ਦੋਸ਼ੀਆਂ ਦੀ ਸ਼ਨਾਖਤ ਤੇ ਤਲਾਸ਼ ਵਿੱਚ ਜੁਟੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 15 ਅਕਤੂਬਰ 2021
ਜਿਲ੍ਹੇ ਦੇ ਪਿੰਡ ਉੱਪਲੀ ਵਾਸੀ ਰਣਜੀਤ ਸਿੰਘ ਉਰਫ ਰਘੂ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਲੰਘੀ ਕੱਲ੍ਹ ਤੱਕ ਆਤਮ ਹੱਤਿਆ / ਹੱਤਿਆ ਦੀ ਸ਼ਸ਼ੋਪੰਜ ਵਿੱਚ ਉਲਝੀ ਪੁਲਿਸ ਨੇ ਆਖਿਰ ਰਘੂ ਦੇ ਪਿਉ ਅਜਾਇਬ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਹੱਤਿਆਰਿਆਂ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਜਾਇਬ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਉੱਪਲੀ ਨੇ ਪੁਲਿਸ ਨੂੰ ਤਹਿਰੀਰ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਰਣਜੀਤ ਸਿੰਘ ਉਰਫ ਰਘੂ ਉਮਰ ਕਰੀਬ 20 ਸਾਲ , ਬੁੱਟਰ ਫਿਲਿੰਗ ਸਟੇਸਨ ਉੱਪਲੀ ਪਰ ਤੇਲ ਪਾਉਣ ਦਾ ਕੰਮ ਕਰਦਾ ਸੀ। ਮਿਤੀ 02-10-2021 ਨੁੰ ਉਹ ਦੁਪਹਿਰ ਸਮੇ ਉਕਤ ਪੈਟਰੋਲ ਪੰਪ ਤੇ ਕੰਮ ਪਰ ਆਇਆ ਸੀ । ਪਰੰਤੂ ਮੁੜ ਕੇ ਘਰ ਵਾਪਸ ਨਹੀਂ ਪਹੁੰਚਿਆ। ਜਿਸ ਦੀ ਗੁੰਮਦੁਸਗੀ ਸਬੰਧੀ ਦਰਖਾਸਤ ਥਾਣਾ ਧਨੌਲਾ ਵਿਖੇ ਦਿੱਤੀ ਗਈ ਸੀ ।
ਕਤਲ ਤੋਂ ਬਾਅਦ ਖੁਰਦ-ਬੁਰਦ ਕਰਨ ਲਈ ਲੁਕੋਈ ਸੀ ਲਾਸ਼ !
ਅਜਾਇਬ ਸਿੰਘ ਨੇ ਕਿਹਾ ਕਿ ਉਸ ਨੂੰ ਲੰਘੀ ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਕਿ ਇੱਕ ਲਾਸ਼ ਅਵਤਾਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਉੱਪਲੀ ਦੇ ਖੇਤ ਦੀ ਮੋਟਰ ਵਿੱਚ ਪਈ ਹੈ । ਮੁਦਈ ਅਨੁਸਾਰ ਉਸ ਨੇ ਲਾਸ਼ ਦੀ ਸ਼ਨਾਖਤ ਕੀਤੀ ਤਾਂ ਉਹ ਲਾਸ਼ ਉਸ ਦੇ ਲੜਕੇ ਰਣਜੀਤ ਸਿੰਘ ਦੀ ਹੈ। ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ / ਵਿਅਕਤੀਆਂ ਨੇ ਬੇਰਿਹਮੀ ਨਾਲ ਸਿਰ ਧੜ ਤੋਂ ਅਲੱਗ ਕਰਕੇ ਕਤਲ ਕੀਤਾ ਹੈ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਲਾਸ਼ ਖੇਤ ਦੀ ਮੋਟਰ ਵਾਲੇ ਕੋਠੇ ਵਿੱਚ ਰੱਖੀ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਡੀਐਸਪੀ / ਐਸਐਚਉ ਥਾਣਾ ਧਨੌਲਾ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਪਰ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 302, 201, 34 ਆਈ.ਪੀ.ਸੀ. ਤਹਿਤ ਦਰਜ਼ ਕਰਕੇ, ਉਨਾਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਿੰਨਾਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।
ਸ਼ੱਕੀ ਵਿਅਕਤੀਆਂ ਦੀ ਹਿਰਾਸਤੀ ਪੁੱਛਗਿੱਛ ਜ਼ਾਰੀ !
ਬੇਸ਼ੱਕ ਪੁਲਿਸ ਨੇ ਰਣਜੀਤ ਰਘੂ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਾਰ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਪਰੰਤੂ ਦੋਸ਼ੀਆਂ ਦੀ ਸ਼ਨਾਖਤ ਅਤੇ ਉਨਾਂ ਦੀ ਗਿਰਫਤਾਰੀ, ਪੁਲਿਸ ਲਈ ਵੱਡੀ ਚੁਣੌਤੀ ਬਣ ਗਈ ਹੈ। ਅੰਨ੍ਹੇ ਕਤਲ ਦੀ ਉਲਝੀ ਗੁੱਥੀ ਨੂੰ ਸੁਲਝਾਉਣ ਲਈ ਡੀ.ਐਸ.ਪੀ. ਡੀ ਬ੍ਰਿਜ ਮੋਹਨ, ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ, ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਸਿਰ ਤੋੜ ਯਤਨ ਆਰੰਭ ਦਿੱਤੇ ਹਨ। ਸੂਤਰਾਂ ਅਨੁਸਾਰ ਪੁਲਿਸ ਨੇ ਰਣਜੀਤ ਸਿੰਘ ਰਘੂ ਅਤੇ ਉਸ ਦੇ ਸੰਪਰਕ ਵਿੱਚ ਰਹਿਣ ਵਾਲਿਆਂ ਦੀ ਮੋਬਾਇਲ ਲੋਕੇਸ਼ਨ ਅਤੇ ਕਾਲ ਡਿਟੇਲਾਂ ਖੰਗਾਲਨ ਦੀ ਮੁਹਿੰਮ ਵੀ ਵਿੱਢ ਦਿੱਤੀ ਹੈ। ਪੁਲਿਸ ਕੁੱਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਹੱਤਿਆ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਪਰੰਤੂ ਪੁਲਿਸ ਅਧਿਕਾਰੀਆਂ ਦਾ ਇੱਕੋ ਹੀ ਜੁਆਬ ਹੈ ਕਿ ਪੁਲਿਸ ਹਰ ਐਂਗਲ ਨੂੰ ਗਹੁ ਨਾਲ ਵਾਚ ਕੇ ਤਫਤੀਸ਼ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਤਫਤੀਸ਼ ਛੇਤੀ ਹੀ ਸਿੱਟੇ ਤੇ ਪਹੁੰਚ ਸਕਦੀ ਹੈ।