ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮੁੜ ਸੁਰਜੀਤ ਹੋਇਆ
11 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਤੇ 09 ਕਰੋੜ ਰੁਪਏ ਦੇ ਕਰਜ਼ਾ ਚੈੱਕ ਜਾਰੀ
ਰਾਜ ਪੱਧਰੀ ਸਮਾਗਮ ਵਿੱਚ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਿਰਕਤ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 15 ਸਤੰਬਰ 2021
ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀਜ਼) ਦੀਆਂ 57 ਬਰਾਂਚਾਂ ਵੱਲੋਂ ਕਰਜ਼ਾ ਵੰਡ ਸਮਾਰੋਹ ਆਯੋਜਿਤ ਕੀਤੇ ਗਏ। ਇਸ ਤਹਿਤ ਰਾਜ ਪੱਧਰੀ ਸਮਾਗਮ ਜੱਗੀ ਰਿਜ਼ੌਰਟਸ, ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਫਤਿਹਗੜ੍ਹ ਸਾਹਿਬ ਦੀਆਂ 4 ਪੀ.ਏ.ਡੀ.ਬੀਜ਼ ਨੇ ਭਾਗ ਲਿਆ। ਇਸ ਤੋਂ ਇਲਾਵਾ ਪਟਿਆਲਾ ਡਵੀਜ਼ਨ ਦੀਆਂ 21 ਹੋਰ ਪੀ.ਏ.ਡੀ.ਬੀਜ਼, ਜਲੰਧਰ ਡਵੀਜ਼ਨਆਂ ਦੀ 25 ਪੀ.ਏ.ਡੀ.ਬੀਜ਼ ਅਤੇ ਫਿਰੋਜ਼ਪੁਰ ਡਵੀਜ਼ਨ ਦੀਆਂ 07 ਪੀ.ਏ.ਡੀ.ਬੀਜ਼ ਨੇ ਕਰਜ਼ਾ ਵੰਡ ਸਮਾਰੋਹ ਆਯੋਜਿਤ ਕੀਤੇ। ਰਾਜ ਪੱਧਰੀ ਸਮਾਰੋਹ ਵਿੱਚ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ 23 ਲਾਭਪਾਤਰੀਆਂ ਦੇ ਲਗਭਗ 0.96 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ 07 ਲਾਭਪਾਤਰੀਆਂ ਨੂੰ ਲਗਭਗ 0.21 ਕਰੋੜ ਰੁਪਏ ਦੇ ਕਰਜਾ ਚੈੱਕ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਰੈਗੂਲਰ ਕਿਸ਼ਤਾਂ ਦੇਣ ਵਾਲੇ 78 ਗੁੱਡ ਪੇਅਮਾਸਟਰਜ਼ ਦਾ ਸਨਮਾਨ ਕੀਤਾ ਗਿਆ। ਪੰਜਾਬ ਪੱਧਰ ਉਤੇ ਸਮੂਹ ਪੀ.ਏ.ਡੀ.ਬੀਜ਼ ਵੱਲੋਂ 204 ਲਾਭਪਾਤਰੀਆਂ ਦੇ ਲਗਭਗ 11 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ 254 ਲਾਭਪਾਤਰੀਆਂ ਨੂੰ ਲਗਭਗ 09 ਕਰੋੜ ਰੁਪਏ ਦੇ ਕਰਜਾ ਚੈੱਕ ਜਾਰੀ ਕੀਤੇ ਗਏ। ਇਨ੍ਹਾਂ ਸਮਾਰੋਹਾਂ ਦਾ ਉਦੇਸ਼ ਕਿਸਾਨਾਂ ਨੂੰ ਬੈਂਕ ਦੀਆਂ ਵੱਖ-ਵੱਖ ਕਰਜ਼ਾ ਯੋਜਨਾਵਾਂ ਬਾਰੇ ਜਾਣੂ ਕਰਵਾਉਣਾ ਅਤੇ ਵੱਡੇ ਪੱਧਰ ਉਤੇ ਕਰਜ਼ੇ ਮਨਜ਼ੂਰ ਕਰਨਾ/ਵੰਡਣਾ ਸੀ, ਤਾਂ ਜੋ ਬੈਂਕ ਦੇ ਕਰਜ਼ਾ ਵੰਡ ਪ੍ਰੋਗਰਾਮ ਨੂੰ ਹੁਲਾਰਾ ਮਿਲ ਸਕੇ।
ਸਰਹਿੰਦ-ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਪੰਜਾਬ ਨੇ ਕਿਹਾ ਕਿ ਪੇਂਡੂ ਆਰਥਿਕਤਾ ਅਤੇ ਖੁਸ਼ਹਾਲੀ ਵਿੱਚ ਸਹਿਕਾਰਤਾ ਵਿਭਾਗ ਅਤੇ ਸਹਿਕਾਰੀ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਮਾਰਕਫੈੱਡ, ਮਿਲਕਫੈੱਡ, ਸ਼ੂਗਰਫੈਡ, ਸਹਿਕਾਰੀ ਬੈਂਕ ਅਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਪੰਜਾਬ ਵਿੱਚ ਸਹਿਕਾਰਤਾ ਦੇ ਥੰਮ੍ਹ ਹਨ। ਸਹਿਕਾਰਤਾ ਦਾ ਅਰਥ ਹੀ ਇੱਕ ਦੂਸਰੇ ਦੀ ਮਦਦ ਨਾਲ ਇੱਕ ਸਾਂਝੇ ਮਕਸਦ ਦੀ ਪ੍ਰਾਪਤੀ ਲਈ ਕੰਮ ਕਰਨਾ ਹੈ ਸਹਿਕਾਰਤਾ ਵਿਭਾਗ ਸਦਾ ਤੋਂ ਹੀ ਕਿਸਾਨਾਂ ਦਾ ਮਦਦਗਾਰ ਰਿਹਾ ਹੈ ਅਤੇ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ। ਸਹਿਕਾਰਤਾ ਲਹਿਰ ਦੀ ਵਿਰਾਸਤ ਦਾ ਮੁੱਢ ਖੇਤੀ ਅਤੇ ਉਸ ਦੇ ਸਹਾਇਕ ਧੰਦਿਆਂ ਨਾਲ ਜੁੜਿਆ ਹੋਇਆ ਹੈ।
ਸ. ਰੰਧਾਵਾ ਨੇ ਕਿਹਾ ਗਿਆ ਕਿ ਸਾਲ 2018 ਵਿੱਚ ਉਨ੍ਹਾਂ ਨੇ ਸਹਿਕਾਰਤਾ ਵਿਭਾਗ ਦਾ ਕੰਮਕਾਜ ਸੰਭਾਲਿਆ ਅਤੇ ਉਨ੍ਹਾਂ ਦਾ ਮੁੱਖ ਉਦੇਸ਼ ਸਾਰੀਆਂ ਸਹਿਕਾਰੀ ਸੰਸਥਾਵਾਂ ਨੂੰ ਤਰੱਕੀ ਦੇ ਰਾਹ ਉਤੇ ਲਿਜਾਉਣਾ ਹੈ। ਉਸ ਸਮੇਂ ਬੈਂਕ ਦੇ ਸਿਰ ਵੱਖ-ਵੱਖ ਵਿੱਤੀ ਸੰਸਥਾਵਾਂ ਦਾ ਕਰੀਬ 400 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਸੀ ਕਿ ਬਹੁਤ ਮਹਿੰਗੀਆਂ ਵਿਆਜ ਦਰਾਂ ਉਤੇ ਸੀ। ਪੀ.ਏ.ਡੀ.