ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 359 ਵਾਂ ਦਿਨਸੰ
ਸਹਿਮਤੀੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਜਿਲ੍ਹਾ ਨਿਵਾਸੀਆਂ ਨੂੰ 27 ਤਰੀਕ ਦੇ ਭਾਰਤ ਬੰਦ ਲਈ ਸਹਿਯੋਗ ਲਈ ਅਪੀਲ
* ਧਰਨੇ ‘ਚ ਸ਼ਾਮਲ ਹੋ ਕੇ ਦਰਜਨਾਂ ਜਨਤਕ ਜਥੇਬੰਦੀਆਂ ਨੇ ਭਾਰਤ ਬੰਦ ਲਈ ਸਹਿਯੋਗ ਦਾ ਭਰੋਸਾ ਦਿਵਾਇਆ।
* ਗੁਲਾਬੀ ਸੁੰਡੀ ਪ੍ਰਭਾਵਿਤ ਨਰਮਾ ਖੇਤਰ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਾਉ; 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿਉ: ਕਿਸਾਨ ਆਗੂ
* ਅਮਰਜੀਤ ਕੌਰ ਲੈਕਚਰਾਰ ਨੇ ਆਪਣੀ ਦੋਹਤੀ ਦੇ ਜਨਮ ਦੀ ਖੁਸ਼ੀ ‘ਚ 5100 ਰੁਪਏ ਆਰਥਿਕ ਸਹਾਇਤਾ ਦਿੱਤੀ।
ਪ੍ਰਦੀਪ ਕਸਬਾ , ਬਰਨਾਲਾ: 24 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 359 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਬਰਨਾਲਾ ਜਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ 27 ਸਤੰਬਰ ਦੇ ਭਾਰਤ ਬੰਦ ਲਈ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੇ ਸਮਾਜ ਦੇ ਸਾਰੇ ਹੀ ਵਰਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਹੈ। ਜਰੂਰੀ ਵਸਤਾਂ ਕਾਨੂੰਨ ਵਿੱਚ ਸੋਧ ਕਰਕੇ ਸਰਕਾਰ ਨੇ ਵੱਡੇ ਜ਼ਖੀਰੇਬਾਜ਼ਾਂ ਨੂੰ ਜਰੂਰੀ ਖੁਰਾਕੀ ਵਸਤਾਂ ਦਾ ਭੰਡਾਰਨ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਸ ਕਾਰਨ ਖੁਰਾਕੀ ਵਸਤਾਂ ਦੇ ਬਾਜ਼ਾਰ ‘ਚ ਇਜ਼ਾਰੇਦਾਰੀਆਂ ਕਾਇਮ ਹੋ ਜਾਣਗੀਆਂ ਅਤੇ ਖੁਰਾਕੀ ਵਸਤਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ। ਸਮਾਜ ਦੇ ਸਾਰੇ ਵਰਗ ਹੀ ਖੁਰਾਕੀ ਵਸਤਾਂ ਦੇ ਖਰੀਦਦਾਰ ਹਨ। ਖੇਤੀ ਖੇਤਰ ਦੇ ਕਮਜ਼ੋਰ ਹੋ ਜਾਣ ਨਾਲ ਛੋਟੇ ਕਾਰੋਬਾਰੀਆਂ ਤੇ ਵਪਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ।
ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਹਨ। ਭਾਰਤ ਬੰਦ ਦਾ ਸੱਦਾ ਵੀ ਇਸੇ ਮਕਸਦ ਤਹਿਤ ਦਿੱਤਾ ਗਿਆ ਹੈ। ਕਿਸਾਨ ਮੋਰਚਾ ਸਾਰੇ ਹੀ ਬਰਨਾਲਾ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਵਧ ਚੜ੍ਹ ਕੇ ਭਾਰਤ ਬੰਦ ਲਈ ਸਹਿਯੋਗ ਕਰਨ।
ਅੱਜ ਸਬਜੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਠਾਕੁਰ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਭਾਰਤ ਬੰਦ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਰੇਹੜੀ-ਫੜੀ ਯੂਨੀਅਨ, ਦੋਧੀ ਯੂਨੀਅਨ, ਡੀਟੀਐਫ ਆਦਿ ਦਰਜਨਾਂ ਜਨਤਕ ਜਥੇਬੰਦੀਆਂ ਦੇ ਨੁੰਮਾਇੰਦੇ ਧਰਨੇ ਵਿੱਚ ਸ਼ਾਮਲ ਹੋਏ ਅਤੇ ਭਾਰਤ ਬੰਦ ਲਈ ਸਹਿਯੋਗ ਦਾ ਭਰੋਸਾ ਦਿਵਾਇਆ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ,ਬਾਬੂ ਸਿੰਘ ਖੁੱਡੀ ਕਲਾਂ, ਮੇਲਾ ਸਿੰਘ ਕੱਟੂ, ਗੁਰਦੇਵ ਸਿੰਘ ਮਾਂਗੇਵਾਲ,ਜਸਵੀਰ ਸਿੰਘ ਖੇੜੀ, ਜਸਪਾਲ ਕੌਰ ਕਰਮਗੜ੍ਹ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਹਰਚਰਨ ਸਿੰਘ ਚੰਨਾ,ਨੇਕਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਘਟੀਆ ਬੀਜ ਤੇ ਘਟੀਆ ਕੀਟ-ਨਾਸ਼ਕਾਂ ਕਾਰਨ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਤਬਾਹ ਕਰ ਦਿੱਤੀ ਹੈ।
ਪੰਜਾਬ ਦੀ ਨਰਮਾ ਬੈਲਟ ਦੇ ਕਿਸਾਨ ਤਰਾਹ ਤਰਾਹ ਕਰ ਰਹੇ ਹਨ ਅਤੇ ਲੱਖਾਂ ਰੁਪਏ ਕੇ ਖਰਚ ਕੇ ਪੁੱਤਾਂ ਵਾਂਗੂ ਪਾਲੇ ਨਰਮੇ ਨੂੰ ਟਰੈਕਟਰਾਂ ਨਾਲ ਵਾਹ ਰਹੇ ਹਨ। ਨੇਤਾਵਾਂ,ਸਰਕਾਰੀ ਅਧਿਕਾਰੀਆਂ ਅਤੇ ਬੀਜ ਤੇ ਕੀਟ-ਨਾਸ਼ਕ ਦਵਾਈ ਕੰਪਨੀਆਂ ਦੀ ਮਿਲੀ-ਭੁਗਤ ਕਾਰਨ ਅਜਿਹੀ ਤ੍ਰਾਸਦੀ ਹਰ ਚਾਰ-ਪੰਜ ਸਾਲ ਵਾਪਰ ਜਾਂਦੀ ਹੈ। ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਤੁਰੰਤ ਪ੍ਰਭਾਵਿਤ ਨਰਮਾ ਖੇਤਰ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਘੱਟੋ-ਘੱਟ 50 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।
ਅੱਜ ਅਮਰਜੀਤ ਕੌਰ ਲੈਕਚਰਾਰ ਨੇ ਆਪਣੀ ਦੋਹਤੀ ਦੇ ਜਨਮ ਦੀ ਖੁਸ਼ੀ ‘ਚ 5100 ਰੁਪਏ ਆਰਥਿਕ ਸਹਾਇਤਾ ਦਿੱਤੀ। ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਅੱਜ ਬਾਬਾ ਬੂਟਾ ਸਿੰਘ ਦੀ ਰਹਿਨੁਮਾਈ ਹੇਠ ਗੁਰਦਵਾਰਾ ਸਾਹਿਬ ਪਿੰਡ ਤਾਜੋ ਕੇ ਨੇ ਲੰਗਰ ਦੀ ਸੇਵਾ ਨਿਭਾਈ ਗਈ।