ਦਿੱਲੀ ਤੋਂ ਬਜ਼ੁਰਗ ਪਰਿਵਾਰ ਨੂੰ ਕਿਹਾ, ਪੰਜ ਲੱਖ ਦਿਉ, ਥੋੜੇ ਦਿਨਾਂ ਵਿੱਚ ਕਰਵਾ ਦਿਉਂ ਦੁੱਗਣੇ,,,
ਹਰਿੰਦਰ ਨਿੱਕਾ , ਬਰਨਾਲਾ 5 ਅਗਸਤ 2021
ਪੰਜਾਬ ਦੇ ਜ਼ਾਹਿਰ ਕਰਦਾ ਇੱਕ ਸੀਨੀਅਰ ਕਾਂਗਰਸੀ ਲੀਡਰ ਦਾ ਪੁੱਤਰ ਸੁਖਦੇਵ ਰਾਮ ਭੁਟਾਰਾ ਉਰਫ ਸੁੱਖਾ ਮਸ਼ਹੂਰ ਠੱਗ ਨਟਵਰ ਲਾਲ ਤੋਂ ਘੱਟ ਨਹੀਂ। ਜਿਸ ਨੇ ਇੱਕ ਨਹੀਂ, ਆਪਣੇ ਸੰਪਰਕ ਵਿੱਚ ਆਏ ਹਰ ਇੱਕ ਵਿਅਕਤੀ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ਠੱਗਣ ਲਈ ਆਪਣਾ ਸ਼ਿਕਾਰ ਬਣਾਇਆ ਹੈ। ਸੁਖਦੇਵ ਭੁਟਾਰਾ ਦੇ ਖਿਲਾਫ ਚੋਰੀ/ ਠੱਗੀ/ਅਮਾਨਤ ‘ਚ ਖਿਆਨਤ/ਨੌਸਰਬਾਜੀ/ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗਣ ਦੇ ਕੇਸ ਦਰਜ਼ ਹਨ। ਬਰਨਾਲਾ ਟੂਡੇ ਵੱਲੋਂ ਸੁਖਦੇਵ ਭੁਟਾਰਾ ਦੇ ਗਿਰਫਤਾਰ ਕਰਨ ਦੀ ਖਬਰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਪੰਜਾਬ ਹੀ ਨਹੀਂ ਦਿੱਲੀ ਤੱਕ ਦੇ ਉਹ ਪੀੜਤ ਲੋਕਾਂ ਦੇ ਫੋਨ ਆ ਰਹੇ ਹਨ, ਜਿੰਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸੁਖਦੇਵ ਭੁਟਾਰਾ ਨੇ ਠੱਗੀ ਦੇ ਬੁਣੇ ਆਪਣੇ ਜਾਲ ਵਿੱਚ ਫਸਾਇਆ ਹੈ। ਇੱਨਾਂ ਠੱਗੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੁਖਦੇਵ ਰਾਮ , ਠੱਗ ਨਟਵਰ ਲਾਲ ਤੋਂ ਦੋ ਚੰਦੇ ਘੱਟ ਨਹੀਂ, ਬਲਕਿ ਉੱਪਰ ਹੀ ਹੈ। ਸੁਖਦੇਵ ਰਾਮ ਦੀਆਂ ਠੱਗੀਆਂ ਦਾ ਖੁਲਾਸਾ ਬਰਨਾਲਾ ਟੂਡੇ ਵੱਲੋਂ ਲਗਾਤਾਰ ਕੀਤਾ ਜਾਵੇਗਾ। ਸੁਖਦੇਵ ਰਾਮ ਦੀ ਠੱਗੀ ਦੇ ਝੱਸੇ ਕੁੱਝ ਲੋਕਾਂ ਨੇ ਤਾਂ ਇੱਥੋਂ ਤੱਕ ਦੋਸ਼ ਲਾਇਆ ਹੈ ਕਿ ਸੁਖਦੇਵ ਭੁਟਾਰਾ, ਇਲਾਕੇ ਦੇ ਇੱਕ ਵੱਡੇ ਕਾਂਗਰਸੀ ਆਗੂ ਦਾ ਖੁਦ ਨੂੰ ਥਾਪੜਾ ਹੋਣ ਦਾ ਭੈਅ ਦਿਖਾ ਕੇ ਪੀੜਤ ਲੋਕਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦੇਣ ਦੀਆਂ ਧਮਕੀਆਂ ਵੀ ਦੇ ਰਿਹਾ ਹੈ।
ਸੁਖਦੇਵ ਰਾਮ ਦਾ ਕਿੱਸੇ-1
ਦਿੱਲੀ ਦੀ ਰਹਿਣ ਵਾਲੀ ਮਾਨਸੀ ਸੇਠੀ ਨੇ ਫੋਨ ਕਰਕੇ ਦੱਸਿਆ ਕਿ ਸੁਖਦੇਵ ਰਾਮ ਭੁਟਾਰਾ , ਉਨਾਂ ਦੇ ਬਜੁਰਗ ਪਿਤਾ ਨੂੰ ਕਰੀਬ ਡੇਢ ਮਹੀਨਾ ਪਹਿਲਾਂ ਮਿਲਿਆ ਤੇ ਉਸਨੇ ਕਿਹਾ ਕਿ ਉਸ ਨੂੰ ਯਾਨੀ ਸੁਖਦੇਵ ਰਾਮ ਨੂੰ ਪੰਜ ਲੱਖ ਰੁਪਏ ਦਿਉ, ਜਿਹੜੇ ਉਹ ਕੁੱਝ ਹੀ ਦਿਨਾਂ ਬਾਅਦ ਦੁੱਗਣੇ ਕਰ ਦੇਵੇਗਾ। ਮਾਨਸੀ ਨੇ ਕਿਹਾ ਕਿ ਮੇਰੇ ਪਿਤਾ ਨੇ ਸੁਖਦੇਵ ਰਾਮ ਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ 5 ਲੱਖ ਰੁਪਏ ਨਗਦ ਕੈਸ਼ ਦੇ ਦਿੱਤੇ। ਪਰੰਤੂ ਸੁਖਦੇਵ ਰਾਮ ਰੁਪੱਈਏ ਲੈ ਕੇ ਹਰ ਦਿਨ ਲਾਰਾ ਲੱਪਾ ਲਾਉਣ ਲੱਗ ਪਿਆ। ਆਖਿਰ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਮਾਨਸੀ ਨੇ ਕਿਹਾ ਕਿ 5 ਲੱਖ ਰੁਪਏ ਦੀ ਠੱਗੀ ਵੱਜਣ ਕਾਰਣ ਮੇਰੇ ਬਜੁਰਗ ਪਿਤਾ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਹਨ। ਮਾਨਸੀ ਨੇ ਕਿਹਾ ਕਿ ਉਨਾਂ ਦੇ ਬਜੁਰਗ ਮਾਤਾ-ਪਿਤਾ ਨਾਲ ਸੁਖਦੇਵ ਰਾਮ ਭੁਟਾਰਾ ਨੇ ਰੁਪੱਈਏ ਦੁੱਗਣੇ ਕਰਨ ਦੇ ਨਾਂ ਤੇ 5 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਨਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਵੀ ਇਨਸਾਫ ਬਖਸ਼ਿਆ ਜਾਵੇ।