ਜੇ ਨਿੱਜੀ ਨਾਂ ਤੇ ਲੱਗਿਆ ਬੋਰਡ ਗਲੀ ‘ਚੋਂ ਨਾ ਹਟਾਇਆ ਤਾਂ ਫਿਰ,,,
ਜੰਡਾਂ ਵਾਲਾ ਰੋਡ ਦੀ 5 ਘਰਾਂ ਵਾਲੀ ਬੰਦ ਗਲੀ ਦੇ ਮੋੜ ਤੇ ਲੱਗੇ 2 ਬੋਰਡ, ਨਗਰ ਕੌਂਸਲ ਅਧਿਕਾਰੀਆਂ ਨੇ ਧਾਰੀ ਚੁੱਪ
ਹਰਿੰਦਰ ਨਿੱਕਾ , ਬਰਨਾਲਾ 10 ਸਤੰਬਰ 2021
ਸ਼ਹਿਰ ਦੇ ਜੰਡਾਂ ਵਾਲਾ ਰੋਡ ਦੀ ਬੰਦ ਗਲੀ ‘ਚ ਰਹਿੰਦੇ ਇੱਕ ਪੱਤਰਕਾਰ ਦੇ ਗੁਆਂਢੀਆਂ ਨੇ ਹੀ ਅੱਜ ਪੱਤਰਕਾਰ ਅਤੇ ਨਗਰ ਕੌਂਸਲ ਦੀ ਕਥਿਤ ਦੋਗਲੀ ਨੀਤੀ ਦੇ ਖਿਲਾਫ ਰੋਸ ਪ੍ਰਗਟਾਇਆ ਹੈ। ਪਿਛਲੇ ਕੁੱਝ ਦਿਨਾਂ ਤੋਂ ਪੰਜ ਘਰਾਂ ਵਾਲੀ ਬੰਦ ਗਲੀ ਵਿੱਚ 2 ਵੱਖ ਵੱਖ ਸਾਈਨ ਬੋਰਡ ਲਾਏ ਜਾਣ ਤੋਂ ਬਾਅਦ ਗਲੀ ਵਾਸੀਆਂ ਵਿੱਚ ਪੈਦਾ ਝਗੜਾ ਵੱਧ ਗਿਆ। ਗਲੀ ਦੇ ਲੋਕਾਂ ਨੇ ਮੀਡੀਆ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਤਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਜੰਡਾਂ ਵਾਲਾ ਰੋਡ ਦੀ ਗਲੀ ਨੰਬਰ 4 ਦੇ ਮੋੜ ਤੇ ਬੰਦ ਗਲੀ ਅਤੇ ਵਾਰਡ ਦੀ ਐਮ ਸੀ ਦਾ ਨਾਮ ਲਿਖਿਆ ਬੋਰਡ ਲਗਾਇਆ ਗਿਆ ਸੀ। ਜਿਸ ਨੂੰ ਕੁੱਝ ਦਿਨਾਂ ਬਾਅਦ ਗਲੀ ਵਾਸੀਆਂ ਤੋਂ ਚੋਰੀ ਚੋਰੀ, ਸਾਈਨ ਬੋਰਡ ਵਾਲੇ ਚੌਖਟੇ ਤੇ ਬੰਦ ਗਲੀ ਦਾ ਨਾਮ ਹਟਾ ਕੇ ਪਾਲਕੋ ਸਟਰੀਟ ਲਿਖਿਆ ਬੋਰਡ ਲਗਵਾ ਲਿਆ। ਉਨਾਂ ਕਿਹਾ ਕਿ ਜਦੋਂ ਹੀ ਮੁਹੱਲਾ ਵਾਸੀਆਂ ਨੂੰ ਗਲੀ ਦਾ ਨਾਮ ਬਦਲਣ ਬਾਰੇ ਪਤਾ ਲੱਗਿਆ ਤਾਂ ਸਿਰਫ ਪੱਤਰਕਾਰ ਦੇ ਪਰਿਵਾਰ ਨੂੰ ਛੱਡ ਕੇ ਸਮੂਹ ਗਲੀ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਇੱਕ ਲਿਖਤੀ ਸ਼ਕਾਇਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੇ ਕੇ ਗਲੀ ਵਿੱਚ ਪੁਰਾਣਾ ਲਗਾਇਆ ਬੰਦ ਗਲੀ ਦਾ ਬੋਰਡ ਹੀ ਲਗਵਾਉਣ ਲਈ ਕਿਹਾ। ਉਨਾਂ ਕਿਹਾ ਦੁਰਖਾਸਤ ਪਰ ਮੁਹੱਲਾ ਵਾਸੀਆਂ ਤੋਂ ਇਲਾਵਾ ਵਾਰਡ ਦੀ ਐਮ.ਸੀ. ਸ਼ਬਾਨਾ ਦੇ ਦਸਤਖਤ ਅਤੇ ਮੋਹਰ ਵੀ ਲੱਗੀ ਹੋਈ ਹੈ। ਉਨਾਂ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਮੁਹੱਲਾ ਵਾਸੀਆਂ ਦੇ ਵਫਦ ਨੂੰ ਭਰੋਸਾ ਦੇ ਕੇ ਬੰਦ ਗਲੀ ਦਾ ਇੱਕ ਹੋਰ ਬੋਰਡ ਵੀ ਗਲੀ ਦੇ ਮੋੜ ਤੇ ਲਗਵਾ ਦਿੱਤਾ।
ਹੁਣ ਸਾਰਿਆਂ ਨੂੰ ਆਪਣੇ ਐਡਰੈਸ ਬਦਲਣੇ ਪੈਣਗੇ,,
ਮੁਹੱਲਾ ਵਾਸੀ ਵੀਰਪਾਲ ਕੌਰ ਅਤੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਆਪਣੇ ਸਾਰੇ ਪੁਰਾਣੇ ਦਸਤਾਵੇਜਾਂ ਦੇ ਐਡਰੈਸ ਬਦਲਣੇ ਪੈਣਗੇ। ਉਨਾਂ ਕਿਹਾ ਕਿ ਪਾਲਕੋ ਸਟਰੀਟ ,ਇੱਕ ਪਰਿਵਾਰ ਨੂੰ ਦਰਸਾਉਂਦਾ ਨਾਮ ਹੈ। ਜਿਸ ਤੇ ਮੁਹੱਲਾ ਵਾਸੀਆਂ ਨੂੰ ਸਖਤ ਇਤਰਾਜ ਹੈ। ਜਦੋਂ ਕਿ ਬੰਦ ਗਲੀ ਵਾਲਾ ਬੋਰਡ ਨਗਰ ਕੌਂਸਲ ਵੱਲੋਂ ਵਾਰਡ ਦੀ ਕੌਂਸਲਰ ਸਬਾਨਾ ਦੀ ਸਹਿਮਤੀ ਨਾਲ ਹੀ ਲਗਾਇਆ ਗਿਆ ਸੀ। ਉਨਾਂ ਕਿਹਾ ਕਿ ਅਸੀਂ, ਇਸ ਅਪਮਾਨਜਨਕ ਸ਼ਬਦਾਂਵਲੀ ਵਰਤਣ ਵਾਲਿਆਂ ਖਿਲਾਫ ਕਾਨੂੰਨੀ ਚਾਰਾਜੋਈ ਵੀ ਕਰਾਂਗੇ।
ਨਿੱਜੀ ਨਾਂ ਵਾਲਾ ਬੋਰਡ ਨਾ ਹਟਾਇਆ ਤਾਂ ਸੜ੍ਹਕਾਂ ਤੇ ਉਤਰਨ ਨੂੰ ਹੋਵਾਂਗੇ ਮਜਬੂਰ-ਸੰਦੀਪ ਕੌਰ
ਸੂਬਾ ਪੱਧਰੀ ਕਰਮਚਾਰੀ ਆਗੂ ਸੰਦੀਪ ਕੌਰ ਨੇ ਕਿਹਾ ਕਿ ਉਹ ਨਗਰ ਕੌਂਸਲ ਅਧਿਕਾਰੀਆਂ ਦੀ ਟਾਲਮਟੋਲ ਵਾਲੀ ਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨਾਂ ਕਿਹਾ ਕਿ ਜੇਕਰ ਨਗਰ ਪ੍ਰਸ਼ਾਸ਼ਨ ਨੇ ਜਲਦ ਹੀ ਮੁਹੱਲਾ ਵਾਸੀਆਂ ਦੀ ਮੰਗ ਅਨੁਸਾਰ ਉਨਾਂ ਦੀ ਗਲੀ ਦੇ ਮੋੜ ਪਰ ਲਗਾਏ ਪਾਲਕੋ ਸਟਰੀਟ ਵਾਲੇ ਸਾਈਨ ਬੋਰਡ ਨੂੰ ਨਾ ਹਟਾਇਆ ਤਾਂ ਮੁਹੱਲਾ ਵਾਸੀ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਅਮਰਜੀਤ ਸਿੰਘ, ਮਨਜੀਤ ਕੌਰ, ਪਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਵੀ ਮੌਜੂਦ ਰਹੇ।
ਕੌਂਸਲਰ ਸ਼ਬਾਨਾ ਨੇ ਕਿਹਾ, ਗਲੀ ਦਾ ਬੋਰਡ ਬੰਦ ਗਲੀ ਦਾ ਹੀ ਲਗਾਇਆ ਗਿਆ ਹੈ,,
ਵਾਰਡ ਨੰਬਰ 17 ਦੀ ਕੌਂਸਲਰ ਸ਼ਬਾਨਾ ਦਾ ਕਹਿਣਾ ਹੈ ਕਿ ਉਹ ਮੁਹੱਲਾ ਵਾਸੀਆਂ ਦੇ ਪੂਰੀ ਤਰਾਂ ਨਾਲ ਹਨ, ਮਹੁੱਲਾ ਵਾਸੀਆਂ ਦੀ ਰਾਇ ਨਾਲ ਹੀ ਬੰਦ ਗਲੀ ਨਾਮ ਲਿਖ ਕੇ ਸਾਈਨ ਬੋਰਡ ਨਗਰ ਕੌਂਸਲ ਵੱਲੋਂ ਲਗਾਇਆ ਗਿਆ ਸੀ, ਬਾਅਦ ਵਿੱਚ ਪਤਾ ਨਹੀਂ, ਕਿਸ ਨੇ ਤੇ ਕਿਉਂ ਗਲੀ ਦੇ ਬਾਹਰ ਪਾਲਕੋ ਸਟਰੀਟ ਦਾ ਸਾਈਨ ਬੋਰਡ ਲਗਵਾ ਦਿੱਤਾ। ਉਨਾਂ ਕਿਹਾ ਕਿ ਹੁਣ ਗਲੀ ਦੇ ਮੋੜ ਤੇ 2 ਬੋਰਡ , ਨਿੱਜੀ ਨਾਮ ਵਾਲਾ ਅਤੇ ਬੰਦ ਗਲੀ ਵਾਲਾ ਲੱਗੇ ਹੋਏ ਹਨ। ਉਨਾਂ ਕਿਹਾ ਕਿ ਉਨਾਂ ਵੀ ਲੋਕਾਂ ਦੀ ਮੰਗ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਕੋਲ ਰੱਖੀ ਹੈ। ਉੱਧਰ ਕੌਂਸਲ ਦੇ ਈਉ ਮੋਹਿਤ ਸ਼ਰਮਾ ਨੇ ਕਿਹਾ ਕਿ ਉਹ ਚੰਡੀਗੜ੍ਹ ਦਫਤਰੀ ਕੰਮਕਾਜ ਦੇ ਸਬੰਧ ਵਿੱਚ ਗਏ ਹੋਏ ਹਨ, ਅਜਿਹਾ ਕੋਈ ਮਾਮਲਾ, ਉਨਾਂ ਦੇ ਫਿਲਹਾਲ ਧਿਆਨ ਵਿੱਚ ਨਹੀਂ ਹੈ। ਉਹ ਪੂਰੇ ਮਾਮਲੇ ਬਾਰੇ ਜਾਣਕਾਰੀ ਹਾਸਿਲ ਕਰਕੇ ਹੀ ਕੋਈ ਉਚਿਤ ਕਾਰਵਾਈ ਅਮਲ ਵਿੱਚ ਲਿਆਉਣਗੇ।