ਨਹਿਰੂ ਚੌਂਕ ਬਰਨਾਲਾ ਵਿਖੇ ਲਗਾਇਆ ਗਿਆ ਸੀ ਸਾਬਕਾ ਵਿਧਾਇਕ ਕੇਵਲ ਢਿੱਲੋਂ ਦਾ ਮਸ਼ੀਨੀ ਬੁੱਤ
1 ਨਾਮਜ਼ਦ ਦੋਸ਼ੀ ਗਿਰਫਤਾਰ, ਦੂਜਿਆਂ ਦੀ ਤਲਾਸ਼ ਜ਼ਾਰੀ- ਐਸ.ਐਚ.ਉ
ਹਰਿੰਦਰ ਨਿੱਕਾ , ਬਰਨਾਲਾ 15 ਅਕਤੂਬਰ 2021
ਸ਼ਹਿਰ ਦੇ ਨਹਿਰੂ ਚੌਂਕ ‘ਚ ਸਥਾਪਿਤ ਆਈ ਲਵ ਬਰਨਾਲਾ ਦੇ ਸੈਲਫੀ ਪੁਆਇੰਟ ਕੋਲ ਲੱਗਿਆ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਮਸ਼ੀਨੀ ਬੁੱਤ ਤੋੜਨ ਵਾਲਿਆਂ ਦੀ ਪੁਲਿਸ ਨੇ ਆਖਿਰ ਸ਼ਨਾਖਤ ਕਰ ਹੀ ਲਈ ਹੈ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ 2 ਪਹਿਚਾਣੇ ਗਏ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਨੇ ਗੋਬਿੰਦ ਕਲੋਨੀ ਬਰਨਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗਿਰਫਤਾਰ ਵੀ ਕਰ ਲਿਆ ਹੈ, ਜਦੋਂਕਿ ਬਾਕੀਆਂ ਦੀ ਤਲਾਸ਼ ਜ਼ਾਰੀ ਹੈ।
ਥਾਣਾ ਸਿਟੀ ਵਿਖੇ ਦਰਜ਼ ਐਫ.ਆਈ.ਆਰ ਨੰਬਰ 513 ਵਿੱਚ ਏ.ਐਸ.ਆਈ ਗਿਆਨ ਸਿੰਘ ਨੇ ਲਿਖਵਾਇਆ ਹੈ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਵਿੱਚ ਗਸਤ ਕਰ ਰਿਹਾ ਸੀ । ਇਸੇ ਦੌਰਾਨ ਉਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਜਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੋਬਿੰਦ ਕਲੋਨੀ ਬਰਨਾਲਾ ਅਤੇ ਬਲਦੇਵ ਸਿੰਘ ਵਾਸੀ ਬਰਨਾਲਾ ਨੇ ਆਪਣੇ ਕੁੱਝ ਹੋਰ ਨਾਮਾਲੂਮ ਵਿਅਕਤੀਆਂ ਨੇ ਬਰਨਾਲਾ ਅੰਦਰ ਨਗਰ ਕੌਸਲ ਬਰਨਾਲਾ ਵੱਲੋ ਮੋਰਾਂ ਵਾਲੇ ਪਹੇ ਪਰ ਲਗਾਏ ਸਾਇਨ ਬੋਰਡ ਅਤੇ ਨਹਿਰੂ ਚੌਕ ਬਰਨਾਲਾ ਵਿਖੇ ਲਗਾਇਆ ਸਾਬਕਾ ਐਮ ਐਲ ਏ ਕੇਵਲ ਸਿੰਘ ਢਿੱਲੋਂ ਦਾ ਮਸੀਨੀ ਬੁੱਤ ਤੇ ਉਸ ਨਾਲ ਲੱਗੇ ਆਈ.ਲਵ ਬਰਨਾਲਾ ਦੇ ਸਾਈਨ ਬੋਰਡ ਨੂੰ ਕਿਸੇ ਗਹਿਰੀ ਸਾਜ਼ਿਸ਼ ਤਹਿਤ ਤੋੜ ਦਿੱਤਾ ਹੈ ।
ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਗਿਆਨ ਸਿੰਘ ਦੇ ਬਿਆਨ ਤੇ ਸੁਖਜਿੰਦਰ ਸਿੰਘ ਅਤੇ ਬਲਦੇਵ ਸਿੰਘ ਸਮੇਤ ਉਨਾਂ ਦੇ ਅਣਪਛਾਤੇ ਸਾਥੀਆਂ ਦੇ ਖਿਲਾਫ ਅਧੀਨ ਜ਼ੁਰਮ SEC 3 Prevention of Damage to Public Property Act 1984, 500,427,120-B I P C ਤਹਿਤ ਕੇਸ ਦਰਜ਼ ਕਰਕੇ ਨਾਮਜ਼ਦ ਦੋਸ਼ੀ ਸੁਖਜਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬਾਕੀ ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਜ਼ਾਰੀ ਹੈ, ਜਲਦ ਹੀ ਉਨਾਂ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।
ਕੇਵਲ ਢਿੱਲੋਂ ਦਾ ਬੁੱਤ ਤੋੜਨ ਦੀ ਨਿੰਦਿਆ
ਨਗਰ ਸੁਧਾਰ ਟਰੱਸਟ ਦੇ ਚੇਅਰਮੈਟ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਕਿਹਾ ਕਿ ਕੁੱਝ ਲੋਕ, ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਬਰਾਬਰ ਕੰਮ ਤਾਂ ਨਹੀਂ ਕਰਵਾ ਸਕਦੇ, ਪਰੰਤੂ ਉਨਾਂ ਵੱਲੋਂ ਕਰਵਾਏ ਸ਼ਹਿਰ ਦੇ ਚੌਤਰਫਾ ਵਿਕਾਸ ਨੂੰ ਵੇਖ ਕੇ ਸਹਾਰ ਵੀ ਨਹੀਂ ਸਕਦੇ। ਉਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦਾ ਮਸ਼ੀਨੀ ਬੁੱਤ ਤੋੜ ਕੇ ਢਿੱਲੋਂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਤਾਂ ਨਹੀਂ ਕੱਢਿਆ ਜਾ ਸਕਦਾ। ਸ਼ਰਮਾ ਨੇ ਪੁਲਿਸ ਤੋਂ ਮੰਗ ਕੀਤੀ ਕਿ ਘਟਨਾ ਲਈ ਸਾਜਿਸ਼ ਰਚਣ ਵਾਲਿਆਂ ਦੀ ਪਹਿਚਾਣ ਕਰਕੇ, ਉਨਾਂ ਨੂੰ ਵੀ ਗਿਰਫਤਾਰ ਕੀਤਾ ਜਾਵੇ। ਉੱਧਰ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਬੁੱਤ ਤੋੜਨ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਕੰਮਾਂ ਅਤੇ ਨਾਮ ਤੋਂ ਚਿੜਨ ਵਾਲੇ ਵਿਅਕਤੀਆਂ ਨੇ ਇਹ ਕਾਰਾ ਕਰਕੇ, ਆਪਣੀ ਮਾਨਸਿਕਤਾ ਦਾ ਮੁਜਾਹਰਾ ਕੀਤਾ ਹੈ।