ਰਾਜਿੰਦਰਾ ਝੀਲ ਦੀ ਮੀਂਹ ਕਾਰਨ ਨੁਕਸਾਨੀ ਗਈ ਕੰਧ, ਹਾਲ ਹੀ ‘ਚ ਕੀਤੇ ਗਏ ਨਵੀਨੀਕਰਨ ਦਾ ਹਿੱਸਾ ਨਹੀਂ ਸੀ-ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ
ਬਲਵਿੰਦਰਪਾਲ ਪਟਿਆਲਾ, 4 ਅਗਸਤ 2021
ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਐਸ.ਐਲ. ਗਰਗ ਨੇ ਸਪੱਸ਼ਟ ਕੀਤਾ ਹੈ ਕਿ ਹਾਲ ਹੀ ਦੌਰਾਨ ਪਈ ਭਾਰੀ ਬਰਸਾਤ ਕਰਕੇ ਨੁਕਸਾਨੀ ਗਈ ਰਾਜਿੰਦਰਾ ਝੀਲ ਦੀ ਦਿਵਾਰ, ਨਵੀਨੀਕਰਨ ਪ੍ਰਾਜੈਕਟ ਦਾ ਹਿੱਸਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਬੁੱਤ ਦੇ ਚੌਂਤਰੇ ਵਾਲੀ ਇਹ ਦਿਵਾਰ, 1885 ਦੇ ਕਰੀਬ ਹੋਂਦ ‘ਚ ਆਏ ਇਸ ਪ੍ਰਾਜੈਕਟ ਦਾ ਹਿੱਸਾ ਹੋਣ ਕਾਰਨ ਵਿਰਾਸਤੀ ਧਰੋਹਰ ਦਾ ਹਿੱਸਾ ਮੰਨਦੇ ਹੋਏ, ਨਹੀਂ ਛੇੜੀ ਗਈ ਸੀ।
ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਝੀਲ ਵਿੱਚ ਵੱਡੀ ਮਾਤਰਾ ‘ਚ ਪਾਣੀ ਇਕੱਠਾ ਹੋ ਜਾਣ ਕਾਰਨ, ਇਸ ਦਿਵਾਰ ‘ਤੇ ਪਾਣੀ ਦਾ ਦਬਾਅ ਪੈਣ ਕਾਰਨ ਇਸ ਨੂੰ ਨੁਕਸਾਨ ਪੁੱਜਣਾ ਇੱਕ ਕਾਰਨ ਹੋ ਸਕਦਾ ਹੈ। ਐਸ.ਐਲ. ਗਰਗ ਨੇ ਦੱਸਿਆ ਕਿ ਇਸ ਨੁਕਸਾਨੀ ਗਈ ਦਿਵਾਰ ਨੂੰ ਮੁੜ ਤੋਂ ਪਹਿਲਾਂ ਵਾਲਾ ਰੂਪ ਦੇਣ ਲਈ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਇਸ ਵਿਰਾਸਤੀ ਧਰੋਹਰ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਥੇ ਇਹ ਜ਼ਿਕਰਯੋਗ ਹੈ ਕਿ ਰਾਜਿੰਦਰਾ ਟੈਂਕ 1885 ‘ਚ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਮਹਾਰਾਜਾ ਰਾਜਿੰਦਰ ਸਿੰਘ ਦੀ ਯਾਦ ਵਿੱਚ ਬਣਵਾਇਆ ਗਿਆ ਸੀ। ਉਸ ਸਮੇਂ ਇਸ ਨੂੰ ਬਣਾਉਣ ਦਾ ਉਦੇਸ਼ ਮੀਂਹ ਦੇ ਪਾਣੀ ਨੂੰ ਇੱਥੇ ਇਕੱਠਾ ਕਰਕੇ ਪਟਿਆਲਾ ਸ਼ਹਿਰ ਨੂੰ ਹੜ੍ਹ ਤੋਂ ਬਚਾਉਣਾ ਸੀ। ਬਾਅਦ ਵਿੱਚ ਇਸ ਝੀਲ ਦੀ ਖਰਾਬ ਹਾਲਤ ਨੂੰ ਦੇਖਦਿਆਂ ਲੋਕ ਨਿਰਮਾਣ ਵਿਭਾਗ ਵੱਲੋਂ ਇਸਦੇ ਨਵੀਨੀਕਰਨ ਦਾ ਪ੍ਰਾਜੈਕਟ ਆਪਣੇ ਹੱਥ ਲਿਆ ਗਿਆ ਸੀ, ਜਿਸ ਦੌਰਾਨ ਬਾਹਰਲੀ ਚਾਰਦਿਵਾਰੀ ਅਤੇ ਹੋਰ ਪੁਨਰਸੁਰਜੀਤੀ ਦੇ ਕੰਮ ਕਰਵਾਏ ਗਏ ਸਨ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਦੇ ਸਮਾਰਕ ਦਾ ਵੀ ਸੁੰਦਰੀਕਰਨ ਕੀਤਾ ਗਿਆ ਸੀ।