ਬੀਜ਼ ਕੋਲ ਨਵਾਂ ਕਰਜ਼ਾ ਵੰਡਣ ਲਈ ਫੰਡ ਵੀ ਨਹੀਂ ਸਨ । ਉਨ੍ਹਾਂ ਨਵੰਬਰ 2020 ਵਿੱਚ ਚੇਅਰਮੈਨ ਨਾਬਾਰਡ ਡਾ. ਜੀ.ਆਰ. ਚਿੰਤਲਾ ਨਾਲ ਮੁੰਬਈ ਜਾ ਕੇ ਮੁਲਾਕਾਤ ਕੀਤੀ ਅਤੇ ਬੈਂਕ ਦੀ ਮਦਦ ਕਰਨ ਲਈ ਬੇਨਤੀ ਕੀਤੀ। ਨਾਬਾਰਡ ਵੱਲੋਂ ਇਸ ਬੈਂਕ ਨੂੰ ਨਵੰਬਰ 2020 ਵਿੱਚ ਹੀ 750 ਕਰੋੜ ਰੁਪਏ ਦੀ ਵਿੱਤ ਸਹਾਇਤਾ ਸਸਤੀ ਵਿਆਜ ਦਰ ਤੋਂ ਮਨਜ਼ੂਰ ਕਰ ਦਿੱਤੀ ਗਈ, ਜਿਸ ਵਿੱਚੋਂ ਬੈਂਕ ਨੇ 400 ਕਰੋੜ ਰੁਪਏ ਨਾਲ ਆਪਣੇ ਮਹਿੰਗੇ ਕਰਜ਼ੇ ਮੋੜ ਦਿੱਤੇ ਅਤੇ 100 ਕਰੋੜ ਰੁਪਏ ਕਰਜ਼ਾ ਵੰਡਣ ਲਈ ਪੀ.ਏ.ਡੀ.ਬੀਜ਼ ਨੂੰ ਉਪਲੱਬਧ ਕਰਵਾਏ।
ਬੈਂਕ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਕਈ ਨਵੀਆਂ ਸਕੀਮਾਂ ਜਿਵੇਂ ਕਿ ਮੋਰਾਟੋਰੀਅਮ, ਕਰਜ਼ਾ ਪੁਨਰਗਠਨ ਸਕੀਮ, ਦੰਡ ਵਿਆਜ ਮੁਆਫੀ ਸਕੀਮ ਆਦਿ ਲਾਂਚ ਕੀਤੀਆਂ ਗਈਆਂ, ਜੋ ਕਿ ਆਸਾਨੀ ਨਾਲ ਕਰਜ਼ਾ ਮੋੜਨ ਵਿੱਚ ਸਹਾਈ ਹੋਈਆਂ। ਮੋਰਾਟੋਰੀਅਮ ਸਕੀਮ ਤਹਿਤ ਲਗਭਗ 5800 ਕਰਜ਼ਦਾਰਾਂ ਦੀਆਂ 80.75 ਕਰੋੜ ਰੁਪਏ ਦੀਆਂ ਕਿਸ਼ਤਾਂ 06 ਮਹੀਨਿਆਂ ਲਈ ਡੈਫ਼ਰ ਕੀਤੀਆਂ ਗਈਆਂ ਹਨ। ਕਰਜ਼ਾ ਪੁਨਰਗਠਨ ਸਕੀਮ ਤਹਿਤ ਲਗਭਗ 1500 ਤੋਂ ਵੱਧ ਕਰਜ਼ਦਾਰਾਂ ਦੇ 87.47 ਕਰੋੜ ਰੁਪਏ ਦੇ ਕਰਜ਼ੇ ਪੁਨਰਗਠਿਤ ਕੀਤੇ ਗਏ ਹਨ। ਇਸੇ ਤਰ੍ਹਾਂ ਦੰਡ ਵਿਆਜ ਮੁਆਫੀ ਸਕੀਮ ਅਧੀਨ ਲਗਭਗ 8300 ਤੋਂ ਵੱਧ ਕਰਜ਼ਦਾਰਾਂ ਨੂੰ 03.15 ਕਰੋੜ ਰੁਪਏ ਦਾ ਰਲੀਫ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਰਾਜ ਸਹਿਕਾਰੀ ਬੈਂਕ ਨੂੰ ਨਵੀਆਂ ਬੁਲੰਦੀਆਂ ਤੇ ਲਿਜਾਉਣ ਲਈ ਵੀ ਖੇਤ ਮਜ਼ਦੂਰ, ਬੇ-ਜ਼ਮੀਨੇ ਕਿਸਾਨਾਂ ਅਤੇ ਕਰਜ਼ਦਾਰਾਂ ਲਈ ਕਰਜ਼ਾ ਮੁਆਫੀ, ਫਸਲੀ ਕਰਜ਼ੇ ਅਤੇ ਯਕਮੁਸ਼ਤ ਕਰਜ਼ਾ ਸਮਝੌਤਾ ਸਕੀਮ ਅਮਲ ਵਿੱਚ ਲਿਆਉਂਦੀਆਂ ਗਈਆਂ, ਜਿਹਨਾਂ ਤਹਿਤ ਕਰਜ਼ਦਾਰਾਂ ਨੇ ਤਕਰੀਬਨ 2848.19 ਕਰੋੜ ਰੁਪਏ ਦਾ ਕੁਲ ਲਾਭ ਉਠਾਇਆ ਹੈ।
ਸਮਾਗਮ ਦੌਰਾਨ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਦੇ ਵਿੱਚ ਸਹਿਕਾਰਤਾ ਵਿਭਾਗ ਦਾ ਯੋਗਦਾਨ ਅਹਿਮ ਹੈ ਤੇ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਾੜੇ ਹਾਲਾਤ ਵਿੱਚੋਂ ਕੱਢ ਕੇ ਵਿਭਾਗ ਨੂੰ ਤਰੱਕੀ ਦੇ ਰਾਹ ਪਾਇਆ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਸਬੰਧੀ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਿਹਨਤ ਤੇ ਲਗਨ ਨਾਲ ਕੰਮ ਕੀਤਾ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਸ. ਰੰਧਾਵਾ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਸਹਿਕਾਰਤਾ ਵਿਭਾਗ ਪੂਰੇ ਦੇਸ਼ ਵਿੱਚ ਪੈਰਾ ਜਮਾ ਕੇ ਰੱਖਣ ਵਾਲੇ ਅਮੁਲ ਨੂੰ ਟੱਕਰ ਦੇ ਰਿਹਾ ਹੈ। ਇਸ ਦੇ ਨਾਲ ਨਾਲ ਹਿਮਾਚਲ ਸਰਕਾਰ ਨੇ ਮਾਰਕਫੈਡ ਦੇ ਉਤਪਾਦ ਆਪਣੇ ਆਊਟਲੈਟਸ ਉਤੇ ਰੱਖਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਵਿੱਚ ਜਿਸ ਪਾਰਦਰਸ਼ੀ ਢੰਗ ਨਾਲ ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਉਹ ਆਪਣੇ ਆਪ ਵਿੱਚ ਮਿਸਾਲ ਹੈ। ਨਿਰੋਲ ਮੈਰਿਟ ਦੇ ਆਧਾਰ ਉਤੇ ਭਰਤੀਆਂ ਹੋ ਰਹੀਆਂ ਹਨ, ਜਿਸ ਸਦਕਾ ਵਿਭਾਗ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇਗਾ।
ਹਲਕਾ ਅਮਲੋਹ ਦੇ ਵਿਧਾਇਕ ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਅੱਜ ਜਦੋਂ ਕੇਂਦਰ ਸਰਕਾਰ ਕਾਰਨ ਕਿਸਾਨ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ ਤਾਂ ਇਸ ਔਖੀ ਘੜੀ ਵਿੱਚ ਸ. ਰੰਧਾਵਾ ਨੇ ਕਿਸਾਨਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਕਹਿਣੀ ਤੇ ਕਰਨੀ ਦੇ ਪੂਰੇ ਹਨ ਤੇ ਉਨ੍ਹਾਂ ਦੀ ਮਿਹਨਤ ਸਦਕਾ ਵਿਭਾਗ ਪੈਰਾਂ ਸਿਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿੱਚੋਂ ਪਹਿਲੇ ਨੰਬਰ ਉਤੇ ਹੈ ਤੇ ਸਿਹਤ ਸੇਵਾਵਾਂ ਵਿੱਚ ਵੀ ਪੰਜਾਬ ਨੇ ਚੰਗੀ ਪਛਾਣ ਬਣਾਈ ਹੈ ਤੇ ਕਰੋਨਾ ਕਾਲ ਵੇਲੇ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਦੇ ਮਰੀਜ਼ਾਂ ਦਾ ਇਲਾਜ ਪੰਜਾਬ ਵਿੱਚ ਹੋਇਆ।
ਇਸ ਮੌਕੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਨੂੰ ਸ. ਰੰਧਾਵਾ ਤੋਂ ਪੂਰਨ ਸਹਿਯੋਗ ਮਿਲਦਾ ਰਿਹਾ ਹੈ। ਹਰ ਲੋੜ ਵੇਲੇ ਉਨ੍ਹਾਂ ਨੇ ਲੋਕ ਦੀ ਭਲਾਈ ਅਤੇ ਵਿਕਾਸ ਦੇ ਮੱਦੇਨਜ਼ਰ ਹਰ ਵਾਰ ਅੱਗੇ ਹੋ ਕੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸੀ ਪਠਾਣਾਂ ਵਿਖੇ ਬਣ ਰਿਹਾ ਮੈਗਾ ਡੇਅਰੀ ਪ੍ਰੋਜੈਕਟ ਸ਼ੁਰੂ ਹੁੰਦੇ ਸਾਰ ਬੱਸੀ ਪਠਾਣਾਂ ਦੇਸ਼ ਪੱਧਰ ਉਤੇ ਉਭਰੇਗਾ।
ਇਸ ਮੌਕੇ ਸ੍ਰੀ ਵਿਕਾਸ ਗਰਗ, ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ, ਸ੍ਰੀ ਐਚ.ਕੇ. ਸਬਲਾਨੀਆ ਜੀ.ਐਮ. ਨਬਾਰਡ, ਸ. ਕਮਲਦੀਪ ਸਿੰਘ ਚੇਅਰਮੈਨ, ਐਸ.ਏ.ਡੀ.ਬੀ, ਸ੍ਰੀ ਰਾਜੀਵ ਕੁਮਾਰ ਗੁਪਤਾ, ਐਮ.ਡੀ. ਐਸ.ਏ.ਡੀ. ਬੀ., ਸ. ਜਸਮੀਤ ਸਿੰਘ ਡਾਇਕੈਟਰ, ਐਸ.ਏ.ਡੀ.ਬੀ ਤੋਂ ਇਲਾਵਾ ਸ਼੍ਰੀਮਤੀ ਸੁਰਭੀ ਮਲਿਕ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਸ਼੍ਰੀ ਰਾਜੇਸ਼ ਧੀਮਾਨ, ਫ਼ਤਹਿਗੜ੍ਹ ਸਾਹਿਬ, ਡਾ.ਸੰਜੀਵ ਕੁਮਾਰ, ਐਸ.ਡੀ.ਐਮ ਫਤਹਿਗੜ੍ਹ ਸਾਹਿਬ, ਸ. ਜਤਿੰਦਰਪਾਲ ਸਿੰਘ ਸੰਯੁਕਤ ਰਜਿਸਟਰਾਰ ਪਟਿਆਲਾ ਡਿਵੀਜ਼ਨ, ਸ਼੍ਰੀ ਅਭੀਤੇਸ਼ ਸਿੰਘ ਸੰਧੂ, ਉਪ ਰਜਿਸਟਰਾਰ, ਸ਼੍ਰੀ ਸੁਭਾਸ਼ ਸੂਦ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਮੇਤ ਲਾਭਪਾਤਰੀਆਂ ਤੇ ਪਤਵੰਤੇ ਹਾਜ਼ਰ ਸਨ।