ਉਹ ਕਾਲਜ ਪੜ੍ਹਨ ਗਈ, ਪਰ ਘਰ ਵਾਪਸ ਨਹੀਂ ਆਈ
ਪਰਦੀਪ ਕਸਬਾ, ਨਾਭਾ, 6 ਸਤੰਬਰ 2021
ਘਰੋਂ ਸਕੂਲ ਕਾਲਜ ਪੜ੍ਹਨ ਜਾਂਦੀਆਂ ਕੁੜੀਆਂ ਨਾਲ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰਕੇ ਮਾਪੇ ਕੁੜੀਆਂ ਨੂੰ ਘਰੋਂ ਨਿਕਲਣ ਤੇ ਪਾਬੰਦੀ ਲਾਉਂਦੇ ਹਨ । ਪਿਛਲੇ ਦਿਨੀਂ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਨਾਬਾਲਗ ਕੁੜੀਆਂ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਪਟਿਆਲਾ ਦੀ ਕੋਤਵਾਲੀ ਨਾਭਾ ਥਾਣੇ ‘ਚ ਸਾਹਮਣੇ ਆਇਆ ਹੈ, ਜਿਥੇ ਇਕ ਅਠਾਰਾਂ ਸਾਲਾਂ ਦੀ ਕੁੜੀ ਕਾਲਜ ਪੜ੍ਹਨ ਗਈ ਸੀ ਪਰ ਘਰ ਵਾਪਸ ਨਹੀਂ ਆਈ ।
ਕੋਤਵਾਲੀ ਨਾਭਾ ਥਾਣੇ ਵਿਚ ਆਪਣੇ ਦਰਜ ਬਿਆਨਾਂ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਉਮਰ ਅਠਾਰਾਂ ਸਾਲ ਰੋਜ਼ਾਨਾ ਦੀ ਤਰ੍ਹਾਂ ਕਾਲਜ ਪੜ੍ਹਨ ਗਈ ਸੀ ਪਰ ਘਰ ਵਾਪਸ ਨਹੀਂ ਆਈ। ਅਸੀਂ ਆਪਣੀ ਲੜਕੀ ਦੀ ਕਾਫ਼ੀ ਭਾਲ ਕੀਤੀ, ਕੋਈ ਪਤਾ ਨਹੀਂ ਲੱਗਾ।
ਲੜਕੀ ਦੇ ਪਿਤਾ ਨੇ ਕਿਹਾ ਕਿ ਵਿਸ਼ਵਜੀਤ ਸਿੰਘ ਲੱਡੂ ਪੁੱਤਰ ਹੰਸ ਰਾਜ ਨਿਵਾਸੀ ਸਾਰਧਾ ਕਲੋਨੀ ਥੂਹੀ ਰੋਡ ਨਾਭਾ ਓਸ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਉਸ ਦੀ ਮੱਦਦ ਮਨਪ੍ਰੀਤ ਸਿੰਘ ਨਿਵਾਸੀ ਮੈਹਸ ਗੇਟ ਨਾਭਾ ਨੇ ਕੀਤੀ ਹੈ । ਲੜਕੀ ਦੇ ਪਿਤਾ ਦੇ ਬਿਆਨਾਂ ਤੇ ਪੁਲਸ ਨੇ ਉਕਤ ਦੋਸ਼ੀਆਂ ਤੇ ਆਈ ਪੀ ਸੀ ਦੀ 363,366 ਧਾਰਾ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।