ ਲੋਕਾਂ ਦਾ ਸਾਥ ਜਰੂਰੀ
ਐਸ.ਐਸ.ਪੀ. ਭੁੱਲਰ ਨੇ ਲੋਕਾਂ ਨੂੰ ਦੁਸ਼ਹਿਰੇ ਦੀ ਵਧਾਈ ਦਿੰਦਿਆਂ ਬੁਰਾਈਆਂ ਦੇ ਖਾਤਮੇ ਲਈ ਪ੍ਰਣ ਕਰਨ ਦਾ ਦਿੱਤਾ ਸੱਦਾ
ਹਰਿੰਦਰ ਨਿੱਕਾ / ਬਲਵਿੰਦਰ ਪਾਲ , ਪਟਿਆਲਾ 14 ਅਕਤੂਬਰ 2021
ਜਿਲ੍ਹੇ ਦੇ ਨਵ ਨਿਯੁਕਤ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦਿਆਂ ਹੀ, ਉਨਾਂ ਜਿੱਥੇ ਲੋਕਾਂ ਤੋਂ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਸਹਿਯੋਗ ਮੰਗਿਆ, ਉੱਥੇ ਹੀ ਅਪਰਾਧੀਆਂ ਨਾਲ ਸਖਤੀ ਨਾਲ ਪੇਸ਼ ਆਉਣ ਦੇ ਸੰਕੇਤ ਵੀ ਦਿੱਤੇ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਐਸ.ਐਸ.ਪੀ ਭੁੱਲਰ ਨੇ ਕਿਹਾ ਕਿ ਜਿਲ੍ਹੇ ਅੰਦਰ ਅਮਨ ਕਾਨੂੰਨ ਬਹਾਲ ਰੱਖਣ ਲਈ ਅਤੇ ਨਸ਼ੇ ਨੂੰ ਨਕਲੇ ਕਸਣ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨਾਂ ਕਿਹਾ ਕਿ ਅਮਨ ਸ਼ਾਂਤੀ ਅਤੇ ਨਸ਼ੇ ਨੂੰ ਨੱਥ ਪਾਉਣਾ ਸਮਾਜ ਦੀ ਅਤੇ ਸਮੇਂ ਦੀ ਅਹਿਮ ਲੋੜ ਹੈ। ਭੁੱਲਰ ਨੇ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਨੂੰ ਕਾਬੂ ਕਰਨ ਲਈ, ਲੋਕਾਂ ਨੂੰ ਪੁਲਿਸ ਤੱਕ ਇਨਫਰਮੇਸ਼ਨ ਪਹੁੰਚਾਉਣ ਦੀ ਲੋੜ ਹੈ, ਕੋਈ ਵੀ ਅਪਰਾਧ ਜਾਂ ਅਪਰਾਧੀਆਂ ਬਾਰੇ ਸੂਚਨਾ ਪ੍ਰਦਾਨ ਕਰਨ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਭੁੱਲਰ ਨੇ ਕਿਹਾ ਕਿ ਉਨਾਂ ਦੇ ਦਰਵਾਜੇ 24 ਘੰਟੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਖੁੱਲ੍ਹੇ ਹਨ। ਜਦੋਂ ਜਰੂਰਤ ਪਵੇ, ਲੋਕ ਉਨਾਂ ਕੋਲ ਬਿਨਾਂ ਝਿਜਕ ਅਤੇ ਕਿਸੇ ਸਿਫਾਰਸ਼ ਦੇ ਪਹੁੰਚ ਸਕਦੇ ਹਨ। ਭੁੱਲਰ ਨੇ ਕਿਹਾ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ, ਪੁਲਿਸ ਜਿੱਥੇ ਵੱਧ ਤੋਂ ਵੱਧ ਸ਼ਿਕੰਜਾ ਕਸੇਗੀ, ਉੱਥੇ ਹੀ ਕਿਸੇ ਕਾਰਣ ਵੱਸ, ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ, ਪੁਲਿਸ, ਪਬਲਿਕ ਦੇ ਸਹਿਯੋਗ ਨਾਲ ਨਸ਼ਾ ਛੁਡਾਉਂ ਕੈਂਪਾਂ ਦਾ ਆਯੋਜਨ ਵੀ ਕਰੇਗੀ।
ਐਸਐਸਪੀ ਭੁੱਲਰ ਨੇ ਜਿਲ੍ਹੇ ਦੇ ਲੋਕਾਂ ਨੂੰ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ, ਦੁਸ਼ਹਿਰਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਪਾਵਨ ਮੌਕੇ ਤੇ ਸਾਨੂੰ ਸਮਾਜ਼ ਵਿੱਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਪ੍ਰਣ ਕਰਨ ਦਾ ਸੱਦਾ ਵੀ ਦਿੱਤਾ।