12 ਦਿਨ ਤੋਂ ਲਾਪਤਾ ਚੱਲ ਰਿਹਾ ਸੀ, 19 ਵਰ੍ਹਿਆਂ ਦਾ ਰਣਜੀਤ ਸਿੰਘ ਰਘੂ
ਪੈਟਰੋਲ ਪੰਪ ਦੇ ਪਿਛਲੇ ਪਾਸਿਉਂ ਖੇਤ ਦੀ ਕੋਠੀ ਵਿੱਚੋਂ ਮਿਲੀ ਲਾਸ਼
ਲਾਪਤਾ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਰਣਜੀਤ ਸਿੰਘ ਨੇ ਬਣਵਾਏ ਸੀ ਮਾਂ, ਪਿਉ ਅਤੇ ਭੈਣ ਦੇ ਨਾਮ ਦੇ ਟੈਟੂ
ਤਾਬਿਸ਼ , ਧਨੌਲਾ , 14 ਅਕਤੂਬਰ 2021
ਥਾਣਾ ਧਨੌਲਾ ਦੇ ਅਧੀਨ ਪੈਂਦੇ ਪਿੰਡ ਉੱਪਲੀ ਦੇ ਰਹਿਣ ਵਾਲੇ ਮਜ਼ਦੂਰ ਪਰਿਵਾਰ ਦੇ ਨੌਜਵਾਨ ਲੜਕੇ ਦਾ ਸ਼ੱਕੀ ਹਾਲਤਾਂ ਵਿੱਚ ਕਤਲ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਉਂਦਿਆਂ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਜਿਲ੍ਹੇ ਦੀ ਪੁਲਿਸ ਹਰਕਤ ਵਿੱਚ ਆ ਗਈ। ਪੈਟਰੌਲ ਪੰਪ ਤੇ ਕਰਿੰਦੇ ਦੇ ਤੌਰ ਤੇ ਕੰਮ ਕਰਦਾ ਨੌਜਵਾਨ ਰਣਜੀਤ ਸਿੰਘ ਉਰਫ ਰਘੂ ਪੁੱਤਰ ਅਜ਼ਾਇਬ ਸਿੰਘ ਉਰਫ ਬੋਘਾ, 2 ਅਕਤੂਬਰ ਤੋਂ ਲਾਪਤਾ ਚੱਲ ਰਿਹਾ ਸੀ। ਜਿਸ ਦੀ ਕਰੀਬ 12 ਦਿਨਾਂ ਅੰਦਰ ਕੋਈ ਉੱਘ ਸੁੱਘ ਨਹੀਂ ਲੱਗ ਰਹੀ ਸੀ। ਆਖਿਰ ਅੱਜ ਦੇਰ ਸ਼ਾਮ ਪੈਟਰੋਲ ਪੰਪ ਦੇ ਪਿਛਲੇ ਪਾਸੇ ਖੇਤ ਦੀ ਕੋਠੀ ਅੰਦਰੋਂ ਰਘੂ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਨੇ ਲਾਪਤਾ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਆਪਣੀ ਮਾਂ, ਪਿਉ ਅਤੇ ਭੈਣ ਦਾ ਨਾਮ ਲਿਖਵਾ ਕੇ ਟੈਟੂ ਵੀ ਬਣਵਾਏ ਸਨ।
ਫਿਲਹਾਲ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਗੁਰਮੁਖ ਸਿੰਘ ਅਤੇ ਅਵਤਾਰ ਸਿੰਘ ਦੇ ਖੇਤ ਦੀ ਮੋਟਰ ਦੇ ਕਮਰੇ ਕੋਲੋਂ ਜਦੋਂ ਕੁੱਝ ਵਿਅਕਤੀ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਮੋਟਰ ਦੇ ਅੰਦਰੋਂ ਕੁਝ ਕੋਠੇ ਦੇ ਅੰਦਰੋਂ ਗਲੇ ਹੋਏ ਮਾਸ ਦੀ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਜਦੋਂ ਪਿੰਡ ਵਾਲਿਆਂ ਨੇ ਕੋਠੀ ਦਾ ਕੁੰਡਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਕੋਠੀ ਵਿੱਚ ਇੱਕ ਗਲੀ ਸੜੀ ਲਾਸ਼ ਪਈ ਮਿਲੀ। ਜਿਸ ਦਾ ਸਿਰ ਧੜ ਤੋਂ ਅਲੱਗ ਸੀ। ਲੋਕਾਂ ਦੀ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਬੇਸ਼ੱਕ ਘਟਨਾ ਦੇ ਵਧੇਰੇ ਤੱਥ ਸਾਹਮਣੇ ਨਹੀਂ ਆਏ, ਪਰੰਤੂ ਲਾਸ਼ ਨੂੰ ਨੇੜਿਉਂ ਵੇਖਣ ਵਾਲੇ ਕੁੱਝ ਪਿੰਡ ਵਾਸੀਆਂ ਦਾ ਅਨੁਮਾਨ ਇਹ ਵੀ ਹੈ ਕਿ ਰਘੂ ਨੇ ਕੋਠੀ ਅੰਦਰ ਗਲ ਫਾਹਾ ਲਿਆ ਹੋ ਸਕਦਾ ਹੈ। ਲਗਾਤਾਰ 12 ਦਿਨ ਲਾਸ਼ ਲਟਕਣ ਤੋਂ ਬਾਅਦ ਗਲੇ ਕੋਲੋ ਗਲਣ ਕਰਕੇ ਉਸਦਾ ਸਿਰ ਅਤੇ ਧੜ ਅਲੱਗ ਅਲੱਗ ਹੋ ਗਏ ਹੋਣ । ਲੇਕਿਨ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਤਲ ਵੀ ਕੀਤਾ ਹੋ ਸਕਦਾ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਮਾਮਾਲ ਕੁੱਝ ਵੀ ਹੋਵੇ, ਦੁਸ਼ਹਿਰੇ ਦੀ ਤਿਆਰੀਆਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰਨ ਵਿੱਚ ਰੁੱਝੀ ਪੁਲਿਸ ਦਾ ਧਿਆਨ ਫਿਲਹਾਲ, ਮਾਮਲੇ ਦੀ ਤਹਿਕੀਕਾਤ ਤੇ ਕੇਂਦਰਿਤ ਹੋ ਗਿਆ ਹੈ।
ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਅਤੇ ਪੁਲਿਸ ਜਾਂਚ ਦੌਰਾਨ ਜਿਹੋ ਜਿਹੇ ਹਾਲਤ ਸਾਹਮਣੇ ਆਣਗੇ, ਉਸੇ ਤਰ੍ਹਾਂ ਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